ਸੋਨਾ-ਚਾਂਦੀ ਖਰੀਦਣ ਦਾ ਸੁਨਹਿਰੀ ਮੌਕਾ ਜਾਂ ਅਜੇ ਹੋਰ ਡਿੱਗਣਗੇ ਭਾਅ? ਦੀਵਾਲੀ ਤੱਕ ਰਿਕਾਰਡ ਤੋੜ ਤੇਜ਼ੀ ਦੀ ਭਵਿੱਖਬਾਣੀ, 2027 ਲਈ ਜਾਣੋ ਕੇਡੀਆ ਦੇ ਵੱਡੇ ਟਾਰਗੇਟ ਦੀਵਾਲੀ ਤੱਕ ਸੋਨੇ ਦੀ ਕੀਮਤ ਦਾ ਟੀਚਾ: ਕੇਡੀਆ ਐਡਵਾਈਜ਼ਰੀ ਦੇ ਡਾਇਰੈਕਟਰ ਅਜੈ ਕੇਡੀਆ (Ajay Kedia) ਨੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਮੌਜੂਦਾ ਗਿਰਾਵਟ ਦੇ ਬਾਵਜੂਦ ਭਵਿੱਖ ’ਚ ਤੇਜ਼ੀ ਆਉਣ ਦੀ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਨੇ ਡੀ-ਡਾਲਰਾਈਜ਼ੇਸ਼ਨ, ਨਿਵੇਸ਼ ਦੀ ਮੰਗ ਤੇ ਚਾਂਦੀ ਦੀ ਉਦਯੋਗਿਕ ਵਰਤੋਂ ਵਰਗੇ ਕਾਰਨਾਂ ਦਾ ਹਵਾਲਾ ਦਿੰਦਿਆਂ ਦੀਵਾਲੀ ਤੇ 2027 ਤੱਕ ਕੀਮਤਾਂ ’ਚ ਵੱਡੇ ਉਛਾਲ ਦੀ ਸੰਭਾਵਨਾ ਜਤਾਈ ਹੈ।
Publish Date: Mon, 12 Oct 2026 03:07 PM (IST)
Updated Date: Mon, 12 Oct 2026 03:11 PM (IST)
ਬਿਜ਼ਨਸ ਡੈਸਕ, ਨਵੀਂ ਦਿੱਲੀ। ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਇਨ੍ਹੀਂ ਦਿਨੀਂ ਕਾਫ਼ੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਜਨਵਰੀ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ਆਈ ਹੈ। ਪਿਛਲੇ ਅੱਠ ਮਹੀਨਿਆਂ ’ਚ ਸੋਨਾ ਲਗਪਗ 20 ਫ਼ੀਸਦੀ ਸਸਤਾ ਹੋ ਚੁੱਕਾ ਹੈ, ਜਦਕਿ ਚਾਂਦੀ ਦੀ ਕੀਮਤ ’ਚ ਵੀ ਲਗਪਗ 50 ਫ਼ੀਸਦੀ ਤੱਕ ਗਿਰਾਵਟ ਆਈ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) ’ਤੇ ਸੋਨੇ ਦੀ ਕੀਮਤ 1.50 ਲੱਖ ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ, ਜਦਕਿ ਚਾਂਦੀ ਦੀ ਕੀਮਤ ਲਗਪਗ 2.25 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਸ-ਪਾਸ ਬਣੀ ਹੋਈ ਹੈ।
ਅਜਿਹੇ ’ਚ ਹਰ ਘਰ ’ਚ ਇਹ ਸਵਾਲ ਉੱਠ ਰਹੇ ਹਨ ਕਿ ਕੀ ਸੋਨਾ ਅਜੇ ਹੋਰ ਸਸਤਾ ਹੋਵੇਗਾ? ਕੀ ਇਸ ਸਮੇਂ ਸੋਨਾ ਤੇ ਚਾਂਦੀ ਖਰੀਦਣਾ ਸਹੀ ਰਹੇਗਾ? ਦੀਵਾਲੀ ਤੱਕ ਸੋਨਾ ਕਿੰਨਾ ਮਹਿੰਗਾ ਹੋ ਸਕਦਾ ਹੈ? ਜਾਗਰਣ ਬਿਜ਼ਨਸ ਨਾਲ ਖ਼ਾਸ ਗੱਲਬਾਤ ਦੌਰਾਨ ਕੇਡੀਆ ਐਡਵਾਈਜ਼ਰੀ ਦੇ ਡਾਇਰੈਕਟਰ ਅਜੈ ਕੇਡੀਆ ਨੇ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਦੀਵਾਲੀ ਤੇ ਸਾਲ ਦੇ ਅੰਤ ਤੱਕ ਕੀਮਤਾਂ ਦੇ ਟੀਚੇ ਵੀ ਦੱਸੇ।
ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼, ਪੰਜ ਸਵਾਲਾਂ ’ਚ :-
ਸਵਾਲ 1: ਜਨਵਰੀ ਤੋਂ ਹੁਣ ਤੱਕ ਸੋਨੇ-ਚਾਂਦੀ ਦੀਆਂ ਕੀਮਤਾਂ ਕਾਫ਼ੀ ਡਿੱਗੀਆਂ ਹਨ। ਕੀ ਅੱਗੇ ਹੋਰ ਵੱਡੀ ਗਿਰਾਵਟ ਆ ਸਕਦੀ ਹੈ ਜਾਂ ਕੀਮਤਾਂ ਮੁੜ ਵਧਣਗੀਆਂ?
ਜਵਾਬ: ਲੋਕਾਂ ਨੂੰ ਇਹ ਡਰ ਲੱਗਣਾ ਸੁਭਾਵਿਕ ਹੈ ਕਿ ਕਿਤੇ ਬਾਜ਼ਾਰ ਹੋਰ ਨਾ ਡਿੱਗ ਜਾਵੇ। ਪਰ ਸਮਝਣ ਵਾਲੀ ਗੱਲ ਇਹ ਹੈ ਕਿ ਪਿਛਲੇ ਕੁਝ ਮਹੀਨਿਆਂ ’ਚ ਜਿੰਨੀਆਂ ਵੀ ਬੁਰੀਆਂ ਖ਼ਬਰਾਂ ਆਉਣੀਆਂ ਸਨ, ਉਹ ਆ ਚੁੱਕੀਆਂ ਹਨ। ਇਸ ਦੇ ਬਾਵਜੂਦ ਜੇਕਰ ਸੋਨਾ-ਚਾਂਦੀ ਇੱਕ ਮਜ਼ਬੂਤ ਪੱਧਰ ’ਤੇ ਟਿਕੇ ਹੋਏ ਹਨ, ਤਾਂ ਇਸ ਦਾ ਮਤਲਬ ਹੈ ਕਿ ਇਨ੍ਹਾਂ ਦੀ ਬੁਨਿਆਦ (ਫੰਡਾਮੈਂਟਲਜ਼) ਬਹੁਤ ਮਜ਼ਬੂਤ ਹੈ। ਇਸ ਦੇ ਪਿੱਛੇ ਦੋ ਵੱਡੇ ਕਾਰਨ ਹਨ। ਪਹਿਲਾ ਹੈ ਡੀ-ਡਾਲਰਾਈਜ਼ੇਸ਼ਨ, ਯਾਨੀ ਦੁਨੀਆ ਭਰ ਦੇ ਦੇਸ਼ ਹੁਣ ਅਮਰੀਕੀ ਡਾਲਰ ’ਤੇ ਆਪਣੀ ਨਿਰਭਰਤਾ ਘਟਾ ਰਹੇ ਹਨ। ਚੀਨ ਤੇ ਪੋਲੈਂਡ ਵਰਗੇ ਦੇਸ਼ਾਂ ਦੇ ਕੇਂਦਰੀ ਬੈਂਕ ਲਗਾਤਾਰ ਸੋਨਾ ਖਰੀਦ ਰਹੇ ਹਨ।
ਦੂਜਾ ਵੱਡਾ ਕਾਰਨ ਇਹ ਹੈ ਕਿ ਹੁਣ ਲੋਕ ਸੋਨਾ ਸਿਰਫ਼ ਗਹਿਣਿਆਂ ਲਈ ਹੀ ਨਹੀਂ, ਸਗੋਂ ਨਿਵੇਸ਼ ਦੇ ਤੌਰ ’ਤੇ ਵੀ ਖਰੀਦ ਰਹੇ ਹਨ। ਐਕਸਚੇਂਜ ਟਰੇਡਡ ਫੰਡ (ETF) ਰਾਹੀਂ ਸੋਨੇ ’ਚ ਨਿਵੇਸ਼ ਕਰਨ ਦਾ ਰੁਝਾਨ ਵੀ ਵਧ ਰਿਹਾ ਹੈ। ਇਸ ਲਈ, ਤੁਸੀਂ ਜਿਹੜੀ ਛੋਟੀ-ਮੋਟੀ ਗਿਰਾਵਟ ਦੇਖ ਰਹੇ ਹੋ, ਉਹ ਕੁਝ ਸਮੇਂ ਲਈ ਹੀ ਹੋ ਸਕਦੀ ਹੈ। ਲੰਬੇ ਸਮੇਂ ’ਚ ਸੋਨੇ ਤੇ ਚਾਂਦੀ ਦਾ ਭਵਿੱਖ ਕਾਫ਼ੀ ਮਜ਼ਬੂਤ ਨਜ਼ਰ ਆ ਰਿਹਾ ਹੈ।
ਸਵਾਲ 2: ਅਮਰੀਕਾ ’ਚ ਵਿਆਜ ਦਰਾਂ ਵਧਣ ਦੀ ਚਰਚਾ ਹੈ ਤੇ ਕੱਚੇ ਤੇਲ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ। ਇਸ ਦਾ ਸੋਨੇ-ਚਾਂਦੀ ’ਤੇ ਕੀ ਅਸਰ ਪਵੇਗਾ? ਜਵਾਬ: ਇਹ ਬਹੁਤ ਮਹੱਤਵਪੂਰਨ ਸਵਾਲ ਹੈ। ਸਿੱਧੀ ਜਿਹੀ ਗੱਲ ਹੈ ਕਿ ਜਦੋਂ ਅਮਰੀਕਾ ’ਚ ਵਿਆਜ ਦਰਾਂ ਵਧਦੀਆਂ ਹਨ, ਤਾਂ ਡਾਲਰ ਮਜ਼ਬੂਤ ਹੁੰਦਾ ਹੈ। ਡਾਲਰ ਦੇ ਮਜ਼ਬੂਤ ਹੋਣ ਦਾ ਮਤਲਬ ਹੈ ਸੋਨੇ ’ਤੇ ਦਬਾਅ ਪੈਣਾ। ਯਾਨੀ ਇਹ ਸੋਨੇ ਲਈ ਨਕਾਰਾਤਮਕ ਖ਼ਬਰ ਹੁੰਦੀ ਹੈ।
ਪਰ ਅਮਰੀਕਾ ’ਚ ਡਾਲਰ ਦੀ ਜਿਹੜੀ ਮਜ਼ਬੂਤੀ ਦਿਖਾਈ ਦੇ ਰਹੀ ਹੈ, ਉਹ ਉਸ ਦੀ ਅਰਥਵਿਵਸਥਾ ਦੀ ਤਾਕਤ ਨਹੀਂ, ਸਗੋਂ ਮਜਬੂਰੀ ਹੈ। ਉੱਥੇ ਮਹਿੰਗਾਈ ਕਾਬੂ ’ਚ ਨਹੀਂ ਆ ਰਹੀ ਤੇ ਕੱਚੇ ਤੇਲ ਦੀਆਂ ਕੀਮਤਾਂ ਵੀ ਕਾਫ਼ੀ ਉੱਚੀਆਂ ਹਨ। ਦਸੰਬਰ ’ਚ ਅਮਰੀਕਾ ’ਚ ਵਿਆਜ ਦਰਾਂ ’ਚ 0.25 ਫ਼ੀਸਦੀ ਵਾਧਾ ਹੋਣ ਦੀ ਸੰਭਾਵਨਾ ਜ਼ਰੂਰ ਹੈ। ਪਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਰਗੇ ਆਗੂ ਵੀ ਨਹੀਂ ਚਾਹੁੰਦੇ ਕਿ ਵਿਆਜ ਦਰਾਂ ਬਹੁਤ ਜ਼ਿਆਦਾ ਵਧਣ।
ਜੇਕਰ ਆਉਣ ਵਾਲੇ ਦਿਨਾਂ ’ਚ ਕੱਚੇ ਤੇਲ ਦੀਆਂ ਕੀਮਤਾਂ ਘਟਦੀਆਂ ਹਨ, ਤਾਂ ਅਮਰੀਕਾ ਵਿਆਜ ਦਰਾਂ ਵਧਾਉਣ ’ਤੇ ਰੋਕ ਲਗਾ ਸਕਦਾ ਹੈ। ਜਿਵੇਂ ਹੀ ਵਿਆਜ ਦਰਾਂ ’ਚ ਵਾਧਾ ਰੁਕੇਗਾ, ਸੋਨੇ ਨੂੰ ਵੱਡਾ ਸਹਾਰਾ ਮਿਲੇਗਾ ਤੇ ਕੀਮਤਾਂ ਮੁੜ ਤੇਜ਼ੀ ਨਾਲ ਉੱਪਰ ਜਾ ਸਕਦੀਆਂ ਹਨ।
ਸਵਾਲ 3: ਭਾਰਤ ’ਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਦੀਵਾਲੀ ਤੋਂ ਲੈ ਕੇ 2027 ਤੱਕ ਸੋਨੇ-ਚਾਂਦੀ ਦੀਆਂ ਕੀਮਤਾਂ ਕਿੱਥੋਂ ਤੱਕ ਪਹੁੰਚ ਸਕਦੀਆਂ ਹਨ?
ਜਵਾਬ: ਸਭ ਤੋਂ ਪਹਿਲਾਂ ਚਾਂਦੀ ਦੀ ਗੱਲ ਕਰੀਏ ਤਾਂ ਇਸ ਸਮੇਂ ਬਾਜ਼ਾਰ ’ਚ ਚਾਂਦੀ ਦੀ ਉਪਲਬਧਤਾ ਘੱਟ ਹੈ, ਜਦਕਿ ਇਸ ਦੀ ਮੰਗ ਬਹੁਤ ਜ਼ਿਆਦਾ ਹੈ। ਅੱਜ ਸੋਲਰ ਪੈਨਲਾਂ ਤੋਂ ਲੈ ਕੇ ਸੈਮੀਕੰਡਕਟਰ ਤੱਕ, ਹਰ ਖੇਤਰ ’ਚ ਚਾਂਦੀ ਦੀ ਵਰਤੋਂ ਹੋ ਰਹੀ ਹੈ। ਅਗਲੇ ਸਾਲ ਤੱਕ ਚਾਂਦੀ ਆਪਣੇ ਪੁਰਾਣੇ ਸਾਰੇ ਰਿਕਾਰਡ ਆਸਾਨੀ ਨਾਲ ਤੋੜ ਸਕਦੀ ਹੈ। ਸੋਨੇ ਦੀ ਗੱਲ ਕਰੀਏ ਤਾਂ ਦੁਨੀਆ ਭਰ ਦੇ ਕੇਂਦਰੀ ਬੈਂਕ ਇਸ ਨੂੰ ਖਰੀਦ ਰਹੇ ਹਨ। ਸਾਡੇ ਘਰੇਲੂ ਬਾਜ਼ਾਰ ’ਚ ਰੁਪਏ ਦੀ ਕਮਜ਼ੋਰੀ ਵੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨੂੰ ਸਹਾਰਾ ਦੇਵੇਗੀ।
ਜੇਕਰ ਅਸੀਂ 2027 ਦੇ ਨਜ਼ਰੀਏ ਨਾਲ ਗੱਲ ਕਰੀਏ, ਤਾਂ ਸੋਨੇ ਦੀ ਕੀਮਤ 1.80 ਲੱਖ ਤੋਂ 2 ਲੱਖ ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ। ਉੱਥੇ ਹੀ, ਚਾਂਦੀ ਦੀ ਕੀਮਤ 3.30 ਲੱਖ ਤੋਂ 4 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਜਾ ਸਕਦੀ ਹੈ।
ਇਸ ਲਈ ਇਸ ਅਸਥਾਈ ਗਿਰਾਵਟ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਨਿਵੇਸ਼ਕ ਆਪਣੀ ਸਮਰੱਥਾ ਤੇ ਜੋਖ਼ਮ ਨੂੰ ਧਿਆਨ ’ਚ ਰੱਖਦਿਆਂ ਪੜਾਅਵਾਰ ਖਰੀਦਦਾਰੀ ਕਰਨ ਬਾਰੇ ਵਿਚਾਰ ਕਰ ਸਕਦੇ ਹਨ।
ਸਵਾਲ 4: ਵਿਆਹਾਂ ਦਾ ਸੀਜ਼ਨ ਵੀ ਆਉਣ ਵਾਲਾ ਹੈ। ਕੀ ਆਮ ਲੋਕਾਂ ਨੂੰ ਹੁਣੇ ਸੋਨਾ ਖਰੀਦ ਲੈਣਾ ਚਾਹੀਦਾ ਹੈ ਜਾਂ ਕੀਮਤਾਂ ਹੋਰ ਡਿੱਗਣ ਦੀ ਉਡੀਕ ਕਰਨੀ ਚਾਹੀਦੀ ਹੈ? ਜਵਾਬ: ਜਦੋਂ ਵੀ ਤੁਸੀਂ ਸੋਨਾ ਖਰੀਦੋ, ਤਾਂ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਪੁੱਛੋ ਕਿ ਤੁਸੀਂ ਇਹ ਕਿਉਂ ਖਰੀਦ ਰਹੇ ਹੋ।
ਜੇਕਰ ਤੁਸੀਂ ਸਿਰਫ਼ ਪੈਸਾ ਕਮਾਉਣ ਲਈ ਸੋਨਾ ਖਰੀਦ ਰਹੇ ਹੋ, ਤਾਂ ਤੁਸੀਂ ਡਿਜੀਟਲ ਗੋਲਡ ਜਾਂ ETF ਰਾਹੀਂ ਨਿਵੇਸ਼ ਕਰਨ ਬਾਰੇ ਸੋਚ ਸਕਦੇ ਹੋ ਤੇ ਕੀਮਤਾਂ ’ਚ 2,000 ਤੋਂ 4,000 ਰੁਪਏ ਦੀ ਗਿਰਾਵਟ ਦੀ ਉਡੀਕ ਕਰ ਸਕਦੇ ਹੋ।
ਪਰ ਜੇਕਰ ਤੁਹਾਡੇ ਘਰ ’ਚ ਵਿਆਹ ਹੈ ਤੇ ਤੁਸੀਂ ਗਹਿਣੇ ਬਣਵਾਉਣੇ ਹਨ, ਤਾਂ ਕੀਮਤਾਂ ’ਚ 4,000 ਤੋਂ 5,000 ਰੁਪਏ ਦਾ ਫ਼ਰਕ ਪੈਣ ਨਾਲ ਬਹੁਤਾ ਅੰਤਰ ਨਹੀਂ ਪੈਂਦਾ। ਭਾਰਤ ’ਚ ਅਸੀਂ ਸੋਨਾ ਸਿਰਫ਼ ਵੇਚਣ ਲਈ ਨਹੀਂ, ਸਗੋਂ ਪਹਿਨਣ ਤੇ ਸੰਭਾਲ ਕੇ ਰੱਖਣ ਲਈ ਵੀ ਖਰੀਦਦੇ ਹਾਂ।
ਪੰਜ ਤੋਂ ਦਸ ਸਾਲ ਬਾਅਦ ਜਦੋਂ ਤੁਸੀਂ ਅੱਜ ਦੀਆਂ ਕੀਮਤਾਂ ਵੱਲ ਦੇਖੋਗੇ, ਤਾਂ ਹੋ ਸਕਦਾ ਹੈ ਕਿ ਇਹ ਤੁਹਾਨੂੰ ਕਾਫ਼ੀ ਸਸਤੀਆਂ ਲੱਗਣ। ਇਸ ਲਈ ਜੇਕਰ ਘਰ ’ਚ ਵਿਆਹ ਹੈ, ਤਾਂ ਸਿਰਫ਼ ਕੀਮਤਾਂ ਹੋਰ ਘਟਣ ਦੀ ਉਡੀਕ ’ਚ ਖਰੀਦਦਾਰੀ ਨੂੰ ਟਾਲਣਾ ਜ਼ਰੂਰੀ ਨਹੀਂ ਹੈ। ਹਾਂ, ਜੇਕਰ ਤੁਹਾਡਾ ਬਜਟ ਸੀਮਤ ਹੈ, ਤਾਂ ਇੱਕੋ ਵਾਰ ਸਾਰਾ ਸੋਨਾ ਖਰੀਦਣ ਦੀ ਬਜਾਏ ਇਸ ਨੂੰ ਕਿਸ਼ਤਾਂ ਜਾਂ ਪੜਾਵਾਂ ’ਚ ਖਰੀਦ ਸਕਦੇ ਹੋ। ਉਦਾਹਰਨ ਲਈ, ਜੇਕਰ ਤੁਸੀਂ 100 ਗ੍ਰਾਮ ਸੋਨਾ ਖਰੀਦਣਾ ਹੈ, ਤਾਂ ਪਹਿਲਾਂ 50 ਗ੍ਰਾਮ ਲੈ ਲਓ ਤੇ ਬਾਕੀ 25-25 ਗ੍ਰਾਮ ਕੁਝ ਹਫ਼ਤਿਆਂ ਬਾਅਦ ਖਰੀਦ ਸਕਦੇ ਹੋ। ਇਸ ਨਾਲ ਤੁਹਾਡੇ ਬਜਟ ’ਤੇ ਇੱਕੋ ਵਾਰ ਜ਼ਿਆਦਾ ਬੋਝ ਨਹੀਂ ਪਵੇਗਾ।
ਸਵਾਲ 5: ਜੇਕਰ ਕੋਈ ਨਿਵੇਸ਼ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਸੋਨੇ ਤੇ ਚਾਂਦੀ ਵਿੱਚੋਂ ਕਿਸ ਦੀ ਚੋਣ ਕਰਨੀ ਚਾਹੀਦੀ ਹੈ? ਦੋਵਾਂ ’ਚ ਨਿਵੇਸ਼ ਦਾ ਅਨੁਪਾਤ ਕੀ ਹੋਣਾ ਚਾਹੀਦਾ ਹੈ? ਜਵਾਬ: ਤੁਹਾਨੂੰ ਇਹ ਸਮਝਣਾ ਪਵੇਗਾ ਕਿ ਸੋਨਾ ਇੱਕ ਕੀਮਤੀ ਧਾਤ ਹੈ, ਪਰ ਚਾਂਦੀ ਕੀਮਤੀ ਹੋਣ ਦੇ ਨਾਲ-ਨਾਲ ਇੱਕ ਉਦਯੋਗਿਕ ਧਾਤ ਵੀ ਹੈ। ਅੱਜ ਦੇ ਸਮੇਂ ’ਚ ਇਲੈਕਟ੍ਰਿਕ ਵਾਹਨਾਂ (EV), ਸੋਲਰ ਪੈਨਲਾਂ ਤੇ ਇਲੈਕਟ੍ਰਾਨਿਕ ਉਪਕਰਨਾਂ ’ਚ ਚਾਂਦੀ ਦੀ ਵੱਡੇ ਪੱਧਰ ’ਤੇ ਵਰਤੋਂ ਹੋ ਰਹੀ ਹੈ।
ਇਸ ਨੂੰ ਸਮਝਣ ਦਾ ਸਭ ਤੋਂ ਆਸਾਨ ਤਰੀਕਾ ਹੈ ਗੋਲਡ-ਸਿਲਵਰ ਰੇਸ਼ੋ (Gold-Silver Ratio)। ਜਦੋਂ ਸੋਨੇ ਦੀ ਕੀਮਤ ਨੂੰ ਚਾਂਦੀ ਦੀ ਕੀਮਤ ਨਾਲ ਵੰਡਿਆ ਜਾਂਦਾ ਹੈ, ਤਾਂ ਇਹ ਅਨੁਪਾਤ ਨਿਕਲਦਾ ਹੈ। ਜਦੋਂ ਇਹ ਅਨੁਪਾਤ 90 ਤੋਂ ਉੱਪਰ ਹੁੰਦਾ ਹੈ, ਤਾਂ ਸੋਨਾ ਚਾਂਦੀ ਦੇ ਮੁਕਾਬਲੇ ਮਜ਼ਬੂਤ ਮੰਨਿਆ ਜਾਂਦਾ ਹੈ। ਪਰ ਜਦੋਂ ਇਹ ਅਨੁਪਾਤ ਘਟਣ ਲੱਗਦਾ ਹੈ, ਜਿਵੇਂ ਕਿ ਇਸ ਸਮੇਂ ਲਗਪਗ 68 ਦੇ ਨੇੜੇ ਹੈ, ਤਾਂ ਇਸ ਦਾ ਮਤਲਬ ਹੈ ਕਿ ਚਾਂਦੀ ਸੋਨੇ ਦੇ ਮੁਕਾਬਲੇ ਵਧੀਆ ਰਿਟਰਨ ਦੇਣ ਦੀ ਸੰਭਾਵਨਾ ਰੱਖਦੀ ਹੈ।
ਇਸ ਲਈ ਮੇਰਾ ਸਪੱਸ਼ਟ ਮੰਨਣਾ ਹੈ ਕਿ ਨਿਵੇਸ਼ ’ਚ ਚਾਂਦੀ ਨੂੰ ਵੱਧ ਹਿੱਸਾ ਦੇਣਾ ਚਾਹੀਦਾ ਹੈ। ਤੁਹਾਡੇ ਕੁੱਲ ਨਿਵੇਸ਼ ਦਾ 70 ਤੋਂ 75 ਫ਼ੀਸਦੀ ਹਿੱਸਾ ਚਾਂਦੀ ’ਚ, ਜਦਕਿ ਬਾਕੀ 25 ਤੋਂ 30 ਫ਼ੀਸਦੀ ਹਿੱਸਾ ਸੋਨੇ ’ਚ ਹੋ ਸਕਦਾ ਹੈ। ਚਾਂਦੀ ਦਾ ਭਵਿੱਖ ਇਸ ਸਮੇਂ ਕਾਫ਼ੀ ਸ਼ਾਨਦਾਰ ਨਜ਼ਰ ਆ ਰਿਹਾ ਹੈ।
ਜ਼ਰੂਰੀ ਨੋਟ: ਸੋਨੇ ਤੇ ਚਾਂਦੀ ਦੀਆਂ ਭਵਿੱਖੀ ਕੀਮਤਾਂ ਤੇ ਨਿਵੇਸ਼ ਅਨੁਪਾਤ ਸਬੰਧੀ ਅੰਕੜੇ ਅਜੈ ਕੇਡੀਆ ਦੇ ਵਿਚਾਰਾਂ ਤੇ ਅਨੁਮਾਨਾਂ ’ਤੇ ਆਧਾਰਿਤ ਹਨ। ਇਹ ਨਿਸ਼ਚਿਤ ਭਵਿੱਖਬਾਣੀ ਜਾਂ ਨਿਵੇਸ਼ ਦੀ ਗਾਰੰਟੀ ਨਹੀਂ ਹਨ। ਨਿਵੇਸ਼ ਕਰਨ ਤੋਂ ਪਹਿਲਾਂ ਆਪਣੇ ਵਿੱਤੀ ਸਲਾਹਕਾਰ ਨਾਲ ਸਲਾਹ ਜ਼ਰੂਰ ਕਰੋ।