ਰਿਕਾਰਡ ਵਿਕਰੀ ਦੇ ਬਾਵਜੂਦ IGL ਦਾ ਮੁਨਾਫ਼ਾ 93.5% ਡਿੱਗਿਆ, ਘਟ ਕੇ ਰਹਿ ਗਿਆ ₹24.38 ਕਰੋੜ; ਗੈਸ ਦੀ ਲਾਗਤ ਬਣੀ ਵਜ੍ਹਾ
ਵਿੱਤੀ ਸਾਲ 2026-27 ਦੀ ਦੂਜੀ ਤਿਮਾਹੀ ਵਿੱਚ ਕੰਪਨੀ ਦਾ ਨੈੱਟ ਪ੍ਰੋਫਿਟ ਘਟ ਕੇ 24.38 ਕਰੋੜ ਰੁਪਏ ਰਹਿ ਗਿਆ, ਜੋ ਇੱਕ ਸਾਲ ਪਹਿਲਾਂ 372.51 ਕਰੋੜ ਰੁਪਏ ਸੀ। ਇਹ ਗਿਰਾਵਟ ਉਸ ਸਮੇਂ ਦਰਜ ਕੀਤੀ ਗਈ ਹੈ, ਜਦੋਂ ਵਿਕਰੀ ਦੀ ਮਾਤਰਾ ਵਿੱਚ 8 ਫੀਸਦੀ ਅਤੇ ਗ੍ਰਾਸ ਟਰਨਓਵਰ ਵਿੱਚ 26 ਫੀਸਦੀ ਦਾ ਵਾਧਾ ਹੋਇਆ ਹੈ।
Publish Date: Sat, 31 Oct 2026 03:25 PM (IST)
Updated Date: Sat, 31 Oct 2026 03:32 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਸਿਟੀ ਗੈਸ ਡਿਸਟ੍ਰੀਬਿਊਸ਼ਨ ਕੰਪਨੀ ਇੰਦਰਪ੍ਰਸਥ ਗੈਸ ਲਿਮਟਿਡ (IGL) ਨੇ ਸਤੰਬਰ ਤਿਮਾਹੀ ਦੌਰਾਨ ਆਪਣੇ ਸਟੈਂਡਅਲੋਨ ਨੈੱਟ ਪ੍ਰੋਫਿਟ ਵਿੱਚ 93.5 ਫੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਹੈ। ਇਸ ਦਾ ਮੁੱਖ ਕਾਰਨ ਗੈਸ ਦੀ ਖਰੀਦ ਲਾਗਤ (Input Gas Cost) ਵਿੱਚ ਹੋਇਆ ਭਾਰੀ ਵਾਧਾ ਹੈ, ਜਿਸ ਕਾਰਨ ਕੰਪਨੀ ਦਾ ਮੁਨਾਫ਼ਾ ਮਾਰਜਿਨ ਘਟ ਗਿਆ। ਇਸ ਵਜ੍ਹਾ ਨਾਲ ਵਿਕਰੀ ਦੀ ਮਾਤਰਾ ਅਤੇ ਮਾਲੀਏ (Revenue) ਵਿੱਚ ਹੋਏ ਵਾਧੇ ਦਾ ਫਾਇਦਾ ਵੀ ਖਤਮ ਹੋ ਗਿਆ।
ਗੈਸ ਦੀ ਵਿਕਰੀ ਨੇ ਬਣਾਇਆ ਰਿਕਾਰਡ ਵਿੱਤੀ ਸਾਲ 2026-27 ਦੀ ਦੂਜੀ ਤਿਮਾਹੀ ਵਿੱਚ ਕੰਪਨੀ ਦਾ ਨੈੱਟ ਪ੍ਰੋਫਿਟ ਘਟ ਕੇ 24.38 ਕਰੋੜ ਰੁਪਏ ਰਹਿ ਗਿਆ, ਜੋ ਇੱਕ ਸਾਲ ਪਹਿਲਾਂ 372.51 ਕਰੋੜ ਰੁਪਏ ਸੀ। ਇਹ ਗਿਰਾਵਟ ਉਸ ਸਮੇਂ ਦਰਜ ਕੀਤੀ ਗਈ ਹੈ, ਜਦੋਂ ਵਿਕਰੀ ਦੀ ਮਾਤਰਾ ਵਿੱਚ 8 ਫੀਸਦੀ ਅਤੇ ਗ੍ਰਾਸ ਟਰਨਓਵਰ ਵਿੱਚ 26 ਫੀਸਦੀ ਦਾ ਵਾਧਾ ਹੋਇਆ ਹੈ।
ਕੰਪਨੀ ਨੇ ਦੱਸਿਆ ਕਿ ਉਸ ਦੀ ਔਸਤ ਰੋਜ਼ਾਨਾ ਗੈਸ ਵਿਕਰੀ ਪਹਿਲੀ ਵਾਰ 10 ਮਿਲੀਅਨ ਸਟੈਂਡਰਡ ਕਿਊਬਿਕ ਮੀਟਰ ਪ੍ਰਤੀ ਦਿਨ (mmscmd) ਦੇ ਅੰਕੜੇ ਨੂੰ ਪਾਰ ਕਰ ਗਈ ਹੈ।
ਟਰਾਂਸਪੋਰਟ ਤੇ ਘਰੇਲੂ ਖੇਤਰਾਂ 'ਚ ਲਗਾਤਾਰ ਵਧ ਰਹੀ ਮੰਗ
ਜੁਲਾਈ ਤੋਂ ਸਤੰਬਰ ਦੀ ਮਿਆਦ ਦੌਰਾਨ IGL ਦੀ ਗੈਸ ਵਿਕਰੀ ਵਧ ਕੇ 10.06 mmscmd ਹੋ ਗਈ, ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ 9.31 mmscmd ਸੀ।
ਕੰਪਨੀ ਦਾ ਗ੍ਰਾਸ ਸੇਲਜ਼ ਟਰਨਓਵਰ 4,431.63 ਕਰੋੜ ਰੁਪਏ ਤੋਂ ਵਧ ਕੇ 5,999.13 ਕਰੋੜ ਰੁਪਏ ਹੋ ਗਿਆ। ਇਹ ਵਾਧਾ ਵਧੇਰੇ ਵਿਕਰੀ ਅਤੇ ਗੈਸ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਨੂੰ ਦਰਸਾਉਂਦਾ ਹੈ।
ਇਸ ਤਿਮਾਹੀ ਦੌਰਾਨ CNG ਦੀ ਵਿਕਰੀ ਵਿੱਚ ਸਾਲਾਨਾ ਆਧਾਰ 'ਤੇ 9 ਫੀਸਦੀ ਦਾ ਵਾਧਾ ਹੋਇਆ, ਜਦਕਿ ਪਾਈਪਡ ਨੈਚੁਰਲ ਗੈਸ (PNG) ਦੀ ਵਿਕਰੀ 8 ਫੀਸਦੀ ਵਧੀ। ਇਸ ਤੋਂ ਪਤਾ ਲੱਗਦਾ ਹੈ ਕਿ ਟਰਾਂਸਪੋਰਟ ਅਤੇ ਘਰੇਲੂ ਖੇਤਰਾਂ ਵਿੱਚ ਗੈਸ ਦੀ ਮੰਗ ਲਗਾਤਾਰ ਵਧ ਰਹੀ ਹੈ।
ਗੈਸ ਦੀ ਖਰੀਦ ਲਾਗਤ ਕਿਉਂ ਹੈ ਅਹਿਮ
IGL ਦੀ ਵਿਕਰੀ ਅਤੇ ਟਰਨਓਵਰ ਵਧਣ ਦੇ ਬਾਵਜੂਦ ਮੁਨਾਫ਼ੇ ਵਿੱਚ ਆਈ ਇਹ ਭਾਰੀ ਗਿਰਾਵਟ ਦਰਸਾਉਂਦੀ ਹੈ ਕਿ ਗੈਸ ਦੀ ਵਧਦੀ ਖਰੀਦ ਲਾਗਤ ਸਿਟੀ ਗੈਸ ਡਿਸਟ੍ਰੀਬਿਊਸ਼ਨ ਕੰਪਨੀਆਂ 'ਤੇ ਕਿੰਨਾ ਦਬਾਅ ਪਾ ਸਕਦੀ ਹੈ। ਇਹ ਦਬਾਅ ਉਸ ਸਮੇਂ ਹੋਰ ਵਧ ਜਾਂਦਾ ਹੈ, ਜਦੋਂ ਗੈਸ ਦੀ ਖਰੀਦ ਕੀਮਤ ਵਿੱਚ ਹੋਏ ਵਾਧੇ ਦਾ ਪੂਰਾ ਬੋਝ ਗਾਹਕਾਂ 'ਤੇ ਨਹੀਂ ਪਾਇਆ ਜਾ ਸਕਦਾ।
IGL ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਦੇ 11 ਭੂਗੋਲਿਕ ਖੇਤਰਾਂ ਦੇ 34 ਜ਼ਿਲ੍ਹਿਆਂ ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਚਲਾਉਂਦੀ ਹੈ।
ਕੰਪਨੀ ਦੇ ਬੁਨਿਆਦੀ ਢਾਂਚੇ ਵਿੱਚ 30,000 ਕਿਲੋਮੀਟਰ ਤੋਂ ਵੱਧ ਲੰਬੀਆਂ ਪਾਈਪਲਾਈਨਾਂ ਅਤੇ 1,000 ਤੋਂ ਵੱਧ CNG ਸਟੇਸ਼ਨ ਸ਼ਾਮਲ ਹਨ, ਜੋ 25 ਲੱਖ ਤੋਂ ਵੱਧ CNG ਵਾਹਨਾਂ ਨੂੰ ਸੇਵਾਵਾਂ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ, ਕੰਪਨੀ ਨੇ 35 ਲੱਖ ਤੋਂ ਵੱਧ ਘਰਾਂ ਨੂੰ ਪਾਈਪਡ ਨੈਚੁਰਲ ਗੈਸ (PNG) ਦੇ ਕੁਨੈਕਸ਼ਨ ਵੀ ਦਿੱਤੇ ਹੋਏ ਹਨ।