ਖਤਮ ਹੋਣ ਜਾ ਰਿਹਾ ਸੱਜਣ ਜਿੰਦਲ ਦੀ ਇਸ ਕੰਪਨੀ ਦਾ ਵਜੂਦ! ਕੀ ਹੋਵੇਗਾ ਸ਼ੇਅਰਹੋਲਡਰਜ਼ ਦਾ? ਇਹ ਹੈ ਪੂਰੀ ਯੋਜਨਾ
ਜੇਐਸਡਬਲਯੂ ਸੀਮੈਂਟ ਲਿਮਟਿਡ ਨੇ ਆਪਣੀ ਲਿਸਟਿਡ ਸਬਸਿਡਰੀ ਸ਼ਿਵਾ ਸੀਮੈਂਟ ਦੇ ਵਿਲੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਇੱਕ ਏਕੀਕ੍ਰਿਤ ਸੀਮੈਂਟ ਪਲੇਟਫਾਰਮ ਤਿਆਰ ਹੋਵੇਗਾ ਤੇ ਕੰਪਨੀ ਨੂੰ ਆਪਰੇਸ਼ਨਲ ਤੇ ਵਿੱਤੀ ਤਾਲਮੇਲ ਦਾ ਫਾਇਦਾ ਮਿਲੇਗਾ। ਇਸ ਯੋਜਨਾ ਤਹਿਤ ਸ਼ਿਵਾ ਸੀਮੈਂਟ ਦੇ ਸ਼ੇਅਰਹੋਲਡਰਜ਼ ਨੂੰ ਜੇਐਸਡਬਲਯੂ ਸੀਮੈਂਟ ਦੇ ਸ਼ੇਅਰ ਮਿਲਣਗੇ। ਵੱਖ-ਵੱਖ ਨਿਯਮਕ ਮਨਜ਼ੂਰੀਆਂ ਮਿਲਣ ਤੋਂ ਬਾਅਦ ਇਹ ਪ੍ਰਕਿਰਿਆ 12 ਤੋਂ 14 ਮਹੀਨਿਆਂ ’ਚ ਪੂਰੀ ਹੋਣ ਦੀ ਉਮੀਦ ਹੈ।
Publish Date: Wed, 30 Sep 2026 04:30 PM (IST)
Updated Date: Wed, 30 Sep 2026 04:38 PM (IST)
ਏਜੰਸੀ, ਨਵੀਂ ਦਿੱਲੀ : ਸੱਜਣ ਜਿੰਦਲ ਦੀ ਅਗਵਾਈ ਵਾਲੇ ਜੇਐਸਡਬਲਯੂ ਗਰੁੱਪ ਦੀ ਕੰਪਨੀ ਜੇਐਸਡਬਲਯੂ ਸੀਮੈਂਟ ਲਿਮਟਿਡ ’ਚ ਇਸ ਦੀ ਲਿਸਟਿਡ ਸਬਸਿਡਰੀ ਸ਼ਿਵਾ ਸੀਮੈਂਟ ਦਾ ਵਿਲੀਨ ਹੋਵੇਗਾ। ਇਸ ਕਦਮ ਨਾਲ ਇੱਕ ਏਕੀਕ੍ਰਿਤ ਸੀਮੈਂਟ ਪਲੇਟਫਾਰਮ ਤਿਆਰ ਹੋਵੇਗਾ ਤੇ ਆਪਰੇਸ਼ਨ, ਵਿੱਤ ਤੇ ਪ੍ਰਬੰਧਨ ਪੱਧਰ 'ਤੇ ਤਾਲਮੇਲ ਦਾ ਲਾਭ ਮਿਲੇਗਾ।
ਕੰਪਨੀ ਵੱਲੋਂ ਜਾਰੀ ਜਾਣਕਾਰੀ ’ਚ ਕਿਹਾ ਗਿਆ ਹੈ ਕਿ ਜੇਐਸਡਬਲਯੂ ਸੀਮੈਂਟ ਦੇ ਬੋਰਡ ਆਫ ਡਾਇਰੈਕਟਰਜ਼ ਨੇ ਸ਼ਿਵਾ ਸੀਮੈਂਟ ਦੇ ਜੇਐਸਡਬਲਯੂ ਸੀਮੈਂਟ ’ਚ ਵਿਲੀਨ ਸਮੇਤ ਸਕੀਮ ਆਫ ਅਰੇਂਜਮੈਂਟ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਯੋਜਨਾ ਅਨੁਸਾਰ, ਸ਼ਿਵਾ ਸੀਮੈਂਟ ਦੇ ਸ਼ੇਅਰਹੋਲਡਰਜ਼ ਨੂੰ ਉਨ੍ਹਾਂ ਕੋਲ ਮੌਜੂਦ ਹਰ 41 ਸ਼ੇਅਰਾਂ ਦੇ ਬਦਲੇ, ਜਿਨ੍ਹਾਂ ਦੀ ਫੇਸ ਵੈਲਿਊ 2 ਰੁਪਏ ਹੈ, ਜੇਐਸਡਬਲਯੂ ਸੀਮੈਂਟ ਦੇ 10 ਰੁਪਏ ਫੇਸ ਵੈਲਿਊ ਵਾਲੇ 5 ਸ਼ੇਅਰ ਜਾਰੀ ਕੀਤੇ ਜਾਣਗੇ।
ਅਜੇ ਲੈਣੀ ਹੋਵੇਗੀ ਮਨਜ਼ੂਰੀ ਇਹ ਯੋਜਨਾ ਸ਼ੇਅਰ ਬਾਜ਼ਾਰਾਂ, ਭਾਰਤੀ ਪ੍ਰਤੀਭੂਤੀ ਤੇ ਵਿਨਿਮਯ ਬੋਰਡ (ਸੇਬੀ), ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐਨਸੀਐਲਟੀ), ਓਡੀਸ਼ਾ ਇੰਡਸਟਰੀਅਲ ਇਨਫਰਾਸਟਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ (IDCO) ਤੇ ਸ਼ੇਅਰਹੋਲਡਰਜ਼ ਤੇ ਕਰਜ਼ਦਾਤਾਵਾਂ ਸਮੇਤ ਹੋਰ ਕਾਨੂੰਨੀ ਤੇ ਨਿਯਮਕ ਅਥਾਰਟੀਆਂ ਤੋਂ ਲੋੜੀਂਦੀਆਂ ਮਨਜ਼ੂਰੀਆਂ ਮਿਲਣ 'ਤੇ ਨਿਰਭਰ ਕਰੇਗੀ।
ਕੰਪਨੀ ਨੇ ਕਿਹਾ ਕਿ ਜੇ ਨਿਯਮਕ ਮਨਜ਼ੂਰੀਆਂ ਸਮੇਂ ਸਿਰ ਮਿਲ ਜਾਂਦੀਆਂ ਹਨ ਤਾਂ ਇਹ ਸੌਦਾ 12 ਤੋਂ 14 ਮਹੀਨਿਆਂ ’ਚ ਪੂਰਾ ਹੋਣ ਦੀ ਉਮੀਦ ਹੈ।
ਬਾਹਰੀ ਖਰੀਦ ’ਤੇ ਨਿਰਭਰਤਾ ਘਟੇਗੀ ਜੇਐਸਡਬਲਯੂ ਸੀਮੈਂਟ ਨੇ ਕਿਹਾ ਕਿ ਵਿਲੀਨ ਨਾਲ ਵਿੱਤੀ, ਪ੍ਰਬੰਧਕੀ, ਤਕਨੀਕੀ, ਵੰਡ ਤੇ ਮਾਰਕੀਟਿੰਗ ਸਰੋਤਾਂ ਨੂੰ ਇਕੱਠਾ ਕੀਤਾ ਜਾ ਸਕੇਗਾ, ਜਿਸ ਨਾਲ ਆਪਰੇਸ਼ਨਲ ਕੁਸ਼ਲਤਾ ਵਧੇਗੀ।
ਇਸ ਨਾਲ ਸ਼ਿਵਾ ਸੀਮੈਂਟ ਦੀ ਕਲਿੰਕਰ ਯੂਨਿਟ ਰਾਹੀਂ ਬੈਕਵਰਡ ਇੰਟੀਗ੍ਰੇਸ਼ਨ ਨੂੰ ਵੀ ਮਜ਼ਬੂਤੀ ਮਿਲੇਗੀ ਤੇ ਬਾਹਰੋਂ ਕੱਚਾ ਮਾਲ ਖਰੀਦਣ ’ਤੇ ਨਿਰਭਰਤਾ ਘਟੇਗੀ।
ਵਿੱਤੀ ਪੱਧਰ ’ਤੇ ਜੇਐਸਡਬਲਯੂ ਸੀਮੈਂਟ ਨੇ ਬਿਹਤਰ ਫਾਈਨੈਂਸਿੰਗ ਸਹੂਲਤ, ਘੱਟ ਫਾਈਨੈਂਸਿੰਗ ਲਾਗਤ ਤੇ ਇੰਟਰ-ਕੰਪਨੀ ਗਾਰੰਟੀ ਖਤਮ ਹੋਣ ਦਾ ਵੀ ਜ਼ਿਕਰ ਕੀਤਾ ਹੈ।
ਵੱਡੀ ਕੰਪਨੀ ’ਚ ਮਿਲੇਗਾ ਐਕਸਪੋਜ਼ਰ ਜੇਐਸਡਬਲਯੂ ਸੀਮੈਂਟ ਨੇ ਕਿਹਾ ਕਿ ਇਸ ਯੋਜਨਾ ਨਾਲ ਪ੍ਰਸ਼ਾਸਨਿਕ ਕੰਮਾਂ ਦੀ ਦੁਹਰਾਈ ਤੇ ਕੰਪਲਾਇੰਸ ਨਾਲ ਜੁੜੀਆਂ ਲੋੜਾਂ ਵੀ ਘਟਣਗੀਆਂ। ਜੇਐਸਡਬਲਯੂ ਸੀਮੈਂਟ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਨਿਲੇਸ਼ ਨਰਵੇਕਰ ਨੇ ਕਿਹਾ ਕਿ ਪ੍ਰਸਤਾਵਿਤ ਵਿਲੀਨ ਵਧੇਰੇ ਏਕੀਕ੍ਰਿਤ ਤੇ ਕੁਸ਼ਲ ਕਾਰੋਬਾਰ ਬਣਾਉਣ ਵੱਲ ਇੱਕ ਰਣਨੀਤਕ ਕਦਮ ਹੈ। ਇਸ ਨਾਲ ਆਪਰੇਸ਼ਨਲ ਤੇ ਵਿੱਤੀ ਤਾਲਮੇਲ ਦਾ ਲਾਭ ਮਿਲੇਗਾ, ਬੈਕਵਰਡ ਇੰਟੀਗ੍ਰੇਸ਼ਨ ਮਜ਼ਬੂਤ ਹੋਵੇਗਾ ਤੇ ਕੰਪਨੀ ਦਾ ਕਾਰਪੋਰੇਟ ਢਾਂਚਾ ਸੌਖਾ ਬਣੇਗਾ।
ਉਨ੍ਹਾਂ ਕਿਹਾ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਨਾਲ ਸ਼ਿਵਾ ਸੀਮੈਂਟ ਦੇ ਜਨਤਕ ਸ਼ੇਅਰਹੋਲਡਰਜ਼ ਨੂੰ ਇੱਕ ਵੱਡੀ ਤੇ ਲਿਸਟਿਡ ਕੰਪਨੀ ਦੀ ਗ੍ਰੋਥ ’ਚ ਸਿੱਧੇ ਤੌਰ ’ਤੇ ਹਿੱਸਾ ਲੈਣ ਦਾ ਮੌਕਾ ਮਿਲੇਗਾ।
66.23 ਫੀਸਦੀ ਹਿੱਸੇਦਾਰੀ ਜੇਐਸਡਬਲਯੂ ਸੀਮੈਂਟ ਨੇ ਜਨਵਰੀ 2018 ’ਚ ਸ਼ਿਵਾ ਸੀਮੈਂਟ ’ਚ 37 ਫੀਸਦੀ ਹਿੱਸੇਦਾਰੀ ਖਰੀਦੀ ਸੀ ਤੇ ਇਸ ਤੋਂ ਬਾਅਦ ਓਪਨ ਆਫਰ ਵੀ ਕੀਤਾ ਸੀ। ਇਸ ਵੇਲੇ ਕੰਪਨੀ ਕੋਲ ਸ਼ਿਵਾ ਸੀਮੈਂਟ ਦੀ 66.23 ਫੀਸਦੀ ਹਿੱਸੇਦਾਰੀ ਹੈ।
ਕੰਪਨੀ ਦੀ ਸੀਮੈਂਟ ਗ੍ਰਾਈਂਡਿੰਗ ਸਮਰੱਥਾ 24.10 ਐਮਟੀਪੀਏ ਤੇ ਕਲਿੰਕਰ ਉਤਪਾਦਨ ਸਮਰੱਥਾ 9.74 ਐਮਟੀਪੀਏ ਹੈ।
ਕਲਿੰਕਰ ਸੀਮੈਂਟ ਬਣਾਉਣ ਦੀ ਪ੍ਰਕਿਰਿਆ ’ਚ ਤਿਆਰ ਹੋਣ ਵਾਲਾ ਇੱਕ ਮੁੱਖ ਵਿਚਕਾਰਲਾ ਪਦਾਰਥ ਹੈ। ਇਹ ਆਮ ਤੌਰ ’ਤੇ ਗੂੜ੍ਹੇ ਭੂਰੇ ਜਾਂ ਕਾਲੇ ਰੰਗ ਦੇ ਛੋਟੇ, ਸਖ਼ਤ ਦਾਣਿਆਂ ਜਾਂ ਕੰਕਰਾਂ ਵਰਗਾ ਹੁੰਦਾ ਹੈ।