ਘਰ ਖਰੀਦਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ, ਹੋਮ ਲੋਨ ’ਤੇ ਮਿਲੇਗੀ ₹1.80 ਲੱਖ ਤੱਕ ਦੀ ਸਬਸਿਡੀ; ਜਾਣੋ ਕੌਣ-ਕੌਣ ਲੈ ਸਕਦੈ ਫ਼ਾਇਦਾ ਜੇਕਰ ਤੁਸੀਂ ਆਪਣਾ ਘਰ ਖਰੀਦਣ ਦਾ ਸੁਪਨਾ ਦੇਖ ਰਹੇ ਹੋ, ਤਾਂ ਹੋਮ ਲੋਨ ਦਾ ਬੋਝ ਕੁਝ ਘੱਟ ਹੋ ਸਕਦਾ ਹੈ। ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ (PMAY-U 2.0) ਤਹਿਤ ਯੋਗ ਪਰਿਵਾਰਾਂ ਨੂੰ ਹੋਮ ਲੋਨ ਦੇ ਵਿਆਜ ’ਤੇ ₹1.80 ਲੱਖ ਤੱਕ ਦੀ ਸਬਸਿਡੀ ਮਿਲ ਸਕਦੀ ਹੈ। ਇਸ ਯੋਜਨਾ ਦਾ ਉਦੇਸ਼ ਘੱਟ ਅਤੇ ਮੱਧਮ ਆਮਦਨ ਵਾਲੇ ਪਰਿਵਾਰਾਂ ਲਈ ਘਰ ਖਰੀਦਣਾ ਜਾਂ ਬਣਾਉਣਾ ਆਸਾਨ ਕਰਨਾ ਹੈ।
Publish Date: Wed, 14 Oct 2026 02:39 PM (IST)
Updated Date: Wed, 14 Oct 2026 02:40 PM (IST)
ਬਿਜ਼ਨੈਸ ਡੈਸਕ, ਨਵੀਂ ਦਿੱਲੀ : ਜੇਕਰ ਤੁਸੀਂ ਆਪਣਾ ਘਰ ਖਰੀਦਣ ਦਾ ਸੁਪਨਾ ਦੇਖ ਰਹੇ ਹੋ, ਤਾਂ ਹੋਮ ਲੋਨ ਦਾ ਬੋਝ ਕੁਝ ਘੱਟ ਹੋ ਸਕਦਾ ਹੈ। ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ (PMAY-U 2.0) ਤਹਿਤ ਯੋਗ ਪਰਿਵਾਰਾਂ ਨੂੰ ਹੋਮ ਲੋਨ ਦੇ ਵਿਆਜ ’ਤੇ ₹1.80 ਲੱਖ ਤੱਕ ਦੀ ਸਬਸਿਡੀ ਮਿਲ ਸਕਦੀ ਹੈ। ਇਸ ਯੋਜਨਾ ਦਾ ਉਦੇਸ਼ ਘੱਟ ਅਤੇ ਮੱਧਮ ਆਮਦਨ ਵਾਲੇ ਪਰਿਵਾਰਾਂ ਲਈ ਘਰ ਖਰੀਦਣਾ ਜਾਂ ਬਣਾਉਣਾ ਆਸਾਨ ਕਰਨਾ ਹੈ।
ਕਿਸ ਨੂੰ ਮਿਲੇਗੀ ₹1.80 ਲੱਖ ਤੱਕ ਦੀ ਸਬਸਿਡੀ? ਯੋਜਨਾ ਦੀ ਇੰਟਰੈਸਟ ਸਬਸਿਡੀ ਸਕੀਮ (ISS) ਤਹਿਤ ਸਾਲਾਨਾ ਪਰਿਵਾਰਕ ਆਮਦਨ ₹9 ਲੱਖ ਤੱਕ ਹੋਣ ’ਤੇ ਯੋਗ ਪਰਿਵਾਰ ਇਸ ਦਾ ਲਾਭ ਲੈ ਸਕਦੇ ਹਨ। ਇਸ ਲਈ ਮਕਾਨ ਦੀ ਕੀਮਤ ਵੱਧ ਤੋਂ ਵੱਧ ₹35 ਲੱਖ ਅਤੇ ਹੋਮ ਲੋਨ ਦੀ ਰਕਮ ਵੱਧ ਤੋਂ ਵੱਧ ₹25 ਲੱਖ ਹੋਣੀ ਚਾਹੀਦੀ ਹੈ। ਮਕਾਨ ਦਾ ਕਾਰਪੇਟ ਏਰੀਆ 120 ਵਰਗ ਮੀਟਰ ਤੱਕ ਹੋਣਾ ਚਾਹੀਦਾ ਹੈ।
ਯੋਜਨਾ ਤਹਿਤ ਆਮਦਨ ਦੇ ਆਧਾਰ ’ਤੇ ਪਰਿਵਾਰਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ:-
:- EWS (ਆਰਥਿਕ ਤੌਰ ’ਤੇ ਕਮਜ਼ੋਰ ਵਰਗ): ਸਾਲਾਨਾ ਪਰਿਵਾਰਕ ਆਮਦਨ ₹3 ਲੱਖ ਤੱਕ।
:- LIG (ਘੱਟ ਆਮਦਨ ਵਰਗ): ਸਾਲਾਨਾ ਪਰਿਵਾਰਕ ਆਮਦਨ ₹3 ਲੱਖ ਤੋਂ ₹6 ਲੱਖ ਤੱਕ।
:- MIG (ਮੱਧਮ ਆਮਦਨ ਵਰਗ): ਸਾਲਾਨਾ ਪਰਿਵਾਰਕ ਆਮਦਨ ₹6 ਲੱਖ ਤੋਂ ₹9 ਲੱਖ ਤੱਕ।
ਧਿਆਨ ਰੱਖੋ ਕਿ ਸਿਰਫ਼ ਆਮਦਨ ਦੀ ਨਿਰਧਾਰਤ ਹੱਦ ਵਿੱਚ ਆਉਣ ਨਾਲ ਸਬਸਿਡੀ ਮਿਲਣੀ ਤੈਅ ਨਹੀਂ ਹੈ। ਬਿਨੈਕਾਰ ਨੂੰ ਯੋਜਨਾ ਦੀਆਂ ਹੋਰ ਯੋਗਤਾ ਸ਼ਰਤਾਂ ਵੀ ਪੂਰੀਆਂ ਕਰਨੀਆਂ ਪੈਣਗੀਆਂ।
ਕਿੰਨੇ ਹੋਮ ਲੋਨ ’ਤੇ ਮਿਲੇਗੀ ਸਬਸਿਡੀ? ਯੋਜਨਾ ਤਹਿਤ ਯੋਗ ਲਾਭਪਾਤਰੀਆਂ ਨੂੰ ਹੋਮ ਲੋਨ ਦੇ ਪਹਿਲੇ ₹8 ਲੱਖ ’ਤੇ 4 ਫ਼ੀਸਦੀ ਵਿਆਜ ਸਬਸਿਡੀ ਦਿੱਤੀ ਜਾਂਦੀ ਹੈ। ਨਿਰਧਾਰਤ ਨਿਯਮਾਂ ਅਨੁਸਾਰ ਇਹ ਲਾਭ ਵੱਧ ਤੋਂ ਵੱਧ 12 ਸਾਲਾਂ ਦੀ ਮਿਆਦ ਲਈ ਮਿਲਦਾ ਹੈ। ਸਬਸਿਡੀ ਦੀ ਵੱਧ ਤੋਂ ਵੱਧ ਹੱਦ ₹1.80 ਲੱਖ ਹੈ।
ਇੱਥੇ ਇੱਕ ਗੱਲ ਸਮਝਣੀ ਜ਼ਰੂਰੀ ਹੈ ਕਿ ਹਰ ਬਿਨੈਕਾਰ ਨੂੰ ₹1.80 ਲੱਖ ਦੀ ਸਬਸਿਡੀ ਇਕਮੁਸ਼ਤ ਜਾਂ ਪੱਕੇ ਤੌਰ ’ਤੇ ਨਹੀਂ ਮਿਲੇਗੀ। ਅਸਲ ਸਬਸਿਡੀ ਦੀ ਰਕਮ ਲੋਨ ਦੀ ਰਕਮ ਅਤੇ ਮਿਆਦ ’ਤੇ ਨਿਰਭਰ ਕਰੇਗੀ। ਜੇਕਰ ਲੋਨ ₹8 ਲੱਖ ਤੋਂ ਘੱਟ ਹੈ ਜਾਂ ਇਸ ਦੀ ਮਿਆਦ 12 ਸਾਲਾਂ ਤੋਂ ਘੱਟ ਹੈ, ਤਾਂ ਸਬਸਿਡੀ ਦੀ ਰਕਮ ਵੀ ਘੱਟ ਹੋ ਸਕਦੀ ਹੈ।
ਉਦਾਹਰਨ ਵਜੋਂ, ਜੇਕਰ ਕਿਸੇ ਯੋਗ ਵਿਅਕਤੀ ਨੇ ₹20 ਲੱਖ ਦਾ ਹੋਮ ਲੋਨ ਲਿਆ ਹੈ, ਤਾਂ ਵੀ ਉਸ ਨੂੰ ਸਬਸਿਡੀ ਪੂਰੇ ₹20 ਲੱਖ ’ਤੇ ਨਹੀਂ, ਸਗੋਂ ਯੋਜਨਾ ਦੇ ਨਿਯਮਾਂ ਅਨੁਸਾਰ ਪਹਿਲੇ ₹8 ਲੱਖ ਦੇ ਹਿੱਸੇ ’ਤੇ ਹੀ ਮਿਲੇਗੀ।
ਕਿਵੇਂ ਕਰੀਏ ਅਰਜ਼ੀ? ਜਾਣੋ ਪੂਰੀ ਪ੍ਰਕਿਰਿਆ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ 2.0 ਤਹਿਤ ਵਿਆਜ ਸਬਸਿਡੀ ਲੈਣ ਲਈ ਅਰਜ਼ੀ ਦੀ ਪ੍ਰਕਿਰਿਆ ਆਨਲਾਈਨ ਹੈ। ਇਸ ਲਈ ਹੇਠਾਂ ਦਿੱਤੇ ਕਦਮ ਅਪਣਾਏ ਜਾ ਸਕਦੇ ਹਨ :-
:- ਸਭ ਤੋਂ ਪਹਿਲਾਂ ਯੋਜਨਾ ਦੇ ਅਧਿਕਾਰਤ ਪੋਰਟਲ PMAY-U 2.0 ’ਤੇ ਜਾਓ।
:- ਹੋਮ ਲੋਨ ’ਤੇ ਵਿਆਜ ਸਬਸਿਡੀ ਲੈਣ ਲਈ ਆਪਣੀ ਯੋਗਤਾ ਦੀ ਜਾਂਚ ਕਰੋ।
:- ਯੂਨੀਫਾਈਡ ਵੈੱਬ ਪੋਰਟਲ ’ਤੇ ਆਪਣੀ ਮੰਗ ਦਰਜ ਕਰੋ ਅਤੇ ਹੋਮ ਲੋਨ ਦੇਣ ਵਾਲੇ ਬੈਂਕ ਜਾਂ ਵਿੱਤੀ ਸੰਸਥਾ ਦੀ ਜਾਣਕਾਰੀ ਭਰੋ।
:- ਲੋੜੀਂਦੀ ਜਾਣਕਾਰੀ ਅਤੇ ਦਸਤਾਵੇਜ਼ ਜਮ੍ਹਾਂ ਕਰਵਾਓ। ਇਸ ਤੋਂ ਬਾਅਦ ਅਰਜ਼ੀ ਜਾਂਚ ਲਈ ਸਬੰਧਤ ਬੈਂਕ ਜਾਂ ਵਿੱਤੀ ਸੰਸਥਾ ਕੋਲ ਭੇਜੀ ਜਾਵੇਗੀ।
:- ਯੋਗਤਾ ਦੀ ਪੁਸ਼ਟੀ ਅਤੇ ਲੋੜੀਂਦੀ ਜਾਂਚ ਪੂਰੀ ਹੋਣ ਤੋਂ ਬਾਅਦ ਸਬਸਿਡੀ ਜਾਰੀ ਕਰਨ ਦੀ ਪ੍ਰਕਿਰਿਆ ਅੱਗੇ ਵਧੇਗੀ।