- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਦਾ ਸਭ ਤੋਂ ਪਹਿਲਾ ਤੇ ਪੁਰਾਣਾ ਬਿਸਕੁਟ ਤੇ ਫੂਡ ਪ੍ਰੋਡਕਟ ਬ੍ਰਾਂਡ ਬ੍ਰਿਟਾਨੀਆ ਇੰਡਸਟ੍ਰੀਜ਼ (Britannia Industries) ਹੈ, ਜਿਸ ਦੀ ਸ਼ੁਰੂਆਤ 134 ਸਾਲ ਪਹਿਲਾਂ, ਸਾਲ 1892 ’ਚ ਕੋਲਕਾਤਾ ’ਚ ਕੀਤੀ ਗਈ ਸੀ।

ਨਵੀਂ ਦਿੱਲੀ : ਭਾਰਤ ’ਚ ਬਿਸਕੁਟ ਤੇ ਕੁਕੀਜ਼ ਦਾ ਇੱਕ ਬਹੁਤ ਵੱਡਾ ਬਾਜ਼ਾਰ ਹੈ, ਜਿਸ ’ਚ ਘਰ-ਘਰ ’ਚ ਮਸ਼ਹੂਰ ਬ੍ਰਾਂਡ ਤੇ ਰੋਜ਼ਾਨਾ ਖਾਧੇ ਜਾਣ ਵਾਲੇ ਸਨੈਕ ਉਤਪਾਦ ਸ਼ਾਮਲ ਹਨ। ਕਈ ਵੱਡੀਆਂ ਕੰਪਨੀਆਂ ਦੇ ਬਿਸਕੁਟ ਤੇ ਕੁਕੀਜ਼ ਘਰ-ਘਰ ’ਚ ਖਾਧੇ ਜਾਂਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਦੇਸ਼ ਦਾ ਸਭ ਤੋਂ ਪਹਿਲਾ ਬਿਸਕੁਟ ਬ੍ਰਾਂਡ ਬ੍ਰਿਟਾਨੀਆ ਹੈ। ਆਓ ਜਾਣਦੇ ਹਾਂ ਬ੍ਰਿਟਾਨੀਆ ਦਾ ਇਤਿਹਾਸ।
ਕਿੰਨਾ ਪੁਰਾਣਾ ਹੈ ਇਤਿਹਾਸ?
ਭਾਰਤ ਦਾ ਸਭ ਤੋਂ ਪਹਿਲਾ ਤੇ ਪੁਰਾਣਾ ਬਿਸਕੁਟ ਤੇ ਫੂਡ ਪ੍ਰੋਡਕਟ ਬ੍ਰਾਂਡ ਬ੍ਰਿਟਾਨੀਆ ਇੰਡਸਟ੍ਰੀਜ਼ (Britannia Industries) ਹੈ, ਜਿਸ ਦੀ ਸ਼ੁਰੂਆਤ 134 ਸਾਲ ਪਹਿਲਾਂ, ਸਾਲ 1892 ’ਚ ਕੋਲਕਾਤਾ ’ਚ ਕੀਤੀ ਗਈ ਸੀ। ਹਾਲਾਂਕਿ, ਇਹ ਪੂਰੀ ਤਰ੍ਹਾਂ ਭਾਰਤੀ ਬ੍ਰਾਂਡ ਨਹੀਂ ਸੀ। ਇਸ ਨੂੰ ਬ੍ਰਿਟਿਸ਼ ਉਦਯੋਗਪਤੀਆਂ ਨੇ ਇੱਕ ਛੋਟੀ ਬੇਕਰੀ ਵਜੋਂ ਸ਼ੁਰੂ ਕੀਤਾ ਸੀ, ਜਿੱਥੇ ਬਿਸਕੁਟਾਂ ਦੇ ਸ਼ੁਰੂਆਤੀ ਬੈਚ ਸਥਾਨਕ ਪੱਧਰ 'ਤੇ ਬਣਾਏ ਜਾਂਦੇ ਸਨ।
ਕੁਝ ਹੋਰ ਸੀ ਪਹਿਲਾ ਨਾਮ
ਬ੍ਰਿਟਾਨੀਆ ਇੰਡਸਟ੍ਰੀਜ਼ ਦੀ ਸ਼ੁਰੂਆਤ 'ਬ੍ਰਿਟਾਨੀਆ ਬਿਸਕੁਟਸ ਕੰਪਨੀ ਲਿਮਿਟਡ' ਦੇ ਨਾਮ ਨਾਲ ਹੋਈ ਸੀ। ਬਾਅਦ ’ਚ ਇਹ ਇੱਕ ਵੱਡੀ ਮਲਟੀਨੈਸ਼ਨਲ ਫੂਡ ਪ੍ਰੋਡਕਟਸ ਕੰਪਨੀ ਬਣ ਗਈ। ਅੰਗਰੇਜ਼ਾਂ ਵੱਲੋਂ ਸ਼ੁਰੂ ਕੀਤੀ ਗਈ ਇਸ ਕੰਪਨੀ ਦੀ ਮਾਲਕੀ ਅੱਜ ਵਾਡੀਆ ਗਰੁੱਪ ਕੋਲ ਹੈ। ਵਾਡੀਆ ਗਰੁੱਪ ਨੇ 1990 ਦੇ ਦਹਾਕੇ ਦੀ ਸ਼ੁਰੂਆਤ ਤੇ ਫਿਰ 2009 ’ਚ ਦੋ ਪੜਾਵਾਂ ’ਚ ਕੀਤੀ ਪ੍ਰਾਪਤੀ ਰਾਹੀਂ ਬ੍ਰਿਟਾਨੀਆ ਇੰਡਸਟ੍ਰੀਜ਼ ਦਾ ਪੂਰਾ ਕੰਟਰੋਲ ਹਾਸਲ ਕੀਤਾ।
ਸਿਰਫ਼ 295 ਰੁਪਏ ਨਾਲ ਹੋਈ ਸ਼ੁਰੂਆਤ
ਬ੍ਰਿਟਾਨੀਆ ਦੀ ਸ਼ੁਰੂਆਤ ਬ੍ਰਿਟਿਸ਼ ਵਪਾਰੀਆਂ ਨੇ 295 ਰੁਪਏ ਦੇ ਸ਼ੁਰੂਆਤੀ ਨਿਵੇਸ਼ ਨਾਲ ਕੀਤੀ ਸੀ। ਸ਼ੁਰੂ ’ਚ ਬਿਸਕੁਟ ਸੈਂਟਰਲ ਕੋਲਕਾਤਾ ਦੇ ਇੱਕ ਛੋਟੇ ਜਿਹੇ ਘਰ ’ਚ ਬਣਾਏ ਜਾਂਦੇ ਸਨ। ਬਾਅਦ ’ਚ ਇਸ ਕੰਪਨੀ ਨੂੰ ਗੁਪਤਾ ਭਰਾਵਾਂ (ਮੁੱਖ ਤੌਰ 'ਤੇ ਵਕੀਲ ਨਲਿਨ ਚੰਦਰ ਗੁਪਤਾ) ਨੇ ਖਰੀਦ ਲਿਆ ਤੇ ਇਸ ਨੂੰ V.S. Brothers ਦੇ ਨਾਮ ਨਾਲ ਚਲਾਇਆ ਗਿਆ। 1918 ’ਚ ਕੋਲਕਾਤਾ ’ਚ ਰਹਿਣ ਵਾਲੇ ਬ੍ਰਿਟਿਸ਼ ਵਪਾਰੀ C.H. Holmes ਨੂੰ ਭਾਗੀਦਾਰ ਬਣਾਇਆ ਗਿਆ ਤੇ 'ਦ ਬ੍ਰਿਟਾਨੀਆ ਬਿਸਕੁਟ ਕੰਪਨੀ ਲਿਮਿਟਡ' (BBCo) ਦੀ ਸ਼ੁਰੂਆਤ ਕੀਤੀ ਗਈ। 1924 ’ਚ ਮੁੰਬਈ ’ਚ ਫੈਕਟਰੀ ਲਗਾਈ ਗਈ ਤੇ 'ਪੀਕ ਫ੍ਰੇਨਜ਼' (Peek Freans) ਨੇ BBCo ’ਚ ਕੰਟਰੋਲਿੰਗ ਹਿੱਸੇਦਾਰੀ ਹਾਸਲ ਕਰ ਲਈ।
ਦੂਜੇ ਵਿਸ਼ਵ ਯੁੱਧ ਦੌਰਾਨ ਦਾ ਇਤਿਹਾਸ
ਦੂਜੇ ਵਿਸ਼ਵ ਯੁੱਧ ਦੌਰਾਨ ਬ੍ਰਿਟਿਸ਼ ਭਾਰਤ ਸਰਕਾਰ ਨੂੰ ਬ੍ਰਿਟਿਸ਼ ਸੈਨਿਕਾਂ ਲਈ ਬਿਸਕੁਟਾਂ ਦੀ ਲਗਾਤਾਰ ਸਪਲਾਈ ਦੀ ਲੋੜ ਸੀ। ਬ੍ਰਿਟਾਨੀਆ ਬਿਸਕੁਟ ਕੰਪਨੀ ਨੇ ਕਈ ਸਾਲਾਂ ਤੱਕ ਬ੍ਰਿਟਿਸ਼ ਫੌਜ ਨੂੰ ਬਿਸਕੁਟ ਸਪਲਾਈ ਕੀਤੇ। ਕਈ ਵਾਰ ਤਾਂ ਫੌਜ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕੰਪਨੀ ਆਪਣੀ 95% ਉਤਪਾਦਨ ਸਮਰੱਥਾ ਇਸੇ ਕੰਮ ਲਈ ਵਰਤਦੀ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਬਿਸਕੁਟਾਂ ਦੀ ਬਹੁਤ ਜ਼ਿਆਦਾ ਮੰਗ ਸੀ, ਜਿਸ ਕਾਰਨ ਕੰਪਨੀ ਦੀ ਵਿਕਰੀ ’ਚ ਤੇਜ਼ੀ ਆਈ। 1979 ’ਚ ਕੰਪਨੀ ਦਾ ਨਾਮ ਬਦਲ ਕੇ 'ਬ੍ਰਿਟਾਨੀਆ ਇੰਡਸਟ੍ਰੀਜ਼ ਲਿਮਿਟਡ' ਕਰ ਦਿੱਤਾ ਗਿਆ। 1982 ’ਚ ਅਮਰੀਕੀ ਕੰਪਨੀ 'ਨੈਬਿਸਕੋ' (Nabisco) ਨੇ 'ਪੀਕ ਫ੍ਰੇਨਜ਼' ਦੀ ਪੇਰੈਂਟ ਕੰਪਨੀ ਨੂੰ ਖਰੀਦ ਲਿਆ ਤੇ ਇੱਕ ਵੱਡੀ ਵਿਦੇਸ਼ੀ ਸ਼ੇਅਰਹੋਲਡਰ ਬਣ ਗਈ।
1978 ’ਚ ਆਇਆ ਪਬਲਿਕ ਇਸ਼ੂ
1978 ’ਚ ਬ੍ਰਿਟਾਨੀਆ ਆਪਣਾ IPO ਲੈ ਕੇ ਆਈ ਤੇ ਇਸ ’ਚ ਭਾਰਤੀ ਹਿੱਸੇਦਾਰੀ ਵੱਧ ਕੇ 62% ਹੋ ਗਈ। ਇਸ ਨਾਲ ਬ੍ਰਿਟਾਨੀਆ ਇੱਕ ਭਾਰਤੀ ਕੰਪਨੀ ਵਜੋਂ ਮਜ਼ਬੂਤੀ ਨਾਲ ਸਥਾਪਿਤ ਹੋ ਗਈ। ਬਾਕੀ 38% ਵਿਦੇਸ਼ੀ ਹਿੱਸੇਦਾਰੀ UK ਦੀ ਕੰਪਨੀ 'ਐਸੋਸੀਏਟਿਡ ਬਿਸਕੁਟ ਇੰਟਰਨੈਸ਼ਨਲ ਲਿਮਿਟਡ' ਕੋਲ ਸੀ।
1980 ਦੇ ਦਹਾਕੇ ’ਚ ਖਰੀਦਣ ਦੀ ਕੋਸ਼ਿਸ਼
1980 ਦੇ ਦਹਾਕੇ ਦੇ ਅਖੀਰ ’ਚ ਵਾਡੀਆ ਗਰੁੱਪ ਦੇ ਨੁਸਲੀ ਵਾਡੀਆ ਨੇ ਬ੍ਰਿਟਾਨੀਆ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਇਹ ਕੰਪਨੀ RJR ਨੈਬਿਸਕੋ ਦੇ ਅਧੀਨ ਸੀ। ਪਰ ਨੈਬਿਸਕੋ ਨੇ ਵਾਡੀਆ ਦੇ ਸਹਿਯੋਗੀ, ਭਾਰਤੀ ਕਾਰੋਬਾਰੀ ਰਾਜਨ ਪਿੱਲਈ ਨੂੰ ਚੁਣਿਆ, ਜੋ ਫਰਾਂਸੀਸੀ ਫੂਡ ਕੰਪਨੀ ਗਰੁੱਪ ਡੈਨੋਨ ਦੇ ਸਮਰਥਨ ਨਾਲ ਚੇਅਰਮੈਨ ਬਣੇ। ਬਾਅਦ ’ਚ ਪਿੱਲਈ ਤੇ ਡੈਨੋਨ ਵਿਚਕਾਰ ਮਤਭੇਦ ਹੋ ਗਏ, ਜਦੋਂ ਡੈਨੋਨ ਨੇ ਪਿੱਲਈ 'ਤੇ ਵਿੱਤੀ ਬੇਨਿਯਮੀਆਂ ਤੇ ਧੋਖਾਧੜੀ ਦੇ ਦੋਸ਼ ਲਗਾਏ। ਆਖਿਰਕਾਰ ਉਹ ਮੌਕਾ ਆਇਆ ਜਦੋਂ ਨੁਸਲੀ ਵਾਡੀਆ ਨੇ ਬ੍ਰਿਟਾਨੀਆ ਨੂੰ ਇੱਕ ਭਾਰਤੀ ਕੰਪਨੀ ਬਣਾ ਲਿਆ। ਅੱਜ ਇਹ ਵਾਡੀਆ ਗਰੁੱਪ ਦੀ ਇੱਕ ਬਹੁਤ ਮਹੱਤਵਪੂਰਨ ਕੰਪਨੀ ਹੈ, ਜਿਸ ਦੀ ਮਾਰਕੀਟ ਕੈਪਿਟਲਾਈਜ਼ੇਸ਼ਨ 1.21 ਲੱਖ ਕਰੋੜ ਹੈ। ਇਹ ਆਪਣੇ ਰੇਵਨਿਊ ਦਾ 80 ਫੀਸਦੀ ਤੱਕ ਸਿਰਫ਼ ਬਿਸਕੁਟਾਂ ਤੋਂ ਹੀ ਹਾਸਲ ਕਰਦੀ ਹੈ। ਬਿਸਕੁਟਾਂ ਤੋਂ ਇਲਾਵਾ ਕੰਪਨੀ ਬ੍ਰੈੱਡ, ਕੇਕ, ਰਸਕ, ਚੀਜ਼, ਘਿਓ ਤੇ ਦਹੀਂ ਵੀ ਵੇਚਦੀ ਹੈ।