10 ਰੁਪਏ ਤੱਕ ਮਹਿੰਗਾ ਹੋ ਸਕਦੈ ਪੈਟਰੋਲ-ਡੀਜ਼ਲ, CRISIL ਨੇ ਦਿੱਤੀ ਖ਼ਤਰੇ ਦੀ ਘੰਟੀ; ਦੁੱਧ ਤੋਂ ਲੈ ਕੇ ਕੱਪੜਿਆਂ ਤੱਕ ਸਭ ਕੁਝ ਹੋਵੇਗਾ ਮਹਿੰਗਾ
ਢੁਆਈ ਦੀ ਲਾਗਤ ਵਧਣ ਨਾਲ ਦੁੱਧ, ਫਲ, ਦਾਲਾਂ, ਚਾਹ-ਕੌਫੀ, ਮਸਾਲੇ, ਆਂਡੇ, ਮੀਟ ਅਤੇ ਮੱਛੀ ਵਰਗੇ ਖਾਧ ਪਦਾਰਥਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਆ ਸਕਦੀ ਹੈ ਕਿਉਂਕਿ ਇਹ ਵੱਡੇ ਪੱਧਰ 'ਤੇ ਟ੍ਰਾਂਸਪੋਰਟ ਨੈੱਟਵਰਕ 'ਤੇ ਨਿਰਭਰ ਕਰਦੇ ਹਨ। ਰਿਪੋਰਟ ਕਹਿੰਦੀ ਹੈ ਕਿ ਕੱਪੜਾ, ਕੰਜ਼ਿਊਮਰ ਇਲੈਕਟ੍ਰੋਨਿਕਸ, ਲੱਕੜ ਦੇ ਉਤਪਾਦ, ਸੀਮਿੰਟ ਅਤੇ ਸਿਰੇਮਿਕਸ ਵਰਗੇ ਖੇਤਰਾਂ ਵਿੱਚ ਵੀ ਲਾਗਤ ਵਧੇਗੀ। ਕੈਮੀਕਲ, ਕੋਲਾ ਅਤੇ ਧਾਤੂ ਖੇਤਰ ਵੀ ਮਹਿੰਗਾਈ ਦੀ ਲਪੇਟ ਵਿੱਚ ਆਉਣਗੇ
Publish Date: Tue, 02 Jun 2026 04:08 PM (IST)
Updated Date: Tue, 02 Jun 2026 04:47 PM (IST)
ਨਵੀਂ ਦਿੱਲੀ : ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਅਰਥਵਿਵਸਥਾ 'ਤੇ ਮਹਿੰਗਾਈ ਦਾ ਦਬਾਅ ਵਧਣ ਦਾ ਖ਼ਦਸ਼ਾ ਹੈ, ਜਿਸ ਨਾਲ ਆਉਣ ਵਾਲੇ ਮਹੀਨਿਆਂ ਵਿੱਚ ਟ੍ਰਾਂਸਪੋਰਟ ਅਤੇ ਮੈਨੂਫੈਕਚਰਿੰਗ ਦੀ ਲਾਗਤ ਵਧ ਸਕਦੀ ਹੈ ਅਤੇ ਆਮ ਵਰਤੋਂ ਦੀਆਂ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਹਨ। ਰੇਟਿੰਗ ਏਜੰਸੀ 'ਕ੍ਰਿਸਿਲ' ਨੇ ਮੰਗਲਵਾਰ ਨੂੰ ਜਾਰੀ ਕੀਤੀ ਰਿਪੋਰਟ ਵਿੱਚ ਇਹ ਅਨੁਮਾਨ ਲਗਾਇਆ ਹੈ। ਰਿਪੋਰਟ ਮੁਤਾਬਕ 15 ਮਈ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਰੀਬ 7.5 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਚੁੱਕਾ ਹੈ ਅਤੇ ਜੇਕਰ ਕੱਚੇ ਤੇਲ ਦੀਆਂ ਕੀਮਤਾਂ ਉੱਚੇ ਪੱਧਰ 'ਤੇ ਬਣੀਆਂ ਰਹਿੰਦੀਆਂ ਹਨ ਤਾਂ ਇਹ ਵਾਧਾ ਆਉਣ ਵਾਲੇ ਸਮੇਂ ਵਿੱਚ 10 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਸਕਦਾ ਹੈ।
ਕ੍ਰਿਸਿਲ ਨੇ ਕਿਹਾ, "ਇਸ ਦਾ ਅਸਰ ਪੂਰੀ ਅਰਥਵਿਵਸਥਾ ਵਿੱਚ ਮਾਲ-ਢੁਆਈ ਦੀ ਲਾਗਤ ਵਧਣ ਦੇ ਰੂਪ ਵਿੱਚ ਦਿਖਾਈ ਦੇਵੇਗਾ, ਜਿਸ ਨਾਲ ਖਾਣ-ਪੀਣ ਦੀਆਂ ਚੀਜ਼ਾਂ ਅਤੇ ਹੋਰ ਵਸਤੂਆਂ ਦੋਵਾਂ ਦੀ ਮਹਿੰਗਾਈ ਵਧੇਗੀ।" ਰਿਪੋਰਟ ਦੇ ਅਨੁਸਾਰ, ਬਾਲਣ ਦੀਆਂ ਕੀਮਤਾਂ ਵਿੱਚ ਵਾਧੇ ਦਾ ਸਿੱਧਾ ਅਸਰ ਮਹਿੰਗਾਈ 'ਤੇ ਪਵੇਗਾ। ਬਾਲਣ ਦੀਆਂ ਕੀਮਤਾਂ ਵਿੱਚ 7.5 ਰੁਪਏ ਪ੍ਰਤੀ ਲੀਟਰ ਦੇ ਵਾਧੇ ਨਾਲ ਪ੍ਰਚੂਨ ਮਹਿੰਗਾਈ ਕਰੀਬ 0.36 ਫ਼ੀਸਦੀ ਵਧ ਸਕਦੀ ਹੈ। ਜੇਕਰ ਬਾਲਣ ਦੀਆਂ ਕੀਮਤਾਂ 10 ਰੁਪਏ ਪ੍ਰਤੀ ਲੀਟਰ ਤੱਕ ਵਧਦੀਆਂ ਹਨ ਤਾਂ ਪ੍ਰਚੂਨ ਮਹਿੰਗਾਈ ਵਿੱਚ ਕਰੀਬ 0.48 ਫ਼ੀਸਦੀ ਦਾ ਵਾਧਾ ਹੋ ਸਕਦਾ ਹੈ।
ਸੜਕੀ ਆਵਾਜਾਈ 'ਤੇ ਪਵੇਗਾ ਸਭ ਤੋਂ ਵੱਡਾ ਅਸਰ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਾਲਣ ਦੇ ਦਾਮ ਵਧਣ ਦਾ ਸਭ ਤੋਂ ਵੱਧ ਪ੍ਰਭਾਵ ਸੜਕੀ ਟ੍ਰਾਂਸਪੋਰਟ 'ਤੇ ਪਵੇਗਾ ਕਿਉਂਕਿ ਇਸ ਦੀ ਲਾਗਤ ਦਾ ਲਗਪਗ 42 ਫ਼ੀਸਦੀ ਹਿੱਸਾ ਬਾਲਣ 'ਤੇ ਨਿਰਭਰ ਕਰਦਾ ਹੈ। ਇਸ ਨਾਲ ਮਾਲ-ਢੁਆਈ ਮਹਿੰਗੀ ਹੋ ਜਾਵੇਗੀ ਅਤੇ ਇਸ ਦਾ ਅਸਰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ 'ਤੇ ਪਵੇਗਾ। ਦੇਸ਼ ਵਿੱਚ ਕਰੀਬ 71 ਫ਼ੀਸਦੀ ਮਾਲ-ਢੁਆਈ ਸੜਕੀ ਮਾਰਗ ਰਾਹੀਂ ਹੀ ਹੁੰਦੀ ਹੈ।
ਕ੍ਰਿਸਿਲ ਮੁਤਾਬਕ, ਢੁਆਈ ਦੀ ਲਾਗਤ ਵਧਣ ਨਾਲ ਦੁੱਧ, ਫਲ, ਦਾਲਾਂ, ਚਾਹ-ਕੌਫੀ, ਮਸਾਲੇ, ਆਂਡੇ, ਮੀਟ ਅਤੇ ਮੱਛੀ ਵਰਗੇ ਖਾਧ ਪਦਾਰਥਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਆ ਸਕਦੀ ਹੈ ਕਿਉਂਕਿ ਇਹ ਵੱਡੇ ਪੱਧਰ 'ਤੇ ਟ੍ਰਾਂਸਪੋਰਟ ਨੈੱਟਵਰਕ 'ਤੇ ਨਿਰਭਰ ਕਰਦੇ ਹਨ। ਰਿਪੋਰਟ ਕਹਿੰਦੀ ਹੈ ਕਿ ਕੱਪੜਾ, ਕੰਜ਼ਿਊਮਰ ਇਲੈਕਟ੍ਰੋਨਿਕਸ, ਲੱਕੜ ਦੇ ਉਤਪਾਦ, ਸੀਮਿੰਟ ਅਤੇ ਸਿਰੇਮਿਕਸ ਵਰਗੇ ਖੇਤਰਾਂ ਵਿੱਚ ਵੀ ਲਾਗਤ ਵਧੇਗੀ। ਕੈਮੀਕਲ, ਕੋਲਾ ਅਤੇ ਧਾਤੂ ਖੇਤਰ ਵੀ ਮਹਿੰਗਾਈ ਦੀ ਲਪੇਟ ਵਿੱਚ ਆਉਣਗੇ।
ਅਜਿਹੀ ਸਥਿਤੀ ਵਿੱਚ ਕੰਪਨੀਆਂ ਲਾਗਤ ਦਾ ਬੋਝ ਗਾਹਕਾਂ 'ਤੇ ਪਾ ਸਕਦੀਆਂ ਹਨ ਜਾਂ ਉਤਪਾਦ ਦੀ ਮਾਤਰਾ ਵਿੱਚ ਕਟੌਤੀ ਕਰ ਸਕਦੀਆਂ ਹਨ। ਸਤੰਬਰ 2025 ਵਿੱਚ ਜੀ.ਐੱਸ.ਟੀ. ਦਰਾਂ ਵਿੱਚ ਕੀਤੀ ਗਈ ਕਟੌਤੀ ਤੋਂ ਕੁਝ ਰਾਹਤ ਮਿਲ ਸਕਦੀ ਹੈ ਪਰ ਇਹ ਊਰਜਾ ਦੀ ਉੱਚੀ ਲਾਗਤ ਦੇ ਅਸਰ ਨੂੰ ਪੂਰੀ ਤਰ੍ਹਾਂ ਸੰਤੁਲਿਤ ਨਹੀਂ ਕਰ ਸਕੇਗੀ। ਰਿਪੋਰਟ ਅਨੁਸਾਰ, ਚਾਲੂ ਵਿੱਤੀ ਸਾਲ ਦੇ ਪਹਿਲੇ ਦੋ ਮਹੀਨਿਆਂ ਵਿੱਚ ਕੱਚੇ ਤੇਲ ਦੀ ਔਸਤ ਕੀਮਤ 112 ਡਾਲਰ ਪ੍ਰਤੀ ਬੈਰਲ ਰਹੀ ਹੈ, ਜੋ ਕਿ ਪੂਰੇ ਸਾਲ ਦੇ ਅਨੁਮਾਨਿਤ 95 ਡਾਲਰ ਪ੍ਰਤੀ ਬੈਰਲ ਤੋਂ ਕਿਤੇ ਵੱਧ ਹੈ।
ਮਹਿੰਗਾਈ ਭਾਰਤੀ ਰਿਜ਼ਰਵ ਬੈਂਕ ਦੇ ਟੀਚੇ ਤੋਂ ਹੇਠਾਂ
ਹਾਲਾਂਕਿ, ਕੁੱਲ ਮਹਿੰਗਾਈ ਅਜੇ ਭਾਰਤੀ ਰਿਜ਼ਰਵ ਬੈਂਕ ਦੇ ਚਾਰ ਫ਼ੀਸਦੀ ਦੇ ਟੀਚੇ ਤੋਂ ਹੇਠਾਂ ਹੈ ਪਰ ਆਉਣ ਵਾਲੇ ਸਮੇਂ ਵਿੱਚ ਇਸ ਦੇ ਵਧਣ ਦਾ ਅਨੁਮਾਨ ਹੈ। ਫਿਰ ਵੀ ਇਹ ਰਿਜ਼ਰਵ ਬੈਂਕ ਦੇ ਦੋ ਤੋਂ ਛੇ ਫ਼ੀਸਦੀ ਦੇ ਦਾਇਰੇ ਵਿੱਚ ਰਹਿ ਸਕਦੀ ਹੈ। ਰਿਜ਼ਰਵ ਬੈਂਕ ਮਹਿੰਗਾਈ ਦੇ ਰੁਝਾਨ, ਖ਼ਾਸ ਕਰਕੇ ਘਰੇਲੂ ਉਮੀਦਾਂ ਅਤੇ ਵਿਆਪਕ ਕੀਮਤ ਵਾਧੇ ਦੇ ਜੋਖਮ 'ਤੇ ਨਜ਼ਰ ਬਣਾਈ ਰੱਖੇਗਾ। ਇਸ ਦੇ ਨਾਲ ਹੀ ਰਿਪੋਰਟ ਕਹਿੰਦੀ ਹੈ ਕਿ ਰਿਜ਼ਰਵ ਬੈਂਕ ਦੀ ਨਜ਼ਰ ਕਮਜ਼ੋਰ ਮਾਨਸੂਨ ਅਤੇ 'ਅਲ ਨੀਨੋ' ਵਰਗੀਆਂ ਮੌਸਮੀ ਸਥਿਤੀਆਂ 'ਤੇ ਵੀ ਰਹੇਗੀ, ਜਿਨ੍ਹਾਂ ਕਾਰਨ ਖਾਧ ਮਹਿੰਗਾਈ ਵਧਣ ਦਾ ਖ਼ਦਸ਼ਾ ਹੈ।