ਗਾਹਕਾਂ ਨੂੰ ਲੱਗੇਗਾ ਮਹਿੰਗਾਈ ਦਾ ਝਟਕਾ: ਪੈਟਰੋਲ ₹5, ਡੀਜ਼ਲ ₹3; ਇਸ ਵੱਡੀ ਕੰਪਨੀ ਨੇ ਵਧਾਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਮਿੰਟ ਦੀ ਰਿਪੋਰਟ ਦੇ ਅਨੁਸਾਰ, ਜੀਓ-ਬੀਪੀ ਨੇ ਪੈਟਰੋਲ ਦੀਆਂ ਕੀਮਤਾਂ ’ਚ ₹5 ਪ੍ਰਤੀ ਲੀਟਰ ਅਤੇ ਡੀਜ਼ਲ ਦੀਆਂ ਕੀਮਤਾਂ ’ਚ ₹3 ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਐਤਵਾਰ ਤੋਂ ਲਾਗੂ ਹੋਏ ਇਸ ਵਾਧੇ ਤੋਂ ਬਾਅਦ ਪੰਜਾਬ ’ਚ ਪੈਟਰੋਲ ਲਗਭਗ ₹108.54 ਪ੍ਰਤੀ ਲੀਟਰ ਅਤੇ ਡੀਜ਼ਲ ₹99.19 ਪ੍ਰਤੀ ਲੀਟਰ ਵਿਕ ਰਿਹਾ ਹੈ।
Publish Date: Mon, 12 Oct 2026 10:23 AM (IST)
Updated Date: Mon, 12 Oct 2026 10:27 AM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ। ਜੇਕਰ ਤੁਸੀਂ ਪੈਟਰੋਲ ਜਾਂ ਡੀਜ਼ਲ ਪਵਾਉਣ ਲਈ ਘਰੋਂ ਨਿਕਲ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਜ਼ਰੂਰੀ ਹੈ। ਰਿਲਾਇੰਸ ਇੰਡਸਟਰੀਜ਼ ਦੇ ਸਹਿਯੋਗ ਵਾਲੀ ਨਿੱਜੀ ਫਿਊਲ ਕੰਪਨੀ Jio-bp ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਕੰਪਨੀ ਨੇ ਪੈਟਰੋਲ ਦੇ ਭਾਅ ₹5 ਪ੍ਰਤੀ ਲੀਟਰ ਅਤੇ ਡੀਜ਼ਲ ਦੇ ਭਾਅ ₹3 ਪ੍ਰਤੀ ਲੀਟਰ ਵਧਾਏ ਹਨ। ਨਵੀਆਂ ਕੀਮਤਾਂ ਐਤਵਾਰ, 11 ਅਕਤੂਬਰ 2026 ਨੂੰ ਸਵੇਰੇ 6 ਵਜੇ ਤੋਂ ਲਾਗੂ ਹੋ ਗਈਆਂ ਹਨ।
ਇਸ ਵਾਧੇ ਤੋਂ ਬਾਅਦ Jio-bp ਦੇ ਪੈਟਰੋਲ ਪੰਪਾਂ 'ਤੇ ਤੇਲ ਪਵਾਉਣ ਲਈ ਗਾਹਕਾਂ ਨੂੰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਇਸ ਤੋਂ ਪਹਿਲਾਂ ਨਿੱਜੀ ਤੇਲ ਕੰਪਨੀ ਨਾਇਰਾ ਐਨਰਜੀ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਕਰ ਚੁੱਕੀ ਹੈ।
ਕਿੰਨਾ ਹੋਇਆ ਵਾਧਾ?
ਮਿੰਟ ਦੀ ਰਿਪੋਰਟ ਦੇ ਅਨੁਸਾਰ, ਜੀਓ-ਬੀਪੀ ਨੇ ਪੈਟਰੋਲ ਦੀਆਂ ਕੀਮਤਾਂ ’ਚ ₹5 ਪ੍ਰਤੀ ਲੀਟਰ ਅਤੇ ਡੀਜ਼ਲ ਦੀਆਂ ਕੀਮਤਾਂ ’ਚ ₹3 ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਐਤਵਾਰ ਤੋਂ ਲਾਗੂ ਹੋਏ ਇਸ ਵਾਧੇ ਤੋਂ ਬਾਅਦ ਪੰਜਾਬ ’ਚ ਪੈਟਰੋਲ ਲਗਭਗ ₹108.54 ਪ੍ਰਤੀ ਲੀਟਰ ਅਤੇ ਡੀਜ਼ਲ ₹99.19 ਪ੍ਰਤੀ ਲੀਟਰ ਵਿਕ ਰਿਹਾ ਹੈ।
ਗੱਲ ਕਰੀਏ ਹਰਿਆਣਾ ਦੀ ਤਾਂ Jio-BP ਦੇ ਪੰਪਾਂ 'ਤੇ ਪੈਟਰੋਲ ਲਗਭਗ ₹109.80 ਪ੍ਰਤੀ ਲੀਟਰ ਅਤੇ ਡੀਜ਼ਲ ₹97.75 ਪ੍ਰਤੀ ਲੀਟਰ ਦੇ ਭਾਅ ਵਿਕ ਰਿਹਾ ਹੈ। ਇਸ ਤੋਂ ਪਹਿਲਾਂ ਨਿੱਜੀ ਤੇਲ ਕੰਪਨੀ ਨਾਇਰਾ ਐਨਰਜੀ ਨੇ ਵੀ ਪੈਟਰੋਲ ਦੇ ਰੇਟ ਵਿੱਚ ₹5 ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ₹3 ਦਾ ਵਾਧਾ ਕੀਤਾ ਸੀ।
ਇਸ ਸਾਲ ਪਹਿਲੀ ਵਾਰ Jio-bp ਨੇ ਵਧਾਏ ਰੇਟ
Jio-bp ਨੇ ਇਸ ਸਾਲ ਪਹਿਲੀ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਇਹ ਕੰਪਨੀ ਰਿਲਾਇੰਸ ਇੰਡਸਟਰੀਜ਼ ਅਤੇ ਬ੍ਰਿਟੇਨ ਦੀ ਊਰਜਾ ਕੰਪਨੀ BP ਦਾ ਜੁਆਇੰਟ ਵੈਂਚਰ ਹੈ। ਦੇਸ਼ ਭਰ ਵਿੱਚ ਇਸ ਦੇ 2,227 ਪੈਟਰੋਲ ਪੰਪ ਹਨ। ਪੱਛਮੀ ਏਸ਼ੀਆ ਵਿੱਚ ਜਾਰੀ ਸੰਘਰਸ਼ ਅਤੇ ਸਟਰੇਟ ਆਫ਼ ਹਰਮੁਜ਼ ਤੋਂ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ 'ਤੇ ਦਬਾਅ ਵਧਿਆ ਹੈ।
ਇਸ ਨਾਲ ਤੇਲ ਦੀ ਪਰਚੂਨ ਵਿਕਰੀ ਕਰਨ ਵਾਲੀਆਂ ਕੰਪਨੀਆਂ ਦੇ ਮੁਨਾਫ਼ੇ 'ਤੇ ਅਸਰ ਪੈ ਰਿਹਾ ਹੈ। ਇਸੇ ਦੌਰਾਨ Jio-bp ਨੇ ਵੀ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ।
ਸਰਕਾਰੀ ਤੇਲ ਕੰਪਨੀਆਂ ਦੇ ਰੇਟ ’ਚ ਕੋਈ ਬਦਲਾਅ ਨਹੀਂ
ਦੇਸ਼ ਵਿੱਚ ਇੰਡੀਅਨ ਆਇਲ, ਭਾਰਤ ਪੈਟਰੋਲੀਅਮ (BPCL) ਅਤੇ ਹਿੰਦੁਸਤਾਨ ਪੈਟਰੋਲੀਅਮ (HPCL) ਵਰਗੀਆਂ ਸਰਕਾਰੀ ਤੇਲ ਕੰਪਨੀਆਂ ਦੇ ਪੈਟਰੋਲ ਪੰਪਾਂ 'ਤੇ ਆਮ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇਸ ਦੌਰਾਨ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਅਜਿਹੇ ਵਿੱਚ ਨਿੱਜੀ ਅਤੇ ਸਰਕਾਰੀ ਤੇਲ ਕੰਪਨੀਆਂ ਦੇ ਪੈਟਰੋਲ ਪੰਪਾਂ 'ਤੇ ਕੀਮਤਾਂ ਦਾ ਅੰਤਰ ਵਧ ਸਕਦਾ ਹੈ। ਗਾਹਕ ਤੇਲ ਪਵਾਉਣ ਤੋਂ ਪਹਿਲਾਂ ਆਪਣੇ ਨਜ਼ਦੀਕੀ ਪੈਟਰੋਲ ਪੰਪ 'ਤੇ ਲਾਗੂ ਤਾਜ਼ਾ ਰੇਟ ਜ਼ਰੂਰ ਚੈੱਕ ਕਰ ਸਕਦੇ ਹਨ।