- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਦੇ 5 ਫ਼ੀਸਦੀ ਟੁੱਟੇ ਹੋਏ ਪਾਰਬਾਇਲਡ ਚੌਲਾਂ ਦੀ ਕੀਮਤ ਇਸ ਹਫ਼ਤੇ 371-377 ਡਾਲਰ ਪ੍ਰਤੀ ਟਨ ਰਹੀ, ਜੋ ਪਿਛਲੇ ਹਫ਼ਤੇ 369-375 ਡਾਲਰ ਪ੍ਰਤੀ ਟਨ ਸੀ। 5 ਫ਼ੀਸਦੀ ਟੁੱਟੇ ਹੋਏ ਸਫ਼ੈਦ ਚੌਲਾਂ ਦੀ ਨਿਰਯਾਤ ਕੀਮਤ 368-373 ਡਾਲਰ ਪ੍ਰਤੀ ਟਨ ਰਹੀ।

ਬਿਜ਼ਨਸ ਡੈਸਕ, ਨਵੀਂ ਦਿੱਲੀ : ਭਾਰਤ ਦੇ ਘਰੇਲੂ ਬਾਜ਼ਾਰਾਂ ’ਚ ਇਨ੍ਹੀਂ ਦਿਨੀਂ ਰਸੋਈ ਦੀਆਂ ਮੁੱਖ ਵਸਤੂਆਂ ਦੀਆਂ ਕੀਮਤਾਂ ਤੇਜ਼ੀ ਨਾਲ ਵਧੀਆਂ ਹਨ। ਅਗਸਤ ਮਹੀਨੇ ’ਚ ਪਿਆਜ਼ ਤੇ ਚੀਨੀ ਦੀਆਂ ਵਧਦੀਆਂ ਕੀਮਤਾਂ ਨੇ ਆਮ ਖਪਤਕਾਰਾਂ ’ਤੇ ਦਬਾਅ ਵਧਾਇਆ ਹੈ, ਜੋ ਖੁਦਰਾ ਬਾਜ਼ਾਰਾਂ ’ਚ ਅਜੇ ਵੀ ਜਾਰੀ ਹੈ। ਘਰੇਲੂ ਬਾਜ਼ਾਰ ਤੋਂ ਬਾਅਦ ਹੁਣ ਗਲੋਬਲ ਮਾਰਕੀਟ ’ਚ ਵੀ ਮਹਿੰਗਾਈ ਦਾ ਅਸਰ ਦਿਖਾਈ ਦੇ ਰਿਹਾ ਹੈ। ਇਸ ਸਾਲ ਆਮ ਨਾਲੋਂ ਘੱਟ ਮੀਂਹ ਕਾਰਨ ਗਰਮੀ ਦੇ ਮੌਸਮ ’ਚ ਬੀਜੀ ਜਾਣ ਵਾਲੀ ਫ਼ਸਲ ਦੇ ਉਤਪਾਦਨ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਤੇ ਸਪਲਾਈ ’ਚ ਕਮੀ ਦੇ ਚੱਲਦਿਆਂ ਇਸ ਹਫ਼ਤੇ ਭਾਰਤ ’ਚ ਚੌਲਾਂ ਦੀਆਂ ਨਿਰਯਾਤ ਕੀਮਤਾਂ ’ਚ ਤੇਜ਼ੀ ਜਾਰੀ ਰਹੀ ਤੇ ਇਹ ਇੱਕ ਸਾਲ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈਆਂ। ਕੋਲਕਾਤਾ ਦੇ ਇੱਕ ਗਲੋਬਲ ਟ੍ਰੇਡਿੰਗ ਹਾਊਸ ਨਾਲ ਜੁੜੇ ਡੀਲਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੀਂਹ ਦੀ ਕਮੀ ਵਧਣ ਨਾਲ ਫ਼ਸਲ ਦੇ ਉਤਪਾਦਨ ਦੇ ਅਨੁਮਾਨ ਘਟਾਏ ਜਾ ਰਹੇ ਹਨ, ਜਿਸ ਕਾਰਨ ਕੀਮਤਾਂ ’ਚ ਵਾਧਾ ਹੋ ਰਿਹਾ ਹੈ। ਮੌਸਮ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ ਅਗਸਤ ’ਚ ਮੀਂਹ ਆਮ ਨਾਲੋਂ 16 ਫ਼ੀਸਦੀ ਘੱਟ ਰਿਹਾ ਤੇ ਸਤੰਬਰ ’ਚ ਵੀ ਦੇਸ਼ ’ਚ ਆਮ ਨਾਲੋਂ ਘੱਟ ਮਾਨਸੂਨੀ ਮੀਂਹ ਪੈਣ ਦੀ ਸੰਭਾਵਨਾ ਹੈ।
ਭਾਰਤੀ ਚੌਲਾਂ ਦੀ ਕੀਮਤ ਕਿੰਨੀ ਹੈ?
ਭਾਰਤ ਦੇ 5 ਫ਼ੀਸਦੀ ਟੁੱਟੇ ਹੋਏ ਪਾਰਬਾਇਲਡ ਚੌਲਾਂ ਦੀ ਕੀਮਤ ਇਸ ਹਫ਼ਤੇ 371-377 ਡਾਲਰ ਪ੍ਰਤੀ ਟਨ ਰਹੀ, ਜੋ ਪਿਛਲੇ ਹਫ਼ਤੇ 369-375 ਡਾਲਰ ਪ੍ਰਤੀ ਟਨ ਸੀ। ਉੱਥੇ ਹੀ 5 ਫ਼ੀਸਦੀ ਟੁੱਟੇ ਹੋਏ ਸਫ਼ੈਦ ਚੌਲਾਂ ਦੀ ਨਿਰਯਾਤ ਕੀਮਤ 368-373 ਡਾਲਰ ਪ੍ਰਤੀ ਟਨ ਰਹੀ। ਦੂਜੇ ਪਾਸੇ, ਵੀਅਤਨਾਮ ਦੇ 5 ਫ਼ੀਸਦੀ ਟੁੱਟੇ ਹੋਏ ਚੌਲਾਂ ਦੀ ਕੀਮਤ ਵੀਰਵਾਰ ਨੂੰ 440-445 ਡਾਲਰ ਪ੍ਰਤੀ ਟਨ ਰਹੀ, ਜੋ ਪਿਛਲੇ ਹਫ਼ਤੇ ਦੇ ਬਰਾਬਰ ਹੀ ਹੈ। ਮੀਡੀਆ ਰਿਪੋਰਟ ਮੁਤਾਬਕ ਹੋ ਚੀ ਮਿੰਹ ਸਿਟੀ ਦੇ ਇੱਕ ਵਪਾਰੀ ਨੇ ਕਿਹਾ ਕਿ ਘਰੇਲੂ ਸਪਲਾਈ ਘਟ ਰਹੀ ਹੈ ਕਿਉਂਕਿ ਗਰਮੀ-ਪਤਝੜ ਵਾਲੀ ਫ਼ਸਲ ਦੀ ਕਟਾਈ ਇੱਕ ਹਫ਼ਤੇ ’ਚ ਖ਼ਤਮ ਹੋ ਜਾਵੇਗੀ, ਪਰ ਮੰਗ ਵੀ ਘੱਟ ਰਹੀ ਹੈ। ਵਪਾਰੀ ਨੇ ਅੱਗੇ ਦੱਸਿਆ ਕਿ ਫਿਲੀਪੀਨਜ਼ ਆਪਣੇ ਚੌਲਾਂ ਦੀ ਦਰਾਮਦ ਵਧਾ ਰਿਹਾ ਹੈ, ਪਰ ਉਹ ਵੀਅਤਨਾਮ ਦੀ ਬਜਾਏ ਹੋਰ ਸਪਲਾਇਰਾਂ ਤੋਂ ਖਰੀਦਦਾਰੀ ਕਰ ਰਿਹਾ ਹੈ।
ਬੰਗਲਾਦੇਸ਼ ਨੇ ਚੌਲਾਂ ਨੂੰ ਲੈ ਕੇ ਕੀਤੀ ਸਖ਼ਤੀ
ਵੀਅਤਨਾਮ ਫੂਡ ਐਸੋਸੀਏਸ਼ਨ ਦੇ ਹਵਾਲੇ ਨਾਲ ਸਰਕਾਰੀ ਮੀਡੀਆ ਨੇ ਦੱਸਿਆ ਕਿ ਇਸ ਸਾਲ ਵੀਅਤਨਾਮ ਦਾ ਚੌਲ ਨਿਰਯਾਤ 77.4 ਲੱਖ ਟਨ ਰਹਿਣ ਦਾ ਅਨੁਮਾਨ ਹੈ। ਦੂਜੇ ਪਾਸੇ, ਬੰਗਲਾਦੇਸ਼ ਨੇ ਘਰੇਲੂ ਕੀਮਤਾਂ ’ਚ ਤੇਜ਼ੀ ਤੇ ਅੱਗੇ ਹੋਰ ਵਾਧੇ ਦੇ ਖ਼ਤਰੇ ਨੂੰ ਦੇਖਦੇ ਹੋਏ ਵਪਾਰੀਆਂ ਲਈ ਪਹਿਲਾਂ ਮਨਜ਼ੂਰ ਕੀਤੇ ਸੁਗੰਧਿਤ ਚੌਲਾਂ ਦੇ ਨਿਰਯਾਤ ਕੋਟੇ ਨੂੰ ਅੱਧਾ ਕਰ ਦਿੱਤਾ ਹੈ। ਸਰਕਾਰ ਨੇ ਪਹਿਲਾਂ 45,270 ਟਨ ਸੁਗੰਧਿਤ ਚੌਲਾਂ ਦੇ ਨਿਰਯਾਤ ਨੂੰ ਮਨਜ਼ੂਰੀ ਦਿੱਤੀ ਸੀ, ਪਰ 30 ਅਗਸਤ ਤੱਕ ਸਿਰਫ਼ 2,419 ਟਨ ਦਾ ਹੀ ਨਿਰਯਾਤ ਹੋ ਸਕਿਆ ਸੀ। ਸੋਧੇ ਹੋਏ ਨਿਯਮਾਂ ਤਹਿਤ ਘੱਟੋ-ਘੱਟ ਨਿਰਯਾਤ ਕੀਮਤ 1.60 ਡਾਲਰ ਪ੍ਰਤੀ ਕਿਲੋਗ੍ਰਾਮ ਤੈਅ ਕੀਤੀ ਗਈ ਹੈ। ਇਸ ਦੇ ਨਾਲ ਹੀ ਸੀਮਾ ਸ਼ੁਲਕ ਗੁਣਵੱਤਾ ਜਾਂਚ ਤੇ ਨਿਰਯਾਤ ਤੋਂ ਹੋਣ ਵਾਲੀ ਆਮਦਨ ਨੂੰ ਦੇਸ਼ ’ਚ ਵਾਪਸ ਲਿਆਉਣਾ ਵੀ ਲਾਜ਼ਮੀ ਕੀਤਾ ਗਿਆ ਹੈ।
ਇਸ ਦਰਮਿਆਨ ਭਾਰਤ ਤੇ ਵੀਅਤਨਾਮ ਤੋਂ ਇਲਾਵਾ ਪ੍ਰਮੁੱਖ ਚੌਲ ਉਤਪਾਦਕ ਤੇ ਨਿਰਯਾਤਕ ਦੇਸ਼ ਥਾਈਲੈਂਡ ਨੇ ਵੀ ਕੀਮਤਾਂ ਵਧਾਈਆਂ ਹਨ। ਥਾਈਲੈਂਡ ਦੇ 5 ਫ਼ੀਸਦੀ ਟੁੱਟੇ ਹੋਏ ਚੌਲਾਂ ਦੀ ਕੀਮਤ ਪਿਛਲੇ ਹਫ਼ਤੇ ਦੇ 483-485 ਡਾਲਰ ਪ੍ਰਤੀ ਟਨ ਤੋਂ ਵਧ ਕੇ 488 ਡਾਲਰ ਪ੍ਰਤੀ ਟਨ ਹੋ ਗਈ ਹੈ। ਬੈਂਕਾਕ ਸਥਿਤ ਇੱਕ ਵਪਾਰੀ ਨੇ ਕਿਹਾ, “ਕੀਮਤਾਂ ਇਸ ਲਈ ਵਧ ਰਹੀਆਂ ਹਨ ਕਿਉਂਕਿ ਬਾਜ਼ਾਰ ਨੂੰ ਉਮੀਦ ਹੈ ਕਿ ਉਤਪਾਦਨ ਲਗਾਤਾਰ ਘੱਟ ਬਣਿਆ ਰਹੇਗਾ।”