ਚੀਨ ਦੀ ਚਾਲ 'ਤੇ ਭਾਰਤ ਦਾ ਮਾਸਟਰਸਟ੍ਰੋਕ ! ਦੇਸ਼ ਤੋਂ ਬਾਹਰ ਨਹੀਂ ਜਾ ਸਕੇਗਾ ਬੈਟਰੀ ਦਾ 'ਕਾਲਾ ਸੋਨਾ', ਜਾਣੋ ਕੀ ਹੈ ਪੂਰਾ ਮਾਮਲਾ
ਇਹ ਪਾਬੰਦੀ ਅਜਿਹੇ ਸਮੇਂ ਲਗਾਈ ਗਈ ਹੈ, ਜਦੋਂ ਚੀਨ ਮਹੱਤਵਪੂਰਨ ਖਣਿਜਾਂ ਦੀ ਰਿਫਾਈਨਿੰਗ ਵਿੱਚ ਆਪਣਾ ਦਬਦਬਾ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਕਦਮ ਚੁੱਕ ਰਿਹਾ ਹੈ। ਇਸ ਖੇਤਰ ਵਿੱਚ ਪਹਿਲਾਂ ਹੀ ਦੁਨੀਆ ਦੀ ਕੁੱਲ ਸਮਰੱਥਾ ਦਾ ਲਗਪਗ 90 ਫ਼ੀਸਦੀ ਹਿੱਸਾ ਚੀਨ ਦੇ ਕੰਟਰੋਲ ਵਿੱਚ ਹੈ।
Publish Date: Sun, 29 Nov 2026 10:51 AM (IST)
Updated Date: Sun, 29 Nov 2026 11:04 AM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ। ਹਾਲ ਹੀ ਵਿੱਚ ਭਾਰਤ ਨੇ ਇੱਕ ਅਜਿਹੀ ਚੀਜ਼ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਹੈ, ਜਿਸ ਨੂੰ ਦੇਸ਼ ਨੇ ਕਦੇ ਵਿਦੇਸ਼ਾਂ ਵਿੱਚ ਵੇਚਿਆ ਹੀ ਨਹੀਂ ਸੀ। ਇਹ ਇੱਕ ਅਜੀਬ ਫ਼ੈਸਲਾ ਸੀ। ਸ਼ਾਇਦ ਇਸ ਤੋਂ ਪਹਿਲਾਂ ਅਜਿਹਾ ਕਦਮ ਕਦੇ ਨਹੀਂ ਚੁੱਕਿਆ ਗਿਆ। ਇਸ ਕਾਰਨ ਲੋਕਾਂ ਵਿੱਚ ਇਹ ਜਾਣਨ ਦੀ ਉਤਸੁਕਤਾ ਪੈਦਾ ਹੋ ਗਈ ਹੈ ਕਿ ਆਖ਼ਰ ਇਸ ਫ਼ੈਸਲੇ ਪਿੱਛੇ ਕੀ ਕਾਰਨ ਹੈ।
10 ਨਵੰਬਰ ਨੂੰ ਵਣਜ ਵਿਭਾਗ ਅਧੀਨ ਆਉਣ ਵਾਲੇ ਵਿਦੇਸ਼ੀ ਵਪਾਰ ਮਹਾਨਿਦੇਸ਼ਾਲੇ (DGFT) ਨੇ ਲਿਥੀਅਮ-ਆਇਨ ਬੈਟਰੀਆਂ ਦੇ 'ਬਲੈਕ ਮਾਸ' ਦੇ ਨਿਰਯਾਤ 'ਤੇ ਰੋਕ ਲਗਾ ਦਿੱਤੀ। ਇਸ ਕਦਮ ਤੋਂ ਸੰਕੇਤ ਮਿਲਦਾ ਹੈ ਕਿ ਸਰਕਾਰ ਇਸ ਦੁਰਲੱਭ ਹੁੰਦੇ ਸਰੋਤ ਨੂੰ ਦੇਸ਼ ਵਿੱਚ ਹੀ ਰੱਖਣਾ ਚਾਹੁੰਦੀ ਹੈ ਤਾਂ ਜੋ ਭਾਰਤ ਵਿੱਚ ਹੀ ਰਿਫਾਈਨਿੰਗ ਸੈਕਟਰ ਵਿਕਸਿਤ ਕੀਤਾ ਜਾ ਸਕੇ।
'ਬਲੈਕ ਮਾਸ' ਇੱਕ ਪਾਊਡਰ ਵਰਗਾ ਪਦਾਰਥ ਹੈ, ਜੋ ਵਰਤੋਂ ਤੋਂ ਬਾਅਦ ਬੇਕਾਰ ਹੋ ਚੁੱਕੀਆਂ ਲਿਥੀਅਮ-ਆਇਨ ਬੈਟਰੀਆਂ ਅਤੇ ਬੈਟਰੀਆਂ ਬਣਾਉਣ ਦੀ ਪ੍ਰਕਿਰਿਆ ਦੌਰਾਨ ਨਿਕਲਣ ਵਾਲੇ ਕੂੜੇ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਕੇ ਪ੍ਰਾਪਤ ਕੀਤਾ ਜਾਂਦਾ ਹੈ।
ਇਸ ਵਿੱਚ ਮੌਜੂਦ ਖਣਿਜ ਤੱਤਾਂ ਕਾਰਨ ਇਸ ਦੀ ਕੀਮਤ ਕਾਫ਼ੀ ਜ਼ਿਆਦਾ ਹੁੰਦੀ ਹੈ। ਇਸ ਵਿੱਚ ਲਿਥੀਅਮ, ਕੋਬਾਲਟ, ਨਿਕਲ ਅਤੇ ਮੈਂਗਨੀਜ਼ ਵਰਗੇ ਕੀਮਤੀ ਖਣਿਜ ਵੱਡੀ ਮਾਤਰਾ ਵਿੱਚ ਮੌਜੂਦ ਹੁੰਦੇ ਹਨ। ਇਨ੍ਹਾਂ ਖਣਿਜਾਂ ਨੂੰ ਇਲੈਕਟ੍ਰਿਕ ਵਾਹਨਾਂ (EVs) ਸਮੇਤ ਨਵੀਆਂ ਉੱਭਰ ਰਹੀਆਂ ਤਕਨੀਕਾਂ ਲਈ ਬੇਹੱਦ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਚੀਨ ਲਗਾਤਾਰ ਚੁੱਕ ਰਿਹੈ ਕਦਮ ਇਹ ਪਾਬੰਦੀ ਅਜਿਹੇ ਸਮੇਂ ਲਗਾਈ ਗਈ ਹੈ, ਜਦੋਂ ਚੀਨ ਮਹੱਤਵਪੂਰਨ ਖਣਿਜਾਂ ਦੀ ਰਿਫਾਈਨਿੰਗ ਵਿੱਚ ਆਪਣਾ ਦਬਦਬਾ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਕਦਮ ਚੁੱਕ ਰਿਹਾ ਹੈ। ਇਸ ਖੇਤਰ ਵਿੱਚ ਪਹਿਲਾਂ ਹੀ ਦੁਨੀਆ ਦੀ ਕੁੱਲ ਸਮਰੱਥਾ ਦਾ ਲਗਪਗ 90 ਫ਼ੀਸਦੀ ਹਿੱਸਾ ਚੀਨ ਦੇ ਕੰਟਰੋਲ ਵਿੱਚ ਹੈ।
ਪਿਛਲੇ ਸਾਲ ਬੀਜਿੰਗ ਨੇ 'ਬਲੈਕ ਮਾਸ' ਦੇ ਆਯਾਤ ਨੂੰ ਕਾਨੂੰਨੀ ਮਨਜ਼ੂਰੀ ਦੇ ਕੇ ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਚੁੱਕਿਆ ਸੀ। ਇਸ ਤੋਂ ਬਾਅਦ ਇਸ ਸਾਲ ਦੀ ਸ਼ੁਰੂਆਤ ਵਿੱਚ ਆਯਾਤ ਡਿਊਟੀ ਨੂੰ 6.5 ਫ਼ੀਸਦੀ ਤੋਂ ਘਟਾ ਕੇ 3 ਫ਼ੀਸਦੀ ਕਰ ਦਿੱਤਾ ਗਿਆ।
ਇਨ੍ਹਾਂ ਕਦਮਾਂ ਦਾ ਮਕਸਦ ਚੀਨ ਦੇ ਤੇਜ਼ੀ ਨਾਲ ਵਧ ਰਹੇ ਪਰ ਫਿਲਹਾਲ ਆਪਣੀ ਪੂਰੀ ਸਮਰੱਥਾ ਨਾਲ ਕੰਮ ਨਾ ਕਰ ਰਹੇ ਰਿਫਾਈਨਿੰਗ ਉਦਯੋਗ ਲਈ ਕੱਚੇ ਮਾਲ ਦੀ ਲਗਾਤਾਰ ਸਪਲਾਈ ਯਕੀਨੀ ਬਣਾਉਣਾ ਹੈ।
ਭਾਰਤ 'ਤੇ ਹੈ ਚੀਨ ਦੀ ਨਜ਼ਰ ਬਲੈਕ ਮਾਸ ਦੇ ਆਯਾਤ ਨੂੰ ਕਾਨੂੰਨੀ ਮਾਨਤਾ ਮਿਲਣ ਦੇ ਬਾਵਜੂਦ ਚੀਨ ਵਿੱਚ ਇਸ ਨੂੰ ਮੰਗਵਾਉਣ ਲਈ ਸਖ਼ਤ ਨਿਯਮ ਲਾਗੂ ਹਨ। ਇਸ ਕਾਰਨ ਚੀਨੀ ਖਰੀਦਦਾਰ ਦੁਨੀਆ ਭਰ ਤੋਂ ਇਹ ਸਮੱਗਰੀ ਲੱਭਣ ਅਤੇ ਮੰਗਵਾਉਣ ਲਈ ਤੀਜੀ ਧਿਰ ਦੇ ਵਿਚੋਲਿਆਂ 'ਤੇ ਨਿਰਭਰ ਕਰਦੇ ਹਨ।
ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਬੈਟਰੀਆਂ ਦੇ ਕੂੜੇ ਲਈ ਭਾਰਤ ਚੀਨ ਦਾ ਅਗਲਾ ਨਿਸ਼ਾਨਾ ਬਣ ਸਕਦਾ ਹੈ ਕਿਉਂਕਿ ਪਿਛਲੇ ਇੱਕ ਦਹਾਕੇ ਦੌਰਾਨ ਭਾਰਤ ਵਿੱਚ 80 ਲੱਖ ਤੋਂ ਵੱਧ ਇਲੈਕਟ੍ਰਿਕ ਵਾਹਨ (EVs) ਸ਼ਾਮਲ ਹੋ ਚੁੱਕੇ ਹਨ।
ਭਾਰਤ ਨੇ ਸਾਵਧਾਨੀ ਵਜੋਂ ਚੁੱਕਿਆ ਕਦਮ ਮੀਡੀਆ ਰਿਪੋਰਟਾਂ ਅਨੁਸਾਰ, ਲਿਥੀਅਮ-ਆਇਨ ਬੈਟਰੀਆਂ ਦੇ 'ਬਲੈਕ ਮਾਸ' ਦੇ ਨਿਰਯਾਤ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਕੁਝ ਸਮਾਂ ਪਹਿਲਾਂ ਰੱਖਿਆ ਗਿਆ ਸੀ ਪਰ ਸਰਕਾਰ ਨੇ ਉਸ ਸਮੇਂ ਇਸ ਨੂੰ ਲਾਗੂ ਨਹੀਂ ਕੀਤਾ ਸੀ ਕਿਉਂਕਿ ਉਸ ਵੇਲੇ ਇਸ ਸਮੱਗਰੀ ਦਾ ਕੋਈ ਨਿਰਯਾਤ ਹੀ ਨਹੀਂ ਹੋ ਰਿਹਾ ਸੀ।
ਅਸਲ ਵਿੱਚ ਭਾਰਤ ਵੱਲੋਂ ਇਸ ਦੇ ਨਿਰਯਾਤ 'ਤੇ ਲਗਾਈ ਗਈ ਪਾਬੰਦੀ ਇੱਕ ਸਾਵਧਾਨੀ ਭਰਿਆ ਕਦਮ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਚੀਨ ਆਪਣੇ ਰਿਫਾਈਨਿੰਗ ਉਦਯੋਗ ਲਈ ਇਸ ਤਰ੍ਹਾਂ ਦੇ ਬੈਟਰੀ ਕੂੜੇ ਦੀ ਵੱਡੀ ਮਾਤਰਾ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਭਾਰਤ ਹੁਣ ਆਪਣੇ ਕੀਮਤੀ ਸਰੋਤਾਂ ਨੂੰ ਦੇਸ਼ ਵਿੱਚ ਹੀ ਰੱਖਣ ਦੀ ਰਣਨੀਤੀ 'ਤੇ ਕੰਮ ਕਰ ਰਿਹਾ ਹੈ।