ਡਾਲਰ ਅੱਗੇ ਨਹੀਂ ਝੁਕੇਗਾ ਰੁਪਇਆ! RBI ਨੇ ਚਲਾਇਆ 'ਬ੍ਰਹਮਾਸਤਰ', ਡਿੱਗਦੀ ਕਰੰਸੀ ਨੂੰ ਸੰਭਾਲਣ ਲਈ ਲਿਆ ਵੱਡਾ ਫੈਸਲਾ ਭਾਰਤੀ ਰਿਜ਼ਰਵ ਬੈਂਕ (RBI) ਨੇ ਡਾਲਰ ਦੇ ਮੁਕਾਬਲੇ ਰੁਪਏ ਨੂੰ ਮਜ਼ਬੂਤੀ ਦੇਣ ਤੇ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਸਥਿਰਤਾ ਬਣਾਈ ਰੱਖਣ ਲਈ ਕਈ ਸਖ਼ਤ ਕਦਮ ਚੁੱਕੇ ਹਨ। ਇਨ੍ਹਾਂ ’ਚ ਵਿਦੇਸ਼ੀ ਮੁਦਰਾ ਡੈਰੀਵੇਟਿਵ ਸੌਦਿਆਂ ਦੇ ਨਿਯਮਾਂ ’ਚ ਬਦਲਾਅ ਤੇ ਤੇਲ ਕੰਪਨੀਆਂ ਦੀਆਂ ਡਾਲਰ ਸਬੰਧੀ ਲੋੜਾਂ ਨੂੰ ਸਿੱਧੇ ਤੌਰ ’ਤੇ ਪੂਰਾ ਕਰਨਾ ਸ਼ਾਮਲ ਹੈ।
Publish Date: Sat, 10 Oct 2026 01:06 PM (IST)
Updated Date: Sat, 10 Oct 2026 01:09 PM (IST)
ਬਿਜ਼ਨਸ ਡੈਸਕ, ਨਵੀਂ ਦਿੱਲੀ। ਕਮਜ਼ੋਰ ਹੋ ਰਹੇ ਰੁਪਏ ਨੂੰ ਸਹਾਰਾ ਦੇਣ ਲਈ ਭਾਰਤੀ ਰਿਜ਼ਰਵ ਬੈਂਕ (RBI) ਨੇ ਕਰੰਸੀ ਬਾਜ਼ਾਰ ’ਚ ਸਥਿਰਤਾ ਬਣਾਈ ਰੱਖਣ ਵਾਸਤੇ ਸਖ਼ਤ ਕਦਮ ਚੁੱਕੇ ਹਨ। ਕੇਂਦਰੀ ਬੈਂਕ ਨੇ ਰੁਪਏ ਨਾਲ ਜੁੜੇ ਵਿਦੇਸ਼ੀ ਮੁਦਰਾ ਡੈਰੀਵੇਟਿਵ ਸੌਦਿਆਂ ਦੇ ਨਿਯਮਾਂ ’ਚ ਬਦਲਾਅ ਕੀਤਾ ਹੈ। ਸਪਾਟ ਮਾਰਕੀਟ ’ਤੇ ਦਬਾਅ ਘਟਾਉਣ ਲਈ ਕੇਂਦਰੀ ਬੈਂਕ ਨੇ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਦੀ ਰੋਜ਼ਾਨਾ ਡਾਲਰ ਦੀ ਲੋੜ ਪੂਰੀ ਕਰਨ ਲਈ ਇੱਕ ਵਿਸ਼ੇਸ਼ ਵਿੰਡੋ ਖੋਲ੍ਹਣ ਦਾ ਵੀ ਫੈਸਲਾ ਕੀਤਾ ਹੈ।
ਫਿਲਹਾਲ ਡਾਲਰ ਦੇ ਮੁਕਾਬਲੇ ਰੁਪਇਆ 96.78 ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਹੈ। ਮਈ ’ਚ ਇਹ ਡਿੱਗ ਕੇ 96.95 ਦੇ ਰਿਕਾਰਡ ਹੇਠਲੇ ਪੱਧਰ ਤੱਕ ਪਹੁੰਚ ਗਿਆ ਸੀ। ਅਜਿਹੇ ’ਚ RBI ਦੇ ਨਵੇਂ ਕਦਮਾਂ ਨੂੰ ਰੁਪਏ ਦੀ ਗਿਰਾਵਟ ਰੋਕਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
RBI ਨੇ ਚਲਾਇਆ 'ਬ੍ਰਹਮਾਸਤਰ' ਭਾਰਤੀ ਰਿਜ਼ਰਵ ਬੈਂਕ ਨੇ ਵਿਦੇਸ਼ੀ ਮੁਦਰਾ ਨਾਲ ਜੁੜੇ ਕੁਝ ਸੌਦਿਆਂ ਨੂੰ ਮੁੜ ਬੁੱਕ ਕਰਨ ’ਤੇ ਰੋਕ ਲਗਾ ਦਿੱਤੀ ਹੈ। ਨਵੇਂ ਨਿਰਦੇਸ਼ਾਂ ਮੁਤਾਬਕ, ਰੱਦ ਕੀਤੇ ਗਏ ਰੁਪਏ ਨਾਲ ਸਬੰਧਤ ਫਾਰੇਕਸ ਡੈਰੀਵੇਟਿਵ ਕੰਟਰੈਕਟ ਨੂੰ ਅਧਿਕਾਰਤ ਡੀਲਰ ਰਾਹੀਂ ਮੁੜ ਬੁੱਕ ਨਹੀਂ ਕੀਤਾ ਜਾ ਸਕੇਗਾ। ਹਾਲਾਂਕਿ, ਕੰਟਰੈਕਟ ਦੀ ਮਿਆਦ ਪੂਰੀ ਹੋਣ ’ਤੇ ਉਸ ਨੂੰ ਅੱਗੇ ਵਧਾਉਣ, ਯਾਨੀ ਰੋਲਓਵਰ ਕਰਨ ਦੀ ਇਜਾਜ਼ਤ ਮੌਜੂਦਾ ਨਿਯਮਾਂ ਤਹਿਤ ਜਾਰੀ ਰਹੇਗੀ।
RBI ਨੇ ਅਸਲ ਕਾਰੋਬਾਰੀ ਲੋੜ ਜਾਂ ਅੰਡਰਲਾਇੰਗ ਜੋਖਮ ਦਾ ਸਬੂਤ ਦਿੱਤੇ ਬਿਨਾਂ ਵਿਦੇਸ਼ੀ ਮੁਦਰਾ ਡੈਰੀਵੇਟਿਵ ਸੌਦੇ ਕਰਨ ਦੀ ਸੀਮਾ ਵੀ ਘਟਾ ਦਿੱਤੀ ਹੈ। ਪਹਿਲਾਂ ਇਹ ਸੀਮਾ 100 ਮਿਲੀਅਨ ਡਾਲਰ ਦੇ ਬਰਾਬਰ ਸੀ, ਜਿਸ ਨੂੰ ਹੁਣ ਘਟਾ ਕੇ 5 ਮਿਲੀਅਨ ਡਾਲਰ ਕਰ ਦਿੱਤਾ ਗਿਆ ਹੈ।
ਇਹ ਬਦਲਾਅ ਐਕਸਚੇਂਜ ’ਤੇ ਹੋਣ ਵਾਲੇ ਰੁਪਏ ਨਾਲ ਜੁੜੇ ਕਰੰਸੀ ਡੈਰੀਵੇਟਿਵ ਸੌਦਿਆਂ ’ਤੇ ਵੀ ਲਾਗੂ ਹੋਵੇਗਾ। ਇਸ ਨਾਲ ਅਸਲ ਜੋਖਮ ਤੋਂ ਬਿਨਾਂ ਵੱਡੇ ਸੌਦੇ ਕਰਨ ਦੀ ਗੁੰਜਾਇਸ਼ ਸੀਮਤ ਹੋ ਜਾਵੇਗੀ। ਕੇਂਦਰੀ ਬੈਂਕ ਨੇ 2 ਮਿਲੀਅਨ ਡਾਲਰ ਤੋਂ ਵੱਧ ਦੇ ਰੁਪਏ ਨਾਲ ਸਬੰਧਤ ਕੁਝ ਵਿਦੇਸ਼ੀ ਮੁਦਰਾ ਡੈਰੀਵੇਟਿਵ ਸੌਦਿਆਂ ਲਈ ਫਾਰੇਨ ਐਕਸਚੇਂਜ ਰਿਸਕ ਰਿਜ਼ਰਵ (FERR) ਦੀ ਵਿਵਸਥਾ ਵੀ ਸ਼ੁਰੂ ਕੀਤੀ ਹੈ।
ਇਸ ਤਹਿਤ ਯੋਗ ਸੌਦਿਆਂ ਲਈ ਅਧਿਕਾਰਤ ਡੀਲਰਾਂ ਨੂੰ ਸਬੰਧਤ ਸੌਦੇ ਦੀ ਰੁਪਏ ’ਚ ਗਿਣੀ ਗਈ ਕੁੱਲ ਰਕਮ ਦਾ 20 ਫ਼ੀਸਦੀ ਹਿੱਸਾ RBI ਕੋਲ ਨਕਦ ਰਿਜ਼ਰਵ ਵਜੋਂ ਰੱਖਣਾ ਹੋਵੇਗਾ। ਇਹ ਨਿਯਮ ਚਾਲੂ ਖਾਤੇ ਨਾਲ ਜੁੜੇ ਉਨ੍ਹਾਂ ਵਿਦੇਸ਼ੀ ਮੁਦਰਾ ਜੋਖਮਾਂ ਦੀ ਹੈਜਿੰਗ ’ਤੇ ਲਾਗੂ ਹੋਵੇਗਾ, ਜਿਨ੍ਹਾਂ ’ਚ ਗਾਹਕ ਰੁਪਏ ਦੇ ਕੇ ਵਿਦੇਸ਼ੀ ਮੁਦਰਾ ਖਰੀਦਦਾ ਹੈ। ਇਸ ਤੋਂ ਇਲਾਵਾ, ਬੈਂਕਾਂ ਤੇ ਅਧਿਕਾਰਤ ਡੀਲਰਾਂ ਨੂੰ ਗਾਹਕਾਂ ਤੋਂ ਲਿਖਤੀ ਪੁਸ਼ਟੀ ਵੀ ਲੈਣੀ ਪਵੇਗੀ ਕਿ ਇੱਕੋ ਕਾਰੋਬਾਰੀ ਜੋਖਮ ਦੀ ਹੈਜਿੰਗ ਕਿਸੇ ਹੋਰ ਅਧਿਕਾਰਤ ਡੀਲਰ ਰਾਹੀਂ ਨਹੀਂ ਕੀਤੀ ਗਈ ਹੈ।
ਸਰਕਾਰੀ ਤੇਲ ਕੰਪਨੀਆਂ ਦੀ ਡਾਲਰ ਦੀ ਲੋੜ ਵੀ ਪੂਰੀ ਕਰੇਗਾ RBI RBI ਨੇ 12 ਅਕਤੂਬਰ ਤੋਂ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਦੀ ਰੋਜ਼ਾਨਾ ਦੀ ਪੂਰੀ ਵਿਦੇਸ਼ੀ ਮੁਦਰਾ ਲੋੜ ਸਿੱਧੇ ਤੌਰ ’ਤੇ ਪੂਰੀ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਇਨ੍ਹਾਂ ਕੰਪਨੀਆਂ ਨੂੰ ਡਾਲਰ ਖਰੀਦਣ ਲਈ ਖੁੱਲ੍ਹੇ ਵਿਦੇਸ਼ੀ ਮੁਦਰਾ ਬਾਜ਼ਾਰ ’ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਤੇਲ ਦੀ ਦਰਾਮਦ ਕਰਨ ਵਾਲੀਆਂ ਇਨ੍ਹਾਂ ਕੰਪਨੀਆਂ ਦੀ ਡਾਲਰ ਦੀ ਮੰਗ ਬਾਜ਼ਾਰ ਤੋਂ ਹਟਣ ਨਾਲ ਰੁਪਏ ’ਤੇ ਪੈਣ ਵਾਲੇ ਦਬਾਅ ਨੂੰ ਘਟਾਉਣ ’ਚ ਮਦਦ ਮਿਲ ਸਕਦੀ ਹੈ।