ਰੇਲਵੇ 40 ਸਾਲ ਪੁਰਾਣੀ ਵਿਵਸਥਾ ਕਰ ਸਕਦੈ ਖ਼ਤਮ, ਬੰਦ ਹੋ ਸਕਦੈ RAC ਟਿਕਟ ਸਿਸਟਮ ! ਪੂਰਾ ਕਿਰਾਇਆ ਦੇ ਕੇ ਅੱਧੀ ਬਰਥ ਲੈਣ ਦਾ ਨਿਯਮ ਬਦਲੇਗਾ?
RAC ਵਿਵਸਥਾ ਵਿੱਚ ਕਈ ਵਾਰ ਇੱਕ ਹੀ ਬਰਥ 'ਤੇ ਪੁਰਸ਼ ਅਤੇ ਮਹਿਲਾ ਯਾਤਰੀਆਂ ਨੂੰ ਜਗ੍ਹਾ ਮਿਲ ਜਾਂਦੀ ਹੈ। ਇਸ ਕਾਰਨ ਦੋਵਾਂ ਯਾਤਰੀਆਂ ਨੂੰ ਅਸਹਿਜ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੀ ਸਥਿਤੀ ਵਿੱਚ ਟ੍ਰੇਨ ਟਿਕਟ ਚੈਕਰ (TTE) ਦੇ ਸਾਹਮਣੇ ਵੀ ਮੁਸ਼ਕਲ ਖੜ੍ਹੀ ਹੋ ਜਾਂਦੀ ਹੈ। ਜੇਕਰ ਟ੍ਰੇਨ ਵਿੱਚ ਕੋਈ ਹੋਰ ਬਰਥ ਖਾਲੀ ਨਹੀਂ ਹੈ ਤਾਂ ਯਾਤਰੀਆਂ ਲਈ ਬਦਲਵੀਂ ਵਿਵਸਥਾ ਕਰਨਾ ਔਖਾ ਹੋ ਜਾਂਦਾ ਹੈ।
Publish Date: Sat, 14 Nov 2026 01:14 PM (IST)
Updated Date: Sat, 14 Nov 2026 01:19 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਟ੍ਰੇਨ ਰਾਹੀਂ ਸਫ਼ਰ ਕਰਨ ਵਾਲੇ ਕਰੋੜਾਂ ਯਾਤਰੀਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਰੇਲਵੇ RAC ਟਿਕਟ ਦੀ ਵਿਵਸਥਾ ਖ਼ਤਮ ਕਰ ਸਕਦਾ ਹੈ। ਰੇਲ ਮੰਤਰਾਲਾ ਦਹਾਕਿਆਂ ਪੁਰਾਣੀ ਇਸ ਵਿਵਸਥਾ ਦੀ ਸਮੀਖਿਆ ਕਰ ਰਿਹਾ ਹੈ।
ਇਸ ਵਿਵਸਥਾ ਤਹਿਤ ਦੋ ਯਾਤਰੀਆਂ ਨੂੰ ਇੱਕ ਹੀ ਸਾਈਡ ਲੋਅਰ ਬਰਥ ਸਾਂਝੀ ਕਰਨੀ ਪੈਂਦੀ ਹੈ, ਜਦਕਿ ਦੋਵਾਂ ਤੋਂ ਟਿਕਟ ਦੀ ਪੂਰੀ ਕੀਮਤ ਵਸੂਲੀ ਜਾਂਦੀ ਹੈ।
ਹੁਣ ਸਵਾਲ ਉੱਠ ਰਿਹਾ ਹੈ ਕਿ ਜਦੋਂ ਯਾਤਰੀ ਪੂਰਾ ਕਿਰਾਇਆ ਦੇ ਰਿਹਾ ਹੈ ਤਾਂ ਉਸ ਨੂੰ ਸੌਣ ਲਈ ਪੂਰੀ ਬਰਥ ਕਿਉਂ ਨਹੀਂ ਮਿਲਣੀ ਚਾਹੀਦੀ? ਇਸੇ ਅਸੁਵਿਧਾ ਅਤੇ ਕਿਰਾਏ ਦੀ ਵਿਵਸਥਾ ਨੂੰ ਦੇਖਦੇ ਹੋਏ ਰੇਲਵੇ RAC ਸਿਸਟਮ ਨੂੰ ਖ਼ਤਮ ਕਰਨ ਦੇ ਵਿਕਲਪ 'ਤੇ ਵਿਚਾਰ ਕਰ ਰਿਹਾ ਹੈ।
ਪੂਰਾ ਪੈਸਾ ਦੇਣ ਦੇ ਬਾਵਜੂਦ ਅੱਧੀ ਬਰਥ ਕਿਉਂ RAC ਯਾਨੀ ਰਿਜ਼ਰਵੇਸ਼ਨ ਅਗੇਂਸਟ ਕੈਂਸਲੇਸ਼ਨ ਰੇਲਵੇ ਦੀ ਅਜਿਹੀ ਵਿਵਸਥਾ ਹੈ, ਜਿਸ ਵਿੱਚ ਯਾਤਰੀ ਨੂੰ ਟ੍ਰੇਨ ਵਿੱਚ ਸਫ਼ਰ ਕਰਨ ਦੀ ਇਜਾਜ਼ਤ ਤਾਂ ਮਿਲ ਜਾਂਦੀ ਹੈ, ਪਰ ਸ਼ੁਰੂਆਤ ਵਿੱਚ ਉਸ ਨੂੰ ਪੂਰੀ ਬਰਥ ਨਹੀਂ ਮਿਲਦੀ।
ਆਮ ਤੌਰ 'ਤੇ ਦੋ RAC ਯਾਤਰੀਆਂ ਨੂੰ ਇੱਕ ਸਾਈਡ ਲੋਅਰ ਬਰਥ ਦਿੱਤੀ ਜਾਂਦੀ ਹੈ। ਦਿਨ ਵੇਲੇ ਇਸ ਬਰਥ ਦੀ ਵਰਤੋਂ ਬੈਠਣ ਲਈ ਕੀਤੀ ਜਾਂਦੀ ਹੈ, ਜਦਕਿ ਰਾਤ ਨੂੰ ਦੋਵਾਂ ਯਾਤਰੀਆਂ ਨੂੰ ਇਸੇ 'ਤੇ ਸੌਣਾ ਪੈਂਦਾ ਹੈ।
ਮਤਲਬ ਦੋਵੇਂ ਯਾਤਰੀ ਆਪਣੀ-ਆਪਣੀ ਟਿਕਟ ਦਾ ਪੂਰਾ ਕਿਰਾਇਆ ਦਿੰਦੇ ਹਨ, ਪਰ ਉਨ੍ਹਾਂ ਨੂੰ ਸੌਣ ਲਈ ਵੱਖ-ਵੱਖ ਜਗ੍ਹਾ ਨਹੀਂ ਮਿਲਦੀ।
ਰੇਲਵੇ ਦੇ ਇੱਕ ਅਧਿਕਾਰੀ ਨੇ 'ਟਾਈਮਜ਼ ਆਫ਼ ਇੰਡੀਆ' ਨੂੰ ਦੱਸਿਆ ਕਿ ਜਦੋਂ ਕਿਸੇ ਯਾਤਰੀ ਨੂੰ ਸੌਣ ਲਈ ਪੂਰੀ ਜਗ੍ਹਾ ਨਹੀਂ ਮਿਲ ਰਹੀ ਤਾਂ ਉਸ ਤੋਂ ਪੂਰਾ ਕਿਰਾਇਆ ਲੈਣਾ ਕਿੰਨਾ ਜਾਇਜ਼ ਹੈ, ਇਸ ਬਾਰੇ ਵਿਚਾਰ ਕਰਨ ਦੀ ਲੋੜ ਹੈ।
ਸੰਸਦੀ ਕਮੇਟੀ ਨੇ ਵੀ ਚੁੱਕੇ ਸਵਾਲ
RAC ਵਿਵਸਥਾ 'ਤੇ ਸਵਾਲ ਸਿਰਫ਼ ਯਾਤਰੀਆਂ ਨੇ ਹੀ ਨਹੀਂ ਚੁੱਕੇ, ਸਗੋਂ ਇੱਕ ਸੰਸਦੀ ਕਮੇਟੀ ਨੇ ਵੀ ਇਸ ਵਿਵਸਥਾ ਦੀ ਸਮੀਖਿਆ ਕਰਨ ਦੀ ਸਿਫ਼ਾਰਸ਼ ਕੀਤੀ ਹੈ।
ਕਮੇਟੀ ਦਾ ਕਹਿਣਾ ਹੈ ਕਿ ਜਦੋਂ RAC ਟਿਕਟ ਵਾਲੇ ਯਾਤਰੀ ਨੂੰ ਵੱਖਰੀ ਬਰਥ ਨਹੀਂ ਮਿਲਦੀ ਤਾਂ ਉਸ ਤੋਂ ਕਨਫ਼ਰਮ ਟਿਕਟ ਦੇ ਬਰਾਬਰ ਪੂਰਾ ਕਿਰਾਇਆ ਕਿਉਂ ਵਸੂਲਿਆ ਜਾਣਾ ਚਾਹੀਦਾ ਹੈ?
ਕਮੇਟੀ ਦੀ ਇਸ ਸਿਫ਼ਾਰਸ਼ ਤੋਂ ਬਾਅਦ ਰੇਲ ਮੰਤਰਾਲਾ ਮੌਜੂਦਾ ਵਿਵਸਥਾ ਵਿੱਚ ਬਦਲਾਅ ਦੀਆਂ ਸੰਭਾਵਨਾਵਾਂ 'ਤੇ ਵਿਚਾਰ ਕਰ ਰਿਹਾ ਹੈ। ਹਾਲਾਂਕਿ, RAC ਸਿਸਟਮ ਖ਼ਤਮ ਕਰਨ ਜਾਂ ਕਿਰਾਏ ਵਿੱਚ ਬਦਲਾਅ ਕਰਨ ਬਾਰੇ ਅਜੇ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ ਹੈ।
ਮਹਿਲਾ ਯਾਤਰੀਆਂ ਨੂੰ ਹੁੰਦੀ ਹੈ ਪਰੇਸ਼ਾਨੀ RAC ਵਿਵਸਥਾ ਵਿੱਚ ਕਈ ਵਾਰ ਇੱਕ ਹੀ ਬਰਥ 'ਤੇ ਪੁਰਸ਼ ਅਤੇ ਮਹਿਲਾ ਯਾਤਰੀਆਂ ਨੂੰ ਜਗ੍ਹਾ ਮਿਲ ਜਾਂਦੀ ਹੈ। ਇਸ ਕਾਰਨ ਦੋਵਾਂ ਯਾਤਰੀਆਂ ਨੂੰ ਅਸਹਿਜ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅਜਿਹੀ ਸਥਿਤੀ ਵਿੱਚ ਟ੍ਰੇਨ ਟਿਕਟ ਚੈਕਰ (TTE) ਦੇ ਸਾਹਮਣੇ ਵੀ ਮੁਸ਼ਕਲ ਖੜ੍ਹੀ ਹੋ ਜਾਂਦੀ ਹੈ। ਜੇਕਰ ਟ੍ਰੇਨ ਵਿੱਚ ਕੋਈ ਹੋਰ ਬਰਥ ਖਾਲੀ ਨਹੀਂ ਹੈ ਤਾਂ ਯਾਤਰੀਆਂ ਲਈ ਬਦਲਵੀਂ ਵਿਵਸਥਾ ਕਰਨਾ ਔਖਾ ਹੋ ਜਾਂਦਾ ਹੈ।
ਆਖ਼ਰ ਕਿਉਂ ਸ਼ੁਰੂ ਕੀਤੀ ਗਈ ਸੀ RAC ਵਿਵਸਥਾ RAC ਵਿਵਸਥਾ ਦੀ ਸ਼ੁਰੂਆਤ ਉਸ ਸਮੇਂ ਹੋਈ ਸੀ, ਜਦੋਂ ਰੇਲਵੇ ਵਿੱਚ ਟਿਕਟਾਂ ਦੀ ਬੁਕਿੰਗ ਹੱਥੀਂ ਕੀਤੀ ਜਾਂਦੀ ਸੀ। ਉਸ ਸਮੇਂ ਟਿਕਟਾਂ ਰੱਦ ਹੋਣ ਅਤੇ ਖਾਲੀ ਹੋਣ ਵਾਲੀਆਂ ਬਰਥਾਂ ਦਾ ਤੁਰੰਤ ਹਿਸਾਬ ਰੱਖਣਾ ਆਸਾਨ ਨਹੀਂ ਸੀ।
ਅਜਿਹੇ ਵਿੱਚ ਟਿਕਟ ਕੈਂਸਲ ਹੋਣ ਕਾਰਨ ਖਾਲੀ ਹੋਣ ਵਾਲੀਆਂ ਸੀਟਾਂ ਦੀ ਬਿਹਤਰ ਵਰਤੋਂ ਕਰਨ ਅਤੇ ਵੱਧ ਤੋਂ ਵੱਧ ਯਾਤਰੀਆਂ ਨੂੰ ਸਫ਼ਰ ਦਾ ਮੌਕਾ ਦੇਣ ਲਈ RAC ਵਿਵਸਥਾ ਸ਼ੁਰੂ ਕੀਤੀ ਗਈ ਸੀ।
ਸਾਲ 1986 ਵਿੱਚ ਰੇਲਵੇ ਨੇ ਕੰਪਿਊਟਰਾਈਜ਼ਡ ਰਿਜ਼ਰਵੇਸ਼ਨ ਸਿਸਟਮ ਦੀ ਸ਼ੁਰੂਆਤ ਕੀਤੀ। ਇਸ ਨਾਲ ਟਿਕਟਾਂ ਰੱਦ ਹੋਣ ਤੋਂ ਬਾਅਦ ਖਾਲੀ ਬਰਥਾਂ ਦੀ ਜਾਣਕਾਰੀ ਅਤੇ RAC ਯਾਤਰੀਆਂ ਨੂੰ ਕਨਫ਼ਰਮ ਬਰਥ ਦੇਣ ਦੀ ਪ੍ਰਕਿਰਿਆ ਆਸਾਨ ਹੋ ਗਈ। ਇਸ ਦੇ ਬਾਵਜੂਦ RAC ਵਿਵਸਥਾ ਜਾਰੀ ਰਹੀ।
ਕੀ RAC ਟਿਕਟ ਵਾਲੇ ਯਾਤਰੀਆਂ ਨੂੰ ਮਿਲੇਗੀ ਪੂਰੀ ਬਰਥ ਮੌਜੂਦਾ ਵਿਵਸਥਾ ਅਨੁਸਾਰ, ਜੇਕਰ ਕੋਈ ਕਨਫ਼ਰਮ ਟਿਕਟ ਵਾਲਾ ਯਾਤਰੀ ਆਪਣੀ ਟਿਕਟ ਕੈਂਸਲ ਕਰਵਾ ਦਿੰਦਾ ਹੈ ਤਾਂ RAC ਯਾਤਰੀ ਨੂੰ ਖਾਲੀ ਹੋਈ ਬਰਥ ਮਿਲ ਸਕਦੀ ਹੈ। ਹਾਲਾਂਕਿ, ਇਹ ਬਰਥ ਦੀ ਉਪਲਬਧਤਾ ਅਤੇ ਟਿਕਟਾਂ ਦੇ ਕੈਂਸਲ ਹੋਣ 'ਤੇ ਨਿਰਭਰ ਕਰਦਾ ਹੈ।
ਹੁਣ ਰੇਲਵੇ ਦੇ ਸਾਹਮਣੇ ਸਵਾਲ ਹੈ ਕਿ ਕੀ ਇਸ ਵਿਵਸਥਾ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇ ਜਾਂ ਇਸ ਵਿੱਚ ਕੋਈ ਬਦਲਾਅ ਕੀਤਾ ਜਾਵੇ।
ਫਿਲਹਾਲ ਮੰਤਰਾਲਾ ਇਸ ਪ੍ਰਸਤਾਵ ਦੀ ਜਾਂਚ ਕਰ ਰਿਹਾ ਹੈ। ਇਸ ਲਈ ਯਾਤਰੀਆਂ ਲਈ ਇਹ ਸਮਝਣਾ ਜ਼ਰੂਰੀ ਹੈ ਕਿ RAC ਟਿਕਟ ਵਿਵਸਥਾ ਅਜੇ ਖ਼ਤਮ ਨਹੀਂ ਹੋਈ ਹੈ ਅਤੇ ਨਾ ਹੀ ਇਸ ਸਬੰਧੀ ਕੋਈ ਅਧਿਕਾਰਤ ਅੰਤਿਮ ਐਲਾਨ ਕੀਤਾ ਗਿਆ ਹੈ।