LPG ਤੋਂ UPI ਤੇ ਰੇਲਵੇ ਟਿਕਟ ਤੱਕ ਬਦਲਣਗੇ ਨਿਯਮ, 1 ਅਕਤੂਬਰ ਤੋਂ ਹੋਣਗੇ ਲਾਗੂ; ਦੇਖੋ ਪੂਰੀ ਲਿਸਟ
ਅਕਤੂਬਰ ਮਹੀਨੇ ਤੋਂ ਕਈ ਮਹੱਤਵਪੂਰਨ ਬਦਲਾਅ ਲਾਗੂ ਹੋਣ ਜਾ ਰਹੇ ਹਨ। ਇਨ੍ਹਾਂ ’ਚ UPI, LPG, SBI ATM, ਟੈਕਸ ਆਡਿਟ ਤੇ ਰੇਲਵੇ ਟਿਕਟ ਚੈਕਿੰਗ ਨਾਲ ਜੁੜੇ ਨਿਯਮ ਸ਼ਾਮਲ ਹਨ।
Publish Date: Wed, 30 Sep 2026 04:54 PM (IST)
Updated Date: Wed, 30 Sep 2026 04:56 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਸਤੰਬਰ ਦਾ ਮਹੀਨਾ ਖਤਮ ਹੋਣ ਵਾਲਾ ਹੈ ਤੇ ਅਕਤੂਬਰ ਦਸਤਕ ਦੇ ਰਿਹਾ ਹੈ। ਆਉਣ ਵਾਲਾ ਮਹੀਨਾ ਆਪਣੇ ਨਾਲ ਕਈ ਅਹਿਮ ਬਦਲਾਅ ਲੈ ਕੇ ਆਵੇਗਾ। ਇਨ੍ਹਾਂ ’ਚ SBI ATM ਦੀ ਨਵੀਂ ਲਿਮਟ, LPG ਲਈ ਆਧਾਰ ਆਥੈਂਟੀਕੇਸ਼ਨ, NPS ਤੇ UPI ਦੇ ਨਿਯਮਾਂ ’ਚ ਬਦਲਾਅ ਅਹਿਮ ਹਨ। ਇਨ੍ਹਾਂ ’ਚ ਸਭ ਤੋਂ ਮਹੱਤਵਪੂਰਨ ਨਵਾਂ UPI MDR ਫਰੇਮਵਰਕ ਹੈ, ਜੋ ₹2,000 ਤੋਂ ਵੱਧ ਦੇ ਕੁਝ ਖਾਸ ਮਰਚੈਂਟ ਟ੍ਰਾਂਜ਼ੈਕਸ਼ਨਾਂ ’ਤੇ ਲਾਗੂ ਹੋਵੇਗਾ। ਚੰਗੀ ਗੱਲ ਇਹ ਹੈ ਕਿ ਗਾਹਕਾਂ ਤੋਂ ਕੋਈ MDR ਨਹੀਂ ਲਿਆ ਜਾਵੇਗਾ ਤੇ ਵਿਅਕਤੀ ਤੋਂ ਵਿਅਕਤੀ (P2P) UPI ਟ੍ਰਾਂਜ਼ੈਕਸ਼ਨ ਪਹਿਲਾਂ ਵਾਂਗ ਮੁਫ਼ਤ ਰਹਿਣਗੇ।
ਇਸ ਤੋਂ ਇਲਾਵਾ, ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (CBDT) ਨੇ ਅਸੈਸਮੈਂਟ ਈਅਰ 2026-27 ਲਈ ਟੈਕਸ ਆਡਿਟ ਨਿਯਮਾਂ ਦੇ ਦਾਇਰੇ ’ਚ ਆਉਣ ਵਾਲੇ ਟੈਕਸਪੇਅਰਜ਼ ਦੀ ਡੈੱਡਲਾਈਨ ਵੀ ਵਧਾ ਦਿੱਤੀ ਹੈ। ਟੈਕਸ ਆਡਿਟ ਰਿਪੋਰਟ ਫਾਈਲ ਕਰਨ ਦੀ ਡੈੱਡਲਾਈਨ 30 ਸਤੰਬਰ ਤੋਂ ਵਧਾ ਕੇ 21 ਅਕਤੂਬਰ ਕਰ ਦਿੱਤੀ ਗਈ ਹੈ, ਜਦਕਿ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਡੈੱਡਲਾਈਨ 31 ਅਕਤੂਬਰ ਤੋਂ ਵਧਾ ਕੇ 21 ਨਵੰਬਰ ਕਰ ਦਿੱਤੀ ਗਈ ਹੈ।
LPG 'ਤੇ ਨਵਾਂ ਨਿਯਮ 1 ਅਕਤੂਬਰ ਤੋਂ ਘਰੇਲੂ LPG ਗਾਹਕਾਂ ਨੂੰ ਸਬਸਿਡੀ ਵਾਲੀ ਕੀਮਤ ’ਤੇ ਰਿਫਿਲ ਬੁੱਕ ਕਰਨ ਲਈ ਬਾਇਓਮੈਟ੍ਰਿਕ ਆਧਾਰ ਆਥੈਂਟੀਕੇਸ਼ਨ ਪੂਰਾ ਕਰਨਾ ਹੋਵੇਗਾ।
ਜਿਹੜੇ ਗਾਹਕ ਇਹ ਪ੍ਰਕਿਰਿਆ ਪੂਰੀ ਨਹੀਂ ਕਰਦੇ, ਉਹ ਵੀ LPG ਲੈ ਸਕਣਗੇ, ਪਰ ਉਨ੍ਹਾਂ ਨੂੰ ਬਿਨਾਂ ਸਬਸਿਡੀ ਦੇ ਲਾਗੂ ਮਾਰਕੀਟ ਕੀਮਤ 'ਤੇ LPG ਮਿਲੇਗੀ। ਇਹ ਤੇਲ ਮਾਰਕੀਟਿੰਗ ਕੰਪਨੀਆਂ ਦੇ ਨਿਯਮਾਂ ਦੇ ਅਧੀਨ ਹੋਵੇਗਾ।
SBI ਨੇ ਬਦਲੇ ਨਿਯਮ ਭਾਰਤ ਦਾ ਸਭ ਤੋਂ ਵੱਡਾ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਸੈਲਰੀ ਪੈਕੇਜ ਅਕਾਊਂਟ ਹੋਲਡਰਜ਼ ਲਈ ਦੂਜੇ ਬੈਂਕਾਂ ਦੇ ATM ਤੋਂ ਮੁਫ਼ਤ ਮਹੀਨਾਵਾਰ ਟ੍ਰਾਂਜ਼ੈਕਸ਼ਨਾਂ ਦੀ ਗਿਣਤੀ 10 ਤੋਂ ਘਟਾ ਕੇ 5 ਕਰ ਦੇਵੇਗਾ। ਇਸ ਲਿਮਿਟ ’ਚ ਵਿੱਤੀ ਤੇ ਗੈਰ-ਵਿੱਤੀ, ਦੋਵੇਂ ਤਰ੍ਹਾਂ ਦੇ ਟ੍ਰਾਂਜ਼ੈਕਸ਼ਨ ਸ਼ਾਮਲ ਹੋਣਗੇ।
ਬੇਸਿਕ ਸੇਵਿੰਗਜ਼ ਬੈਂਕ ਡਿਪਾਜ਼ਿਟ ਅਕਾਊਂਟ (BSBD) ਲਈ ਮਹੀਨੇ ’ਚ 4 ਵਾਰ ਨਕਦੀ ਕਢਵਾਉਣਾ ਮੁਫ਼ਤ ਰਹੇਗਾ। ਇਸ ਤੋਂ ਬਾਅਦ ₹15 + GST ਚਾਰਜ ਲੱਗੇਗਾ।
ਪ੍ਰਾਪਰਟੀ ਖਰੀਦਣ ਦੇ ਨਿਯਮਾਂ ’ਚ ਬਦਲਾਅ 1 ਅਕਤੂਬਰ ਤੋਂ ਨਾਨ-ਰੈਜ਼ੀਡੈਂਟ ਵਿਕਰੇਤਾ ਤੋਂ ਪ੍ਰਾਪਰਟੀ ਖਰੀਦਣ ਵਾਲੇ ਰੈਜ਼ੀਡੈਂਟ ਵਿਅਕਤੀਆਂ ਤੇ ਹਿੰਦੂ ਅਨਡਿਵਾਈਡਡ ਫੈਮਿਲੀਜ਼ (HUF) ਨੂੰ ਲਾਗੂ TDS ਨਿਯਮਾਂ ਦੀ ਪਾਲਣਾ ਲਈ ਵੱਖਰੇ TAN ਦੀ ਲੋੜ ਨਹੀਂ ਹੋਵੇਗੀ। ਉਹ ਇਸ ਲਈ PAN ਦੀ ਵਰਤੋਂ ਕਰ ਸਕਣਗੇ।
ਇਸੇ ਤਰ੍ਹਾਂ NPS ਦੇ Point of Presence (PoP) ਫੀਸ ਸਟ੍ਰਕਚਰ ’ਚ ਵੀ ਬਦਲਾਅ ਲਾਗੂ ਹੋਣਗੇ। ਇਸ ’ਚ ਹਰ PRAN ਲਈ ਇੱਕ ਵਾਰ ਦਾ ₹200 ਆਨਬੋਰਡਿੰਗ ਚਾਰਜ ਸ਼ਾਮਲ ਹੈ।
ਬਲਕ ਡਿਪਾਜ਼ਿਟ ਰੇਟ ਦੀ ਜਾਣਕਾਰੀ ਦੇਣ ਸਬੰਧੀ RBI ਦੇ ਨਿਯਮਾਂ ਤਹਿਤ ਰੀਜਨਲ ਰੂਰਲ ਬੈਂਕਾਂ ਨੂੰ ਕੰਮਕਾਜ ਵਾਲੇ ਦਿਨ ਸਵੇਰੇ 10 ਵਜੇ ਤੱਕ ਆਪਣੀ ਵੈੱਬਸਾਈਟ 'ਤੇ ਲਾਗੂ ਦਰਾਂ ਪ੍ਰਕਾਸ਼ਿਤ ਕਰਨੀਆਂ ਹੋਣਗੀਆਂ।
ਇਸ ਤੋਂ ਇਲਾਵਾ, ਰਿਜ਼ਰਵ ਬੈਂਕ ਆਫ ਇੰਡੀਆ ਦੀ ਮੌਨੇਟਰੀ ਪਾਲਿਸੀ ਕਮੇਟੀ (MPC) ਦੀ ਬੈਠਕ 5 ਤੋਂ 7 ਅਕਤੂਬਰ ਤੱਕ ਹੋਵੇਗੀ ਤੇ ਪਾਲਿਸੀ ਨਾਲ ਜੁੜਿਆ ਫੈਸਲਾ 7 ਅਕਤੂਬਰ ਨੂੰ ਲਿਆ ਜਾਵੇਗਾ। ਪਿਛਲੀ ਸਮੀਖਿਆ ’ਚ ਕੇਂਦਰੀ ਬੈਂਕ ਨੇ ਰੇਪੋ ਰੇਟ ਨੂੰ 5.25 ਫੀਸਦੀ 'ਤੇ ਹੀ ਬਰਕਰਾਰ ਰੱਖਿਆ ਸੀ।
ਟਿਕਟ ਚੈਕਿੰਗ ਦੇ ਨਿਯਮਾਂ ’ਚ ਬਦਲਾਅ ਸੈਂਟਰਲ ਰੇਲਵੇ 1 ਅਕਤੂਬਰ ਤੋਂ 31 ਅਕਤੂਬਰ ਤੱਕ ਖਾਸ 'ਟਿਕਟ ਚੈਕਿੰਗ ਮੁਹਿੰਮ' ਚਲਾਉਣ ਜਾ ਰਿਹਾ ਹੈ। ਇਸ ਮੁਹਿੰਮ ਦਾ ਸਭ ਤੋਂ ਵੱਡਾ ਨਿਯਮ ਹੈ—'ਵਨ ਟਿਕਟ, ਵਨ ਓਰੀਜਨਲ ਆਈਡੀ'।
ਰੇਲਵੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਸਫ਼ਰ ਦੌਰਾਨ ਸਿਰਫ਼ ਟਿਕਟ ਹੋਣਾ ਹੀ ਕਾਫ਼ੀ ਨਹੀਂ ਹੋਵੇਗਾ, ਸਗੋਂ ਯਾਤਰੀ ਕੋਲ ਆਪਣਾ ਅਸਲੀ ਪਛਾਣ ਪੱਤਰ (Original ID) ਵੀ ਹੋਣਾ ਲਾਜ਼ਮੀ ਹੋਵੇਗਾ।