ਭਾਰਤ ਵਿੱਚ ਸੋਨੇ ਦੀ ਘਟਦੀ ਮੰਗ ਨੂੰ ਲੈ ਕੇ ਮਾਹਰਾਂ ਦਾ ਕਹਿਣਾ ਹੈ ਕਿ ਸਿਰਫ਼ ਇੰਪੋਰਟ ਡਿਊਟੀ ਹੀ ਮੰਗ ਘਟਣ ਦਾ ਕਾਰਨ ਨਹੀਂ ਹੈ। ਬਾਲਣ (ਤੇਲ) ਅਤੇ ਖਾਧ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਨੇ ਵੀ ਲੋਕਾਂ ਦੀ ਖਰੀਦ ਸ਼ਕਤੀ ਨੂੰ ਪ੍ਰਭਾਵਿਤ ਕੀਤਾ ਹੈ। ਵਧਦੀ ਮਹਿੰਗਾਈ ਦਰਮਿਆਨ ਲੋਕ ਸੋਨੇ ਵਰਗੀ ਵਿਕਲਪਿਕ ਅਤੇ ਮਹਿੰਗੀ ਖਰੀਦਦਾਰੀ ਨੂੰ ਫਿਲਹਾਲ ਟਾਲ ਰਹੇ ਹਨ।

ਨਵੀਂ ਦਿੱਲੀ: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਈ ਦਿਨਾਂ ਤੋਂ ਗਿਰਾਵਟ ਦਾ ਦੌਰ ਜਾਰੀ ਹੈ। ਮੱਧ ਪੂਰਬ ਦੇ ਟਕਰਾਅ ਕਾਰਨ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ ਹੈ। ਇਸੇ ਕੜੀ ਤਹਿਤ ਪੀਐਮ ਮੋਦੀ ਨੇ ਦੇਸ਼ ਵਾਸੀਆਂ ਨੂੰ ਸੋਨਾ ਨਾ ਖਰੀਦਣ ਦੀ ਅਪੀਲ ਕੀਤੀ ਸੀ। ਇਸ ਦੇ ਨਾਲ ਹੀ ਸਰਕਾਰ ਨੇ ਸੋਨੇ 'ਤੇ ਇੰਪੋਰਟ ਡਿਊਟੀ ਨੂੰ 6 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤਾ ਸੀ। ਇਸ ਕਾਰਨ ਸੋਨੇ ਦੀ ਮੰਗ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਜਵੈਲਰੀ ਇੰਡਸਟਰੀ ਨਾਲ ਜੁੜੀਆਂ ਜਥੇਬੰਦੀਆਂ ਮੁਤਾਬਕ ਟੈਕਸ ਵਧਣ ਤੋਂ ਬਾਅਦ ਦੇਸ਼ ਭਰ ਵਿੱਚ ਸੋਨੇ ਦੀ ਮੰਗ ਕਰੀਬ 70 ਫੀਸਦੀ ਤੱਕ ਘਟ ਗਈ ਹੈ।
ਜਵੈਲਰੀ ਇੰਡਸਟਰੀ ਦੇ ਅਨੁਮਾਨਾਂ ਅਨੁਸਾਰ, 27 ਮਈ ਨੂੰ ਖ਼ਤਮ ਹੋਏ ਪੰਦਰਵਾੜੇ ਵਿੱਚ ਦੇਸ਼ ਵਿੱਚ ਸੋਨੇ ਦੀ ਮੰਗ ਘਟ ਕੇ ਲਗਭਗ 7.5 ਟਨ ਰਹਿ ਗਈ। ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਕਰੀਬ 25 ਟਨ ਸੀ। ਸੋਨੇ ਦੀ ਖਰੀਦਦਾਰੀ ਵਿੱਚ ਆਈ ਇਸ ਵੱਡੀ ਗਿਰਾਵਟ ਨੇ ਜਵੈਲਰਾਂ ਅਤੇ ਕਾਰੋਬਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ।
ਸੋਨੇ ਦੀ ਡਿਮਾਂਡ 'ਚ ਭਾਰੀ ਗਿਰਾਵਟ
ਕੇਂਦਰ ਦੀ ਮੋਦੀ ਸਰਕਾਰ ਨੇ 13 ਮਈ ਤੋਂ ਸੋਨੇ 'ਤੇ ਇੰਪੋਰਟ ਡਿਊਟੀ ਵਧਾਉਣ ਦਾ ਫੈਸਲਾ ਲਾਗੂ ਕੀਤਾ ਸੀ। ਇਸ ਤੋਂ ਬਾਅਦ GST ਨੂੰ ਜੋੜ ਕੇ ਸੋਨੇ 'ਤੇ ਕੁੱਲ ਟੈਕਸ ਦਾ ਬੋਝ 9.18% ਤੋਂ ਵਧ ਕੇ 18.45% ਤੱਕ ਪਹੁੰਚ ਗਿਆ ਹੈ। ਇੰਪੋਰਟ ਡਿਊਟੀ ਦੀ ਲਾਗਤ ਦਾ ਸਿੱਧਾ ਅਸਰ ਗਾਹਕਾਂ ਦੀ ਜੇਬ 'ਤੇ ਪਿਆ ਹੈ, ਜਿਸ ਕਾਰਨ ਲੋਕ ਸੋਨੇ ਦੀ ਖਰੀਦਦਾਰੀ ਤੋਂ ਦੂਰੀ ਬਣਾ ਰਹੇ ਹਨ।
ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਅਨੁਸਾਰ, ਦੇਸ਼ ਭਰ ਦੇ ਜਵੈਲਰਾਂ ਤੋਂ ਮਿਲ ਰਹੀਆਂ ਰਿਪੋਰਟਾਂ ਵਿੱਚ ਮੰਗ ਵਿੱਚ ਤੇਜ਼ ਗਿਰਾਵਟ ਦੀ ਪੁਸ਼ਟੀ ਹੋਈ ਹੈ। ਖ਼ਾਸ ਕਰਕੇ ਅਣਗੌਲਿਆ ਖੇਤਰ (Unorganized Sector), ਜੋ ਦੇਸ਼ ਦੇ ਲਗਭਗ 65 ਫੀਸਦੀ ਸੋਨੇ ਦੇ ਕਾਰੋਬਾਰ ਦਾ ਹਿੱਸਾ ਹੈ, ਇਸ ਫੈਸਲੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ।
IBJA ਦੇ ਰਾਸ਼ਟਰੀ ਸਕੱਤਰ ਸੁਰੇਂਦਰ ਮਹਿਤਾ ਨੇ ਕਿਹਾ, "ਪੂਰੇ ਭਾਰਤ ਦੇ ਜੌਹਰੀਆਂ ਤੋਂ ਮਿਲ ਰਹੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਆਯਾਤ ਸ਼ੁਲਕ ਵਧਾਏ ਜਾਣ ਤੋਂ ਬਾਅਦ ਮੰਗ ਵਿੱਚ 70 ਫੀਸਦੀ ਦੀ ਗਿਰਾਵਟ ਆਈ ਹੈ।"
ਕਿਉਂ ਘਟੀ ਸੋਨੇ ਦੀ ਡਿਮਾਂਡ
ਭਾਰਤ ਵਿੱਚ ਸੋਨੇ ਦੀ ਘਟਦੀ ਮੰਗ ਨੂੰ ਲੈ ਕੇ ਮਾਹਰਾਂ ਦਾ ਕਹਿਣਾ ਹੈ ਕਿ ਸਿਰਫ਼ ਇੰਪੋਰਟ ਡਿਊਟੀ ਹੀ ਮੰਗ ਘਟਣ ਦਾ ਕਾਰਨ ਨਹੀਂ ਹੈ। ਬਾਲਣ (ਤੇਲ) ਅਤੇ ਖਾਧ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਨੇ ਵੀ ਲੋਕਾਂ ਦੀ ਖਰੀਦ ਸ਼ਕਤੀ ਨੂੰ ਪ੍ਰਭਾਵਿਤ ਕੀਤਾ ਹੈ। ਵਧਦੀ ਮਹਿੰਗਾਈ ਦਰਮਿਆਨ ਲੋਕ ਸੋਨੇ ਵਰਗੀ ਵਿਕਲਪਿਕ ਅਤੇ ਮਹਿੰਗੀ ਖਰੀਦਦਾਰੀ ਨੂੰ ਫਿਲਹਾਲ ਟਾਲ ਰਹੇ ਹਨ।
ਸੋਨੇ ਦੀਆਂ ਉੱਚੀਆਂ ਕੀਮਤਾਂ ਨੇ ਵੀ ਗਾਹਕਾਂ ਦਾ ਰੁਝਾਨ ਬਦਲ ਦਿੱਤਾ ਹੈ। ਮੌਜੂਦਾ ਸਮੇਂ ਵਿੱਚ 999 ਸ਼ੁੱਧਤਾ ਵਾਲਾ ਸੋਨਾ ਮੁੰਬਈ ਦੇ ਸਪਾਟ ਮਾਰਕੀਟ ਵਿੱਚ ਕਰੀਬ 1.57 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਅਜਿਹੇ 'ਚ ਗਾਹਕ ਭਾਰੀ ਅਤੇ ਮਹਿੰਗੇ ਗਹਿਣਿਆਂ ਦੀ ਬਜਾਏ ਹਲਕੇ ਵਜ਼ਨ ਅਤੇ ਘੱਟ ਕੈਰੇਟ ਵਾਲੀ ਜਵੈਲਰੀ ਖਰੀਦਣਾ ਪਸੰਦ ਕਰ ਰਹੇ ਹਨ।
ਦੱਖਣੀ ਭਾਰਤ, ਜਿਸ ਨੂੰ ਦੇਸ਼ ਦੇ ਸਭ ਤੋਂ ਵੱਡੇ ਸੋਨਾ ਖਪਤਕਾਰ ਖੇਤਰਾਂ ਵਿੱਚ ਗਿਣਿਆ ਜਾਂਦਾ ਹੈ, ਉੱਥੇ ਵੀ ਮੰਗ ਵਿੱਚ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। ਜਵੈਲਰਾਂ ਦਾ ਕਹਿਣਾ ਹੈ ਕਿ ਗਾਹਕ ਹੁਣ ਆਪਣੇ ਬਜਟ ਦੇ ਅੰਦਰ ਹੀ ਖਰੀਦਦਾਰੀ ਕਰ ਰਹੇ ਹਨ ਅਤੇ ਵਾਧੂ ਖਰਚੇ ਤੋਂ ਬਚ ਰਹੇ ਹਨ।
ਜਵੈਲਰੀ ਖਰੀਦਣ ਵਾਲੇ ਘਟੇ, ਸੋਨਾ ਵੇਚਣ ਵਾਲੇ ਵਧੇ
ਇੱਕ ਦਿਲਚਸਪ ਬਦਲਾਅ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਨਵੀਂ ਜਵੈਲਰੀ ਖਰੀਦਣ ਵਾਲਿਆਂ ਦੀ ਗਿਣਤੀ ਘਟ ਰਹੀ ਹੈ, ਜਦਕਿ ਪੁਰਾਣਾ ਸੋਨਾ ਵੇਚਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਕਈ ਗਾਹਕ ਵਧੀਆਂ ਹੋਈਆਂ ਕੀਮਤਾਂ ਦਾ ਫਾਇਦਾ ਉਠਾ ਕੇ ਪੁਰਾਣੇ ਗਹਿਣੇ ਵੇਚ ਕੇ ਨਕਦੀ ਇਕੱਠੀ ਕਰ ਰਹੇ ਹਨ।
ਵਰਲਡ ਗੋਲਡ ਕੌਂਸਲ (WGC) ਦੀ ਰਿਸਰਚ ਹੈੱਡ ਕਵਿਤਾ ਚਾਕੋ ਨੇ ਦੱਸਿਆ, "ਐਲਾਨ ਦੇ ਤੁਰੰਤ ਬਾਅਦ ਵੱਡੀਆਂ ਰਿਟੇਲ ਚੇਨਾਂ ਵਿੱਚ ਸ਼ੁਰੂਆਤ ਵਿੱਚ ਕੁਝ ਘਬਰਾਹਟ ਭਰੀ ਖਰੀਦਦਾਰੀ ਦੇਖਣ ਨੂੰ ਮਿਲੀ, ਕਿਉਂਕਿ ਕੀਮਤਾਂ ਬਦਲਣ ਤੋਂ ਪਹਿਲਾਂ ਹੀ ਉਪਭੋਗਤਾ ਖਰੀਦਦਾਰੀ ਕਰਨ ਲਈ ਉਮੜ ਪਏ ਸਨ।"
ਹਾਲਾਂਕਿ, ਵੱਡੇ ਜਵੈਲਰੀ ਬ੍ਰਾਂਡਾਂ 'ਤੇ ਇਸ ਦਾ ਅਸਰ ਮੁਕਾਬਲਤਨ ਘੱਟ ਦੇਖਣ ਨੂੰ ਮਿਲਿਆ ਹੈ, ਕਿਉਂਕਿ ਉਨ੍ਹਾਂ ਕੋਲ ਲੋੜੀਂਦਾ ਸਟਾਕ ਅਤੇ ਵਿਆਹ-ਸ਼ਾਦੀਆਂ ਨਾਲ ਜੁੜੀ ਮੰਗ ਦਾ ਸਹਾਰਾ ਹੈ। ਪਰ ਛੋਟੇ ਅਤੇ ਦਰਮਿਆਨੇ ਪੱਧਰ ਦੇ ਜਵੈਲਰਾਂ ਦੇ ਸਾਹਮਣੇ ਵਿਕਰੀ ਅਤੇ ਮੁਨਾਫੇ ਦੋਵਾਂ ਨੂੰ ਲੈ ਕੇ ਚੁਣੌਤੀ ਵਧ ਗਈ ਹੈ।
ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਸੋਨੇ ਦੀਆਂ ਕੀਮਤਾਂ ਉੱਚੀਆਂ ਬਣੀਆਂ ਰਹੀਆਂ ਅਤੇ ਉਪਭੋਗਤਾਵਾਂ 'ਤੇ ਮਹਿੰਗਾਈ ਦਾ ਦਬਾਅ ਜਾਰੀ ਰਿਹਾ, ਤਾਂ 2026 ਦੀ ਦੂਜੀ ਤਿਮਾਹੀ ਵਿੱਚ ਵੀ ਸੋਨੇ ਦੀ ਮੰਗ ਕਮਜ਼ੋਰ ਰਹਿ ਸਕਦੀ ਹੈ। ਅਜਿਹੇ 'ਚ ਆਉਣ ਵਾਲੇ ਮਹੀਨਿਆਂ 'ਚ ਸੋਨੇ ਦੇ ਬਾਜ਼ਾਰ ਦੀ ਦਿਸ਼ਾ ਕਾਫੀ ਹੱਦ ਤੱਕ ਕੀਮਤਾਂ ਅਤੇ ਆਰਥਿਕ ਹਾਲਾਤ 'ਤੇ ਨਿਰਭਰ ਕਰੇਗੀ।