- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੌਕਰੀਪੇਸ਼ਾ ਲੋਕਾਂ ਨੂੰ ਆਪਣਾ ਭਵਿੱਖ ਨਿਧੀ (ਪੀਐੱਫ) ਬੈਲੇਂਸ ਦੇਖਣ ਜਾਂ ਖਾਤੇ ਦੀ ਜਾਣਕਾਰੀ ਲੈਣ ਲਈ ਹੁਣ ਈਪੀਐੱਫਓ ਦਫ਼ਤਰ ਜਾਣ ਦੀ ਲੋੜ ਘੱਟ ਪਵੇਗੀ। ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਮਨਸੁਖ ਮਾਂਡਵੀਆ ਨੇ ਐਤਵਾਰ ਨੂੰ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਦੀ ਵ੍ਹਟਸਐਪ ਸੇਵਾ ਸ਼ੁਰੂ ਕੀਤੀ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਨੌਕਰੀਪੇਸ਼ਾ ਲੋਕਾਂ ਨੂੰ ਆਪਣਾ ਭਵਿੱਖ ਨਿਧੀ (ਪੀਐੱਫ) ਬੈਲੇਂਸ ਦੇਖਣ ਜਾਂ ਖਾਤੇ ਦੀ ਜਾਣਕਾਰੀ ਲੈਣ ਲਈ ਹੁਣ ਈਪੀਐੱਫਓ ਦਫ਼ਤਰ ਜਾਣ ਦੀ ਲੋੜ ਘੱਟ ਪਵੇਗੀ। ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਮਨਸੁਖ ਮਾਂਡਵੀਆ ਨੇ ਐਤਵਾਰ ਨੂੰ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਦੀ ਵ੍ਹਟਸਐਪ ਸੇਵਾ ਸ਼ੁਰੂ ਕੀਤੀ। ਇਸ ਰਾਹੀਂ ਮੈਂਬਰ ਆਪਣੇ ਮੋਬਾਈਲ ’ਤੇ ਪੀਐੱਫ ਖਾਤੇ ਦਾ ਬੈਲੇਂਸ, ਪਿਛਲੇ ਪੰਜ ਲੈਣ-ਦੇਣ ਅਤੇ ਪਾਸਬੁੱਕ ਦੀ ਜਾਣਕਾਰੀ ਹਾਸਲ ਕਰ ਸਕਣਗੇ। ਹਾਲਾਂਕਿ, ਮੰਤਰਾਲੇ ਦੀ ਪ੍ਰੈੱਸ ਰਿਲੀਜ਼ ’ਚ ਯੋਗਤਾ ਦੇ ਵਿਸਤ੍ਰਿਤ ਮਾਪਦੰਡਾਂ ਜਾਂ ਵ੍ਹਟਸਐਪ ਰਾਹੀਂ ਉਪਲਬਧ ਸੇਵਾਵਾਂ ਦੀ ਪੂਰੀ ਸੂਚੀ ਦਾ ਜ਼ਿਕਰ ਨਹੀਂ ਹੈ।
ਪੀਟੀਆਈ ਅਨੁਸਾਰ, ਈਪੀਐੱਫਓ ਦੀ 74ਵੀਂ ਸਥਾਪਨਾ ਵਰ੍ਹੇਗੰਢ ਮੌਕੇ ਸ਼ੁਰੂ ਕੀਤੀ ਗਈ ਇਸ ਸਹੂਲਤ ਦਾ ਮਕਸਦ ਮੈਂਬਰਾਂ ਲਈ ਰੋਜ਼ਾਨਾ ਦੀਆਂ ਸੇਵਾਵਾਂ ਨੂੰ ਆਸਾਨ ਬਣਾਉਣਾ ਹੈ। ਕਿਰਤ ਮੰਤਰਾਲੇ ਅਨੁਸਾਰ, ਮੈਂਬਰ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ (ਪੀਐੱਮਵੀਬੀਆਰਵਾਈ) ਨਾਲ ਜੁੜੀਆਂ ਰਸਮਾਂ ਪੂਰੀਆਂ ਕਰਨ ਲਈ ਨਿੱਜੀ ਮਾਰਗਦਰਸ਼ਨ ਅਤੇ ਸਹਾਇਤਾ ਵੀ ਲੈ ਸਕਣਗੇ।
ਇਸ ਤਰ੍ਹਾਂ ਲੈ ਸਕੋਗੇ ਸੇਵਾ ਦਾ ਲਾਭ
ਪ੍ਰੈੱਸ ਰਿਲੀਜ਼ ਅਨੁਸਾਰ, ਮੈਂਬਰਾਂ ਨੂੰ ਸਭ ਤੋਂ ਪਹਿਲਾਂ ਈਪੀਐੱਫਓ ਦੀ ਅਧਿਕਾਰਤ ਵੈੱਬਸਾਈਟ ਈਪੀਐੱਫਇੰਡੀਆ ਡਾਟ ਜੀਓਵੀ ਡਾਟ ਇਨ ’ਤੇ ਆਪਣੇ ਖੇਤਰੀ ਦਫ਼ਤਰ ਦਾ ਪ੍ਰਮਾਣਿਤ ਵ੍ਹਟਸਐਪ ਹੈਲਪਲਾਈਨ ਨੰਬਰ ਦੇਖਣਾ ਪਵੇਗਾ। ਇਸ ਤੋਂ ਬਾਅਦ ਉਸ ਨੰਬਰ ਨੂੰ ਵ੍ਹਟਸਐਪ ’ਤੇ ਖੋਲ੍ਹ ਕੇ ‘ਹੈਲੋ’ ਸੰਦੇਸ਼ ਭੇਜ ਕੇ ਗੱਲਬਾਤ ਸ਼ੁਰੂ ਕੀਤੀ ਜਾ ਸਕਦੀ ਹੈ। ਉਪਲਬਧ ਵਿਕਲਪਾਂ ਅਨੁਸਾਰ ਅੱਗੇ ਵਧ ਕੇ ਖਾਤੇ ਨਾਲ ਜੁੜੀ ਜਾਣਕਾਰੀ ਮੰਗੀ ਜਾ ਸਕੇਗੀ।
ਇਕ ਲੱਖ ਗ਼ੈਰ-ਸਰਗਰਮ ਖਾਤਿਆਂ ਦਾ ਆਪਣੇ-ਆਪ ਨਿਪਟਾਰਾ
ਮਾਂਡਵੀਆ ਨੇ ਆਧਾਰ ਤੋਂ ਪ੍ਰਮਾਣਿਤ ਅਜਿਹੇ ਗ਼ੈਰ-ਸਰਗਰਮ ਪੀਐੱਫ ਖਾਤਿਆਂ ਦੇ ਆਪਣੇ-ਆਪ ਨਿਪਟਾਰੇ ਦੀ ਸਹੂਲਤ ਵੀ ਸ਼ੁਰੂ ਕੀਤੀ, ਜਿਨ੍ਹਾਂ ’ਚ ਇਕ ਹਜ਼ਾਰ ਰੁਪਏ ਤੱਕ ਦੀ ਰਕਮ ਜਮ੍ਹਾਂ ਹੈ। ਅਜਿਹੇ ਯੋਗ ਮੈਂਬਰਾਂ ਨੂੰ ਵੱਖਰੇ ਤੌਰ ’ਤੇ ਦਾਅਵਾ ਦਾਇਰ ਨਹੀਂ ਕਰਨਾ ਪਵੇਗਾ। ਪਛਾਣ ਅਤੇ ਬੈਂਕ ਖਾਤੇ ਦੀ ਨਿਰਧਾਰਤ ਤਸਦੀਕ ਪੂਰੀ ਹੋਣ ਤੋਂ ਬਾਅਦ ਈਪੀਐੱਫਓ ਖ਼ੁਦ ਨਿਪਟਾਰੇ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਇਸ ਨਾਲ ਕਰੀਬ ਇਕ ਲੱਖ ਖਾਤਿਆਂ ’ਚ ਜਮ੍ਹਾਂ ਕੁੱਲ ਪੰਜ ਕਰੋੜ ਰੁਪਏ ਦੀ ਰਕਮ ਸਬੰਧਤ ਲਾਭਪਾਤਰੀਆਂ ਤੱਕ ਪਹੁੰਚਣ ਦੀ ਉਮੀਦ ਹੈ।
ਮਾਂਡਵੀਆ ਨੇ ਕਿਹਾ ਕਿ ਅੱਠ ਕਰੋੜ ਤੋਂ ਵੱਧ ਮੈਂਬਰਾਂ ਦੇ ਯੋਗਦਾਨ ਨਾਲ ਈਪੀਐੱਫਓ ਕੋਲ ਕਰੀਬ 32 ਲੱਖ ਕਰੋੜ ਰੁਪਏ ਦਾ ਫੰਡ ਹੈ। ਇਸ ਮੌਕੇ ਸੰਗਠਨ ਦੀ ਤਕਨੀਕੀ ਵਿਵਸਥਾ ’ਚ ਸੁਧਾਰ ਦਾ ਵੀ ਜ਼ਿਕਰ ਕੀਤਾ ਗਿਆ। ਮੰਤਰਾਲੇ ਅਨੁਸਾਰ, ਅਕਤੂਬਰ 2026 ’ਚ ਦਾਅਵਿਆਂ ਦੇ ਨਿਪਟਾਰੇ ਦਾ ਔਸਤ ਸਮਾਂ ਘਟ ਕੇ 2.57 ਦਿਨ ਰਹਿ ਗਿਆ।