ਅਮਰੀਕਾ 'ਚ ਦੋਤਰਫਾ ਘਿਰੇ ਗੌਤਮ ਅਡਾਨੀ; US SEC ਤੋਂ ਬਾਅਦ ਹੁਣ ਇਸ ਖ਼ਬਰ ਨੇ ਉਡਾਈ ਨੀਂਦ, ਸ਼ੇਅਰਾਂ 'ਚ ਵੱਡੀ ਗਿਰਾਵਟ
ਪਿਛਲੇ ਸਾਲ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਰਤੀ ਅਰਬਪਤੀ ਗੌਤਮ ਅਡਾਨੀ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਆਪਣੇ ਖ਼ਿਲਾਫ਼ ਰਿਸ਼ਵਤਖੋਰੀ ਦੇ ਇਲਜ਼ਾਮ ਹਟਾਉਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸਨ।
Publish Date: Tue, 10 Feb 2026 12:32 PM (IST)
Updated Date: Tue, 10 Feb 2026 12:43 PM (IST)
ਨਵੀਂ ਦਿੱਲੀ : ਅਮਰੀਕੀ ਸਿਕਿਓਰਿਟੀ ਐਕਸਚੇਂਜ ਕਮਿਸ਼ਨ (SEC) ਦਾ ਮਾਮਲਾ ਅਜੇ ਠੰਢਾ ਨਹੀਂ ਹੋਇਆ ਸੀ ਕਿ ਗੌਤਮ ਅਡਾਨੀ ਦੀ ਕੰਪਨੀ 'ਅਡਾਨੀ ਐਂਟਰਪ੍ਰਾਈਜ਼ਿਜ਼' ਨੂੰ ਲੈ ਕੇ ਇੱਕ ਹੋਰ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਇਸ ਖ਼ਬਰ ਦਾ ਅਸਰ ਮੰਗਲਵਾਰ ਨੂੰ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਤੇ ਸਾਫ਼ ਦੇਖਣ ਨੂੰ ਮਿਲਿਆ, ਜਿੱਥੇ ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਸ਼ੇਅਰ 4 ਫੀਸਦੀ ਤੋਂ ਵੱਧ ਡਿੱਗ ਗਏ।
ਅਡਾਨੀ ਐਂਟਰਪ੍ਰਾਈਜ਼ਿਜ਼ ਨੇ ਪੁਸ਼ਟੀ ਕੀਤੀ ਹੈ ਕਿ ਉਹ ਜੂਨ 2025 ਵਿੱਚ 'ਵਾਲ ਸਟ੍ਰੀਟ ਜਰਨਲ' (WSJ) ਦੀ ਰਿਪੋਰਟ ਵਿੱਚ ਲਗਾਏ ਗਏ ਇਲਜ਼ਾਮਾਂ ਤੋਂ ਬਾਅਦ ਅਮਰੀਕੀ ਆਫਿਸ ਆਫ ਫੌਰਨ ਐਸੇਟਸ (OFAC) ਨਾਲ ਗੱਲਬਾਤ ਕਰ ਰਹੀ ਹੈ।
ਕੀ ਸੀ ਵਾਲ ਸਟ੍ਰੀਟ ਜਰਨਲ ਦੀ ਰਿਪੋਰਟ
ਪਿਛਲੇ ਸਾਲ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਰਤੀ ਅਰਬਪਤੀ ਗੌਤਮ ਅਡਾਨੀ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਆਪਣੇ ਖ਼ਿਲਾਫ਼ ਰਿਸ਼ਵਤਖੋਰੀ ਦੇ ਇਲਜ਼ਾਮ ਹਟਾਉਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਇਸ ਤੋਂ ਇਲਾਵਾ ਅਮਰੀਕੀ ਜਾਂਚ ਏਜੰਸੀਆਂ ਇਹ ਵੀ ਜਾਂਚ ਕਰ ਰਹੀਆਂ ਸਨ ਕਿ ਅਡਾਨੀ ਗਰੁੱਪ ਦੀਆਂ ਕੰਪਨੀਆਂ ਨੇ ਆਪਣੇ 'ਮੁੰਦਰਾ ਪੋਰਟ' ਰਾਹੀਂ ਭਾਰਤ ਵਿੱਚ ਈਰਾਨੀ ਐਲਪੀਜੀ (LPG) ਦੀ ਦਰਾਮਦ (Import) ਕੀਤੀ ਸੀ, ਜੋ ਕਿ ਅਮਰੀਕੀ ਪਾਬੰਦੀਆਂ ਦੇ ਘੇਰੇ ਵਿੱਚ ਆ ਸਕਦੀ ਹੈ।
ਅਡਾਨੀ ਗਰੁੱਪ ਦਾ ਪੱਖ
ਅਡਾਨੀ ਗਰੁੱਪ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ। ਕੰਪਨੀ ਨੇ ਸਪੱਸ਼ਟ ਕੀਤਾ ਹੈ, ਉਨ੍ਹਾਂ ਨੇ ਈਰਾਨ ਤੋਂ ਬਣੀ ਐਲਪੀਜੀ ਨਾਲ ਜੁੜੇ ਕਿਸੇ ਵੀ ਜਾਣਬੁੱਝ ਕੇ ਕੀਤੇ ਗਏ ਵਪਾਰ ਤੋਂ ਇਨਕਾਰ ਕੀਤਾ ਹੈ। ਐਕਸਚੇਂਜ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਗਿਆ ਕਿ 4 ਫਰਵਰੀ ਨੂੰ ਉਨ੍ਹਾਂ ਨੂੰ OFAC ਤੋਂ ਜਾਣਕਾਰੀ ਲਈ ਇੱਕ ਬੇਨਤੀ ਮਿਲੀ ਸੀ, ਜਿਸਦਾ ਉਹ ਜਵਾਬ ਦੇ ਰਹੇ ਹਨ। ਕੰਪਨੀ ਦਾ ਕਹਿਣਾ ਹੈ ਕਿ ਇਸ ਗੱਲਬਾਤ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਨਿਯਮ ਤੋੜਿਆ ਗਿਆ ਹੈ।
ਸ਼ੇਅਰ ਬਾਜ਼ਾਰ 'ਚ ਹਾਹਾਕਾਰ
ਇਸ ਖ਼ਬਰ ਦੇ ਆਉਂਦੇ ਹੀ ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਦੇਖੀ ਗਈ, 9 ਫਰਵਰੀ ਨੂੰ ਸ਼ੇਅਰ 1,800.10 ਰੁਪਏ 'ਤੇ ਬੰਦ ਹੋਏ ਸਨ। ਮੰਗਲਵਾਰ ਨੂੰ ਇਹ ਡਿੱਗ ਕੇ 1,665 ਰੁਪਏ ਦੇ ਪੱਧਰ ਤੱਕ ਪਹੁੰਚ ਗਏ।