- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਨੇ ਕਣਕ ਦੀ ਬਰਾਮਦ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ, ਜਿਸ ਤੋਂ ਬਾਅਦ ਏਸ਼ੀਆਈ ਦੇਸ਼ਾਂ ’ਚ ਭਾਰਤੀ ਕਣਕ ਦੀ ਮੰਗ ਵਧ ਗਈ ਹੈ। ਗਲੋਬਲ ਮਾਰਕੀਟ ’ਚ ਵਧਦੀਆਂ ਕੀਮਤਾਂ ਤੇ ਕਾਲਾ ਸਾਗਰ ਖੇਤਰ ’ਚ ਵਪਾਰਕ ਰੁਕਾਵਟਾਂ ਦਰਮਿਆਨ ਭਾਰਤੀ ਕਣਕ ਸਸਤਾ ਤੇ ਸੁਵਿਧਾਜਨਕ ਵਿਕਲਪ ਬਣ ਕੇ ਉਭਰਿਆ ਹੈ।

ਬਿਜ਼ਨਸ ਡੈਸਕ, ਨਵੀਂ ਦਿੱਲੀ : ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਕਾਰਨ ਕਾਲੇ ਸਾਗਰ ਖੇਤਰ ’ਚ ਲਗਾਤਾਰ ਹਮਲੇ ਹੋਏ ਹਨ, ਜਿਸ ਕਾਰਨ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ। ਇਸ ਦਾ ਅਸਰ ਏਸ਼ੀਆਈ ਦੇਸ਼ਾਂ 'ਤੇ ਵੀ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਭਾਰਤ ਨੂੰ ਬੰਗਲਾਦੇਸ਼ ਦੇ ਰੂਪ ’ਚ ਕਣਕ ਲਈ ਵੱਡਾ ਬਾਜ਼ਾਰ ਮਿਲਿਆ ਹੈ। ਭਾਰਤ ਵੱਲੋਂ ਕਣਕ ਦੀ ਬਰਾਮਦ 'ਤੇ ਲੱਗੀ ਪਾਬੰਦੀ ਹਟਾਏ ਜਾਣ ਤੋਂ ਬਾਅਦ ਬੰਗਲਾਦੇਸ਼ ਨੇ ਮੁੜ ਭਾਰਤੀ ਕਣਕ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ। ਗਲੋਬਲ ਮਾਰਕੀਟ ’ਚ ਕਣਕ ਦੀਆਂ ਵਧਦੀਆਂ ਕੀਮਤਾਂ ਤੇ ਬਲੈਕ ਸੀ ਖੇਤਰ ’ਚ ਵਪਾਰਕ ਰੁਕਾਵਟਾਂ ਵਿਚਕਾਰ ਭਾਰਤੀ ਕਣਕ ਬੰਗਲਾਦੇਸ਼ ਲਈ ਸਸਤਾ ਤੇ ਸੁਵਿਧਾਜਨਕ ਵਿਕਲਪ ਬਣ ਕੇ ਸਾਹਮਣੇ ਆਈ ਹੈ।
4 ਸਾਲ ਬਾਅਦ ਬੰਗਲਾਦੇਸ਼ ਨੇ ਭਾਰਤ ਵੱਲ ਕੀਤਾ ਰੁਖ
ਮਾਹਿਰਾਂ ਮੁਤਾਬਕ ਅਗਸਤ ਦੇ ਅੰਤ ’ਚ ਭਾਰਤ ਵੱਲੋਂ ਕਣਕ ਦੀ ਬਰਾਮਦ 'ਤੇ ਲੱਗੀ ਪਾਬੰਦੀ ਹਟਾਉਣ ਤੋਂ ਬਾਅਦ ਬੰਗਲਾਦੇਸ਼ੀ ਆਯਾਤਕਾਰਾਂ ਨੇ ਭਾਰਤ ਤੋਂ 2 ਲੱਖ ਟਨ ਤੋਂ ਵੱਧ ਕਣਕ ਖਰੀਦਣ ਦੀ ਡੀਲ ਕੀਤੀ ਹੈ। ਸਾਲ 2022 ਤੋਂ ਬਾਅਦ ਇਸ ਨੂੰ ਭਾਰਤ ਦੀ ਪਹਿਲੀ ਵੱਡੀ ਕਣਕ ਵਿਕਰੀ ਮੰਨਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੰਗਲਾਦੇਸ਼ ਨੂੰ ਹਰ ਸਾਲ 70 ਲੱਖ ਟਨ ਤੋਂ ਵੱਧ ਕਣਕ ਦਰਾਮਦ ਕਰਨੀ ਪੈਂਦੀ ਹੈ। ਮਈ 2022 ’ਚ ਭਾਰਤ ਵੱਲੋਂ ਕਣਕ ਦੀ ਬਰਾਮਦ 'ਤੇ ਰੋਕ ਲਗਾਉਣ ਤੋਂ ਪਹਿਲਾਂ ਬੰਗਲਾਦੇਸ਼ ਦੀ ਕੁੱਲ ਕਣਕ ਦਰਾਮਦ ’ਚ ਭਾਰਤ ਦੀ ਹਿੱਸੇਦਾਰੀ ਕਰੀਬ 70 ਫੀਸਦੀ ਸੀ। ਇਸ ਤੋਂ ਬਾਅਦ ਬੰਗਲਾਦੇਸ਼ ਨੇ ਅਰਜਨਟੀਨਾ, ਕੈਨੇਡਾ, ਰੂਸ ਤੇ ਯੂਕਰੇਨ ਵਰਗੇ ਦੇਸ਼ਾਂ ਤੋਂ ਖਰੀਦ ਵਧਾ ਦਿੱਤੀ। ਇਸ ਤੋਂ ਬਾਅਦ ਉਸ ਦੀ ਕਰੀਬ 40 ਫੀਸਦੀ ਦਰਾਮਦ ਬਲੈਕ ਸੀ ਖੇਤਰ ਤੋਂ ਹੋਣ ਲੱਗੀ।
ਕਿੰਨੀ ਕੀਮਤ 'ਤੇ ਹੋਵੇਗੀ ਭਾਰਤੀ ਕਣਕ ਦੀ ਵਿਕਰੀ?
ਭਾਰਤ ਤੋਂ ਬੰਗਲਾਦੇਸ਼ ਭੇਜੀ ਜਾਣ ਵਾਲੀ ਜ਼ਿਆਦਾਤਰ ਕਣਕ ਦੀ ਢੁਆਈ ਰੇਲ ਮਾਰਗ ਰਾਹੀਂ ਕੀਤੀ ਜਾਵੇਗੀ। ਮਾਮਲੇ ਨਾਲ ਜੁੜੇ ਮਾਹਿਰਾਂ ਨੇ ਮੀਡੀਆ ਨੂੰ ਦੱਸਿਆ ਕਿ ਬੰਗਲਾਦੇਸ਼ ਪਹੁੰਚਣ ਤੱਕ ਭਾਰਤੀ ਕਣਕ ਦੀ ਕੀਮਤ 305 ਤੋਂ 326 ਡਾਲਰ ਪ੍ਰਤੀ ਟਨ ਦੇ ਵਿਚਕਾਰ ਰਹੇਗੀ। ਇਹ ਆਸਟ੍ਰੇਲੀਆਈ ਕਣਕ ਦੇ ਮੁਕਾਬਲੇ ਕਾਫੀ ਸਸਤੀ ਹੈ। ਇਸ ਸਮੇਂ ਬੰਗਲਾਦੇਸ਼ੀ ਖਰੀਦਦਾਰਾਂ ਨੂੰ ਆਸਟ੍ਰੇਲੀਆਈ ਕਣਕ ਲਈ 450 ਡਾਲਰ ਪ੍ਰਤੀ ਟਨ ਤੋਂ ਵੱਧ ਕੀਮਤ ਚੁਕਾਉਣੀ ਪੈ ਰਹੀ ਹੈ। ਸਿਰਫ਼ ਬੰਗਲਾਦੇਸ਼ ਹੀ ਨਹੀਂ, ਸਗੋਂ ਸ਼੍ਰੀਲੰਕਾ ਦੇ ਆਯਾਤਕਾਰਾਂ ਨੇ ਵੀ ਹਾਲ ਹੀ ’ਚ ਭਾਰਤ ਤੋਂ ਕਰੀਬ 60,000 ਟਨ ਕਣਕ ਖਰੀਦੀ ਹੈ। ਇਸ ਦੀ ਕੀਮਤ ਸ਼ਿਪਮੈਂਟ ਤੋਂ ਪਹਿਲਾਂ ਲਗਭਗ 325 ਡਾਲਰ ਪ੍ਰਤੀ ਟਨ ਦੱਸੀ ਜਾ ਰਹੀ ਹੈ।
ਵਧਦੀ ਮਹਿੰਗਾਈ ਵਿਚਕਾਰ ਮਿਲੇਗੀ ਰਾਹਤ
ਗਲੋਬਲ ਮਾਰਕੀਟ ’ਚ ਕਣਕ ਦੀਆਂ ਉੱਚੀਆਂ ਕੀਮਤਾਂ ਦਾ ਅਸਰ ਬੰਗਲਾਦੇਸ਼ ਦੀ ਖੁਰਾਕ ਮਹਿੰਗਾਈ 'ਤੇ ਵੀ ਪੈ ਰਿਹਾ ਹੈ। ਰਾਜਧਾਨੀ ਢਾਕਾ ’ਚ ਪਿਛਲੇ ਇੱਕ ਮਹੀਨੇ ਦੌਰਾਨ ਕਣਕ ਦੇ ਆਟੇ ਦੀਆਂ ਕੀਮਤਾਂ ’ਚ ਲਗਭਗ 17 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਘੱਟ ਦੂਰੀ, ਘੱਟ ਮਾਲ-ਭਾੜਾ ਤੇ ਮੁਕਾਬਲੇ ਵਾਲੀਆਂ ਕੀਮਤਾਂ ਕਾਰਨ ਭਾਰਤੀ ਕਣਕ ਦੱਖਣੀ ਏਸ਼ੀਆਈ ਦੇਸ਼ਾਂ ਲਈ ਮੁੜ ਬਿਹਤਰ ਵਿਕਲਪ ਬਣ ਰਹੀ ਹੈ। ਭਾਰਤ ਦੀ ਗਲੋਬਲ ਕਣਕ ਮਾਰਕੀਟ ’ਚ ਵਾਪਸੀ ਨਾਲ ਬੰਗਲਾਦੇਸ਼ ਤੇ ਸ਼੍ਰੀਲੰਕਾ ਵਰਗੇ ਦੇਸ਼ਾਂ ਨੂੰ ਸਸਤੀ ਦਰਾਂ 'ਤੇ ਕਣਕ ਉਪਲਬਧ ਹੋਣ ਦੀ ਉਮੀਦ ਹੈ।