FSSAI ਦੀ ਸਖ਼ਤ ਕਾਰਵਾਈ: Old Monk ਤੇ McDowell's ਸਮੇਤ ਕਈ ਸ਼ਰਾਬ ਬ੍ਰਾਂਡਾਂ 'ਤੇ ਲੱਗੀ ਰੋਕ
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਦੱਸਿਆ ਕਿ ਸ਼ਰਾਬ ਬਣਾਉਣ ਵਾਲੀਆਂ ਕੁਝ ਕੰਪਨੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਕੰਪਨੀਆਂ 'ਤੇ ਦੋਸ਼ ਹੈ ਕਿ ਉਹ ਭੋਜਨ ਸੁਰੱਖਿਆ ਨਾਲ ਜੁੜੇ ਮੌਜੂਦਾ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੀਆਂ ਹਨ। ਇਨ੍ਹਾਂ ਵਿੱਚ ਅਜਿਹੇ ਫਲੇਵਰਾਂ ਦੀ ਵਰਤੋਂ ਵੀ ਸ਼ਾਮਲ ਹੈ ਜੋ ਰਮ ਅਤੇ ਵਿਸਕੀ ਵਰਗੇ ਆਮ ਅਲਕੋਹਲਿਕ ਡ੍ਰਿੰਕਸ ਦੀ ਅਸਲ ਖੁਸ਼ਬੂ ਅਤੇ ਸਵਾਦ ਦੀ ਨਕਲ ਕਰਦੇ ਹਨ।
Publish Date: Mon, 03 Aug 2026 05:08 PM (IST)
Updated Date: Mon, 03 Aug 2026 05:10 PM (IST)
ਨਵੀਂ ਦਿੱਲੀ। ਸਰਕਾਰ ਨੇ ਕਿਹਾ ਹੈ ਕਿ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਵੱਲੋਂ ਕੁਝ ਸ਼ਰਾਬ ਕੰਪਨੀਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਕਾਰਵਾਈ ਫਲੇਵਰਿੰਗ ਏਜੰਟਾਂ ਦੀ ਵਰਤੋਂ ਅਤੇ ਉਤਪਾਦ ਦੇ ਲੇਬਲ 'ਤੇ ਉਮਰ ਨਾਲ ਜੁੜੇ ਉਨ੍ਹਾਂ ਦਾਅਵਿਆਂ ਨਾਲ ਸਬੰਧਤ ਹੈ ਜੋ ਕਥਿਤ ਤੌਰ 'ਤੇ ਗੁੰਮਰਾਹਕੁੰਨ ਹਨ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਦੱਸਿਆ ਕਿ ਸ਼ਰਾਬ ਬਣਾਉਣ ਵਾਲੀਆਂ ਕੁਝ ਕੰਪਨੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਕੰਪਨੀਆਂ 'ਤੇ ਦੋਸ਼ ਹੈ ਕਿ ਉਹ ਭੋਜਨ ਸੁਰੱਖਿਆ ਨਾਲ ਜੁੜੇ ਮੌਜੂਦਾ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੀਆਂ ਹਨ। ਇਨ੍ਹਾਂ ਵਿੱਚ ਅਜਿਹੇ ਫਲੇਵਰਾਂ ਦੀ ਵਰਤੋਂ ਵੀ ਸ਼ਾਮਲ ਹੈ ਜੋ ਰਮ ਅਤੇ ਵਿਸਕੀ ਵਰਗੇ ਆਮ ਅਲਕੋਹਲਿਕ ਡ੍ਰਿੰਕਸ ਦੀ ਅਸਲ ਖੁਸ਼ਬੂ ਅਤੇ ਸਵਾਦ ਦੀ ਨਕਲ ਕਰਦੇ ਹਨ।
ਮੰਤਰਾਲੇ ਨੇ ਦੱਸਿਆ ਕਿ ਜਾਂਚ ਵਿੱਚ ਪਤਾ ਲੱਗਾ ਹੈ ਕਿ ਕੁਝ ਨਿਰਮਾਤਾ ਮੁੱਖ ਤੌਰ 'ਤੇ ਸਪਿਰਿਟ ਜਾਂ ਐਕਸਟਰਾ ਨਿਊਟਰਲ ਅਲਕੋਹਲ (ENA) ਤੋਂ ਸ਼ਰਾਬ ਬਣਾ ਰਹੇ ਸਨ ਅਤੇ ਫਿਰ ਉਸ ’ਚ ਬਾਹਰੀ ਫਲੇਵਰ ਮਿਲਾ ਰਹੇ ਸਨ ਤਾਂ ਜੋ ਰਮ ਅਤੇ ਵਿਸਕੀ ਵਰਗੇ ਉਤਪਾਦਾਂ ਵਰਗੀ ਖੁਸ਼ਬੂ ਅਤੇ ਸਵਾਦ ਮਿਲ ਸਕੇ।
ਮੰਤਰਾਲੇ ਨੇ ਕਿਹਾ, "ਅਜਿਹੇ ਉਤਪਾਦ ਨਾ ਸਿਰਫ਼ ਘਟੀਆ ਕੁਆਲਟੀ ਦੇ ਹੁੰਦੇ ਹਨ, ਸਗੋਂ ਸਟੈਂਡਰਡ ਕੈਟੇਗਰੀ ਦੇ ਨਾਵਾਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਪੇਸ਼ ਵੀ ਕੀਤਾ ਜਾਂਦਾ ਹੈ।"
ਮੰਤਰਾਲੇ ਨੇ ਇਹ ਵੀ ਕਿਹਾ ਕਿ ਗਾਹਕਾਂ ਨੂੰ ਪੈਕੇਜਿੰਗ ਦੇ ਸਾਹਮਣੇ ਵਾਲੇ ਹਿੱਸੇ 'ਤੇ ਉਤਪਾਦ ਦੀ ਅਸਲ ਸਥਿਤੀ ਬਾਰੇ ਠੀਕ ਤਰ੍ਹਾਂ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਮੰਤਰਾਲੇ ਨੇ ਦੱਸਿਆ ਕਿ ਕਈ ਨਿਰਮਾਤਾਵਾਂ ਦੀ ਰਮ ਅਤੇ ਵਿਸਕੀ ਦੇ ਨਮੂਨਿਆਂ ਦੀ ਲੈਬ ਟੈਸਟਿੰਗ ’ਚ ਬਾਹਰੀ ਆਰਟੀਫੀਸ਼ੀਅਲ ਜਾਂ ਨੇਚਰ-ਆਈਡੈਂਟੀਕਲ ਫਲੇਵਰ ਪਾਏ ਗਏ।
ਇੱਕ ਲੈਬ ਰਿਪੋਰਟ ਦਾ ਹਵਾਲਾ ਦਿੰਦੇ ਹੋਏ, ਮੰਤਰਾਲੇ ਨੇ ਕਿਹਾ ਕਿ ਅਜਿਹੇ ਫਲੇਵਰ ਮਿਲਾਉਣ ਨਾਲ ਉਤਪਾਦ ਦਾ ਕੁਦਰਤੀ ਸਵਾਦ ਛੁਪ ਜਾਂਦਾ ਹੈ, ਜਿਸ ਨਾਲ ਮੌਜੂਦਾ ਨਿਯਮਾਂ ਤੋਂ ਇਸ ਦੀ ਕੁਆਲਟੀ ਖਰਾਬ ਹੋ ਜਾਂਦੀ ਹੈ।
ਸਰਕਾਰ ਨੇ 'ਓਲਡ ਮੌਂਕ XXX ਰਮ' (Old Monk XXX Rum) ਦੇ ਇੱਕ ਵੇਰੀਐਂਟ 'ਤੇ "7 ਸਾਲ ਪੁਰਾਣੀ ਬਲੈਂਡਡ" ਹੋਣ ਦੇ ਦਾਅਵੇ ਨੂੰ ਵੀ ਗਲਤ ਦੱਸਿਆ ਅਤੇ ਇਸ ਨੂੰ ਗੁੰਮਰਾਹਕੁੰਨ ਕਰਾਰ ਦਿੱਤਾ।
ਮੰਤਰਾਲੇ ਨੇ ਇਹ ਵੀ ਦੱਸਿਆ ਕਿ 'ਫੂਡ ਸੇਫ਼ਟੀ ਐਂਡ ਸਟੈਂਡਰਡਜ਼ (ਅਲਕੋਹਲਿਕ ਬੇਵਰੇਜਿਜ਼) ਰੈਗੂਲੇਸ਼ਨਜ਼, 2018' ਤਹਿਤ, ਬਲੈਂਡਡ ਸਪਿਰਿਟ ਦੀ ਉਮਰ ਦਾ ਦਾਅਵਾ ਉਸ ਬਲੈਂਡ ਵਿੱਚ ਮੌਜੂਦ ਸਭ ਤੋਂ ਘੱਟ ਉਮਰ ਦੀ ਸਪਿਰਿਟ ਦੇ ਆਧਾਰ 'ਤੇ ਤੈਅ ਕੀਤਾ ਜਾਂਦਾ ਹੈ।
ਲੈਬ ਰਿਪੋਰਟ ਦੇ ਆਧਾਰ 'ਤੇ, FSSAI ਨੇ ਮੋਹਨ ਰਾਕੀ ਸਪ੍ਰਿੰਗਵਾਟਰ ਦੀ ਖੋਪੋਲੀ ਯੂਨਿਟ, ਯੂਨਾਈਟਿਡ ਸਪਿਰਿਟਸ ਦੀ ਬਾਰਾਮਤੀ ਫੈਸਿਲਿਟੀ, ਮੱਧ ਪ੍ਰਦੇਸ਼ ਵਿੱਚ INBREW ਬੇਵਰੇਜਿਜ਼, ਮੱਧ ਪ੍ਰਦੇਸ਼ ’ਚ ਐਸੋਸੀਏਟਡ ਅਲਕੋਹਲ ਐਂਡ ਬ੍ਰੂਅਰੀਜ਼ ਅਤੇ ਮੱਧ ਪ੍ਰਦੇਸ਼ ਵਿੱਚ ਯੂਨਾਈਟਿਡ ਸਪਿਰਿਟਸ ਦੀ ਇੱਕ ਯੂਨਿਟ ਵੱਲੋਂ ਤਿਆਰ ਕੀਤੇ ਗਏ ਉਤਪਾਦਾਂ ਦੀ ਵਿਕਰੀ 'ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ।
ਪ੍ਰਭਾਵਿਤ ਬ੍ਰਾਂਡਾਂ ’ਚ ਓਲਡ ਮੌਂਕ ਰਮ, ਮੈਕਡੋਵੈਲਜ਼ ਨੰਬਰ 1 ਰਮ, ਬੈਗਪਾਈਪਰ ਡੀਲਕਸ ਵਿਸਕੀ, ਓਲਡ ਕਾਸਕ ਡੀਲਕਸ xxx ਰਮ, ਐਂਟੀਕੁਇਟੀ ਬਲੂ ਵਿਸਕੀ ਅਤੇ ਰਾਇਲ ਚੈਲੇਂਜ ਵਿਸਕੀ ਦੇ ਵੱਖ-ਵੱਖ ਵਰਸ਼ਨ ਸ਼ਾਮਲ ਹਨ।
ਮੰਤਰਾਲੇ ਨੇ ਕਿਹਾ ਕਿ ਗੋਆ ਵਿੱਚ ਮੈਂਡੈਕਸੀ ਡਿਸਟਿਲਰੀਜ਼ ਅਤੇ ਬਰੂਅਰੀਜ਼ ਵਿੱਚ ਵੀ ਨਿਰੀਖਣ ਅਤੇ ਨਮੂਨਾ ਲਿਆ ਗਿਆ, ਜਦੋਂ ਕਿ ਮਹਾਰਾਸ਼ਟਰ ਵਿੱਚ ਛੇ ਹੋਰ ਨਿਰਮਾਤਾਵਾਂ ਨੂੰ ਨੋਟਿਸ ਜਾਰੀ ਕੀਤੇ ਗਏ।
ਆਪਣੇ ਰੈਗੂਲੇਟਰੀ ਰੁਖ ਨੂੰ ਸਪੱਸ਼ਟ ਕਰਦਿਆਂ, ਮੰਤਰਾਲੇ ਨੇ ਕਿਹਾ ਕਿ ਕੌਫੀ ਅਤੇ ਵਨੀਲਾ ਵਰਗੇ ਫਲੇਵਰਿੰਗ ਏਜੰਟਾਂ ਦੀ ਇਜਾਜ਼ਤ ਉਦੋਂ ਹੁੰਦੀ ਹੈ ਜਦੋਂ ਉਹ ਕਾਨੂੰਨੀ ਤੌਰ 'ਤੇ ਅਧਿਕਾਰਤ ਹੋਣ ਅਤੇ ਉਨ੍ਹਾਂ ਲਈ ਕੋਈ ਵੈਧ ਤਕਨੀਕੀ ਆਧਾਰ ਹੋਵੇ।
ਹਾਲਾਂਕਿ, ਮੌਜੂਦਾ ਮਾਮਲਾ ਅਜਿਹੇ ਫਲੇਵਰ ਮਿਲਾਉਣ ਨਾਲ ਜੁੜਿਆ ਹੈ ਜੋ ਸਟੈਂਡਰਡ ਅਲਕੋਹਲਿਕ ਡ੍ਰਿੰਕ ਦੇ ਸਵਾਦ ਵਰਗੇ ਹੀ ਹੁੰਦੇ ਹਨ ਜਿਵੇਂ ਰਮ ’ਚ ਰਮ ਦਾ ਫਲੇਵਰ ਜਾਂ ਵਿਸਕੀ ਵਿੱਚ ਵਿਸਕੀ ਦਾ ਫਲੇਵਰ ਮਿਲਾਉਣਾ।
ਮੰਤਰਾਲੇ ਨੇ ਇਹ ਵੀ ਕਿਹਾ ਕਿ ਇਹ ਮੁੱਦਾ ਪੂਰੇ ਸ਼ਰਾਬ ਉਦਯੋਗ ਨਾਲ ਸਬੰਧਤ ਨਹੀਂ ਹੈ ਅਤੇ ਬਹੁਤ ਸਾਰੇ ਨਿਰਮਾਤਾ ਨਿਰਧਾਰਤ ਮਾਪਦੰਡਾਂ ਅਨੁਸਾਰ ਅਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ਦਾ ਉਤਪਾਦਨ ਕਰ ਰਹੇ ਹਨ।