- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰ ਅਤੇ ਸੂਬਾ ਸਰਕਾਰਾਂ ਜਾਂ ਕੰਪਨੀਆਂ ਨੂੰ ਅਕਸਰ ਕਾਰੋਬਾਰ ਦੇ ਵਿਸਥਾਰ ਜਾਂ ਹੋਰ ਕੰਮਾਂ ਲਈ ਪੈਸੇ ਦੀ ਲੋੜ ਪੈਂਦੀ ਹੈ। ਇਹ ਪੈਸਾ ਕਰਜ਼ਾ ਲੈ ਕੇ, ਸ਼ੇਅਰ ਵੇਚ ਕੇ ਜਾਂ ਬਾਂਡ ਜਾਰੀ ਕਰ ਕੇ ਇਕੱਠਾ ਕੀਤਾ ਜਾਂਦਾ ਹੈ।

ਪਿਛਲੇ ਹਫ਼ਤੇ ਅਸੀਂ ਤੁਹਾਨੂੰ ਬਾਂਡ ’ਚ ਪ੍ਰਚੂਨ ਨਿਵੇਸ਼ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਸੀ। ਅੱਜ ਅਸੀਂ ਤੁਹਾਨੂੰ ਇਸ ’ਚ ਨਿਵੇਸ਼ ਨਾਲ ਜੁੜੇ ਜੋਖ਼ਮਾਂ ਬਾਰੇ ਦੱਸ ਰਹੇ ਹਾਂ। ਹਰ ਤਰ੍ਹਾਂ ਦੇ ਬਾਂਡ ਦੀ ਇਕ ਰੇਟਿੰਗ ਹੁੰਦੀ ਹੈ। ਇਹ ਰੇਟਿੰਗ ਕ੍ਰੈਡਿਟ ਰੇਟਿੰਗ ਏਜੰਸੀਆਂ ਤੈਅ ਕਰਦੀਆਂ ਹਨ। ਇਹ ਰੇਟਿੰਗ ਬਾਂਡ ਜਾਰੀ ਕਰਨ ਵਾਲੀ ਸਰਕਾਰ ਜਾਂ ਕੰਪਨੀ ਦੀ ਸਾਖ਼ ਦੇ ਆਧਾਰ ’ਤੇ ਤੈਅ ਕੀਤੀ ਜਾਂਦੀ ਹੈ। ਜੇਕਰ ਤੁਸੀਂ ਨਿਵੇਸ਼ ਕਰਦੇ ਸਮੇਂ ਬਾਂਡ ਦੀ ਰੇਟਿੰਗ ਵੱਲ ਧਿਆਨ ਦਿਓਗੇ ਤਾਂ ਤੁਹਾਡਾ ਪੈਸਾ ਵੀ ਸੁਰੱਖਿਅਤ ਰਹੇਗਾ ਅਤੇ ਰਿਟਰਨ ਵੀ ਮਿਲਦਾ ਰਹੇਗਾ। ਬਾਂਡ ’ਚ ਨਿਵੇਸ਼ ਦੌਰਾਨ ਧਿਆਨ ਰੱਖਣ ਵਾਲੀਆਂ ਗੱਲਾਂ ਬਾਰੇ ਦੱਸ ਰਹੇ ਹਨ ਮਨੋਜ ਕੁਮਾਰ।
ਕਿਉਂ ਜਾਰੀ ਕੀਤੇ ਜਾਂਦੇ ਹਨ ਬਾਂਡ
ਕੇਂਦਰ ਅਤੇ ਸੂਬਾ ਸਰਕਾਰਾਂ ਜਾਂ ਕੰਪਨੀਆਂ ਨੂੰ ਅਕਸਰ ਕਾਰੋਬਾਰ ਦੇ ਵਿਸਥਾਰ ਜਾਂ ਹੋਰ ਕੰਮਾਂ ਲਈ ਪੈਸੇ ਦੀ ਲੋੜ ਪੈਂਦੀ ਹੈ। ਇਹ ਪੈਸਾ ਕਰਜ਼ਾ ਲੈ ਕੇ, ਸ਼ੇਅਰ ਵੇਚ ਕੇ ਜਾਂ ਬਾਂਡ ਜਾਰੀ ਕਰ ਕੇ ਇਕੱਠਾ ਕੀਤਾ ਜਾਂਦਾ ਹੈ। ਕਰਜ਼ਾ ਲੈਣ ਦੀ ਪ੍ਰਕਿਰਿਆ ਕਾਫ਼ੀ ਗੁੰਝਲਦਾਰ ਹੁੰਦੀ ਹੈ ਅਤੇ ਇਸ ਲਈ ਸਰਕਾਰਾਂ ਜਾਂ ਕੰਪਨੀਆਂ ਨੂੰ ਕੋਈ ਗਾਰੰਟੀ ਦੇਣੀ ਪੈਂਦੀ ਹੈ ਜਾਂ ਜਾਇਦਾਦ ਗਿਰਵੀ ਰੱਖਣੀ ਪੈਂਦੀ ਹੈ। ਸ਼ੇਅਰਾਂ ਦੀ ਵਿਕਰੀ ਨਾਲ ਕੰਪਨੀ ਦੇ ਪ੍ਰਮੋਟਰਾਂ ਦੀ ਹਿੱਸੇਦਾਰੀ ਘਟ ਜਾਂਦੀ ਹੈ, ਜਿਸ ਨਾਲ ਕੰਪਨੀ ’ਤੇ ਉਨ੍ਹਾਂ ਦਾ ਕੰਟਰੋਲ ਕਮਜ਼ੋਰ ਹੁੰਦਾ ਹੈ, ਜਦਕਿ ਸਰਕਾਰਾਂ ਕੋਲ ਇਹ ਸਹੂਲਤ ਉਪਲਬਧ ਨਹੀਂ ਹੁੰਦੀ। ਬਾਂਡ ਜਾਰੀ ਕਰਨ ’ਚ ਇਨ੍ਹਾਂ ਸਭ ਦੀ ਲੋੜ ਨਹੀਂ ਪੈਂਦੀ। ਇਸ ਕਾਰਨ ਬਾਂਡ ਰਾਹੀਂ ਪੈਸਾ ਇਕੱਠਾ ਕਰਨਾ ਸੌਖਾ ਹੁੰਦਾ ਹੈ ਅਤੇ ਇਸ ਦੀ ਪ੍ਰਕਿਰਿਆ ਵੀ ਕਾਫ਼ੀ ਛੋਟੀ ਹੁੰਦੀ ਹੈ।
ਭਾਰਤ ’ਚ ਬਾਂਡ ਰੇਟਿੰਗ ਤੈਅ ਕਰਨ ਵਾਲੀਆਂ ਪ੍ਰਮੁੱਖ ਏਜੰਸੀਆਂ
- ਕ੍ਰਿਸਿਲ ਰੇਟਿੰਗਜ਼ ਲਿਮਟਿਡ
- ਇਕਰਾ ਲਿਮਟਿਡ
- ਕੇਅਰ ਰੇਟਿੰਗਜ਼ ਲਿਮਟਿਡ
- ਇੰਡੀਆ ਰੇਟਿੰਗਜ਼ ਐਂਡ ਰਿਸਰਚ
- ਐਕਿਊਟ ਰੇਟਿੰਗਜ਼ ਐਂਡ ਰਿਸਰਚ
- ਬ੍ਰਿਕਵਰਕ ਰੇਟਿੰਗਜ਼ ਇੰਡੀਆ
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਰੇਟਿੰਗ : ਬਾਂਡ ’ਚ ਨਿਵੇਸ਼ ਕਰਦੇ ਸਮੇਂ ਇਸ ਦੀ ਰੇਟਿੰਗ ਵੱਲ ਜ਼ਰੂਰ ਧਿਆਨ ਦਿਉ। ‘ਏਏਏ’ ਜਾਂ ‘ਟ੍ਰਿਪਲ ਏ’ ਰੇਟਿੰਗ ਨੂੰ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ ਜਦਕਿ ‘ਡੀ’ ਸਭ ਤੋਂ ਖ਼ਰਾਬ ਰੇਟਿੰਗ ਹੁੰਦੀ ਹੈ ਅਤੇ ਇਸ ’ਚ ਡਿਫਾਲਟ ਹੋਣ, ਭਾਵ ਪੈਸਾ ਡੁੱਬਣ ਦਾ ਵੀ ਖ਼ਤਰਾ ਹੁੰਦਾ ਹੈ।
ਸੁਰੱਖਿਆ: ਸੁਰੱਖਿਅਤ ਬਾਂਡਾਂ ਨੂੰ ਕੰਪਨੀ ਦੀਆਂ ਜਾਇਦਾਦਾਂ ਦਾ ਸਮਰਥਨ ਹਾਸਲ ਹੁੰਦਾ ਹੈ। ਅਸੁਰੱਖਿਅਤ ਅਤੇ ਸਬਆਰਡੀਨੇਟ ਬਾਂਡਾਂ ਦਾ ਭੁਗਤਾਨ ਬਾਅਦ ’ਚ ਕੀਤਾ ਜਾਂਦਾ ਹੈ ਜਾਂ ਹੋ ਸਕਦਾ ਹੈ ਕਿ ਉਨ੍ਹਾਂ ਦਾ ਭੁਗਤਾਨ ਹੋਵੇ ਹੀ ਨਾ।
ਰਿਟਰਨ: ਬਾਂਡ ’ਤੇ ਮਿਲਣ ਵਾਲੇ ਯੀਲਡ ਜਾਂ ਰਿਟਰਨ ਦੀ ਤੁਲਨਾ ਇੱਕੋ ਜਿਹੀ ਰੇਟਿੰਗ ਅਤੇ ਮਿਆਦ ਵਾਲੇ ਹੋਰ ਬਾਂਡਾਂ ਨਾਲ ਕਰੋ। ਜੇਕਰ ਇਹ ਦੂਜਿਆਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਰਿਟਰਨ ਦਿੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਬਾਜ਼ਾਰ ਇਸ ’ਚ ਵਾਧੂ ਜੋਖ਼ਮ ਦੇਖ ਰਿਹਾ ਹੈ। ਇਸ ਲਈ, ਇਸ ਨੂੰ ਖ਼ਰੀਦਣ ਤੋਂ ਪਹਿਲਾਂ ਪਤਾ ਲਗਾਓ ਕਿ ਅਜਿਹਾ ਕਿਉਂ ਹੈ।
ਪੈਸਾ ਕਢਵਾਉਣਾ: ਕਈ ਕੰਪਨੀਆਂ ਦੇ ਬਾਂਡ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਕਈ ਦਿਨਾਂ ਤੱਕ ਕੋਈ ਖ਼ਰੀਦਦਾਰ ਨਹੀਂ ਮਿਲਦਾ। ਇਸ ਲਈ ਅਜਿਹਾ ਬਾਂਡ ਚੁਣੋ ਜੋ ਤੁਹਾਨੂੰ ਪੈਸੇ ਦੀ ਲੋੜ ਪੈਣ ਤੋਂ ਪਹਿਲਾਂ ਹੀ ਮੈਚਿਓਰ ਹੋ ਕੇ ਰਕਮ ਵਾਪਸ ਕਰ ਦੇਵੇ।
ਨਿਵੇਸ਼ ਐਪ: ਐਪ ਰਾਹੀਂ ਨਿਵੇਸ਼ ਕਰਦੇ ਸਮੇਂ ਇਨ੍ਹਾਂ ’ਤੇ ਅੱਖਾਂ ਬੰਦ ਕਰਕੇ ਭਰੋਸਾ ਨਾ ਕਰੋ। ਐਪ ਆਪਣੇ ਮੁੱਲਾਂ ਦੇ ਆਧਾਰ ’ਤੇ ਹੀ ਆਪਣੇ ਪਲੇਟਫਾਰਮ ’ਤੇ ਯੀਲਡ ਜਾਂ ਰਿਟਰਨ ਦੀ ਜਾਣਕਾਰੀ ਦਿੰਦੇ ਹਨ। ਐਪ ਰਾਹੀਂ ਨਿਵੇਸ਼ ਕਰਨ ਤੋਂ ਪਹਿਲਾਂ ਸਬੰਧਤ ਬਾਂਡ ਦੇ ਯੀਲਡ ਦੀ ਜਾਣਕਾਰੀ ਸਟਾਕ ਐਕਸਚੇਂਜ ਤੋਂ ਜ਼ਰੂਰ ਲਓ।
ਕਿੱਥੇ ਰੱਖੇ ਜਾਂਦੇ ਹਨ ਬਾਂਡ
ਜਿਵੇਂ ਕਿ ਅਸੀਂ ਪਿਛਲੇ ਹਫ਼ਤੇ ਦੱਸਿਆ ਸੀ ਕਿ ਬਾਂਡ ’ਚ ਨਿਵੇਸ਼ ਦੇ ਛੇ ਤਰੀਕੇ ਹਨ। ਤੁਸੀਂ ਨਿਵੇਸ਼ ਲਈ ਕੋਈ ਵੀ ਤਰੀਕਾ ਅਪਣਾਓ, ਤੁਹਾਡੇ ਖ਼ਰੀਦੇ ਹੋਏ ਬਾਂਡ ਸਿਰਫ਼ ਦੋ ਹੀ ਥਾਵਾਂ ’ਤੇ ਰੱਖੇ ਜਾਣਗੇ। ਇਨ੍ਹਾਂ ’ਚ ਡੀਮੈਟ ਖਾਤਾ ਅਤੇ ਆਰਬੀਆਈ ਦਾ ਰਿਟੇਲ ਡਾਇਰੈਕਟ ਗਿਲਟ (ਆਰਡੀਜੀ) ਖਾਤਾ ਸ਼ਾਮਲ ਹਨ। ਡੀਮੈਟ ਇਕ ਇਲੈਕਟ੍ਰਾਨਿਕ ਖਾਤਾ ਹੁੰਦਾ ਹੈ, ਜਿੱਥੇ ਤੁਹਾਡੇ ਵੱਲੋਂ ਖ਼ਰੀਦੇ ਗਏ ਸ਼ੇਅਰ ਵੀ ਰੱਖੇ ਜਾਂਦੇ ਹਨ। ਇਨ੍ਹਾਂ ਦਾ ਸੰਚਾਲਨ ਦੋ ਡਿਪਾਜ਼ਟਰੀਆਂ- ਨੈਸ਼ਨਲ ਸਕਿਉਰਿਟੀਜ਼ ਡਿਪਾਜ਼ਟਰੀ ਲਿਮਟਿਡ (ਐੱਨਐੱਸਡੀਐੱਲ) ਅਤੇ ਸੈਂਟਰਲ ਡਿਪਾਜ਼ਟਰੀ ਸਰਵਿਸਿਜ਼ ਲਿਮਟਿਡ (ਸੀਡੀਐੱਸਐੱਲ) ਕਰਦੀਆਂ ਹਨ। ਤੁਹਾਡੇ ਬਾਂਡ ਕਿੱਥੇ ਰੱਖੇ ਜਾਣਗੇ, ਇਸ ਦਾ ਫ਼ੈਸਲਾ ਸਟਾਕ ਬ੍ਰੋਕਰ ਜਾਂ ਬੈਂਕ ਕਰਦੇ ਹਨ। ਆਰਡੀਜੀ ਉਹ ਖਾਤਾ ਹੈ, ਜੋ ਆਰਬੀਆਈ ਸਿਰਫ਼ ਸਰਕਾਰੀ ਬਾਂਡਾਂ ’ਚ ਨਿਵੇਸ਼ ਲਈ ਵਿਅਕਤੀਗਤ ਜਾਂ ਪ੍ਰਚੂਨ ਨਿਵੇਸ਼ਕਾਂ ਵਾਸਤੇ ਖੋਲ੍ਹਦਾ ਹੈ।
ਟੈਕਸਯੋਗ ਹੈ ਬਾਂਡ ’ਤੇ ਮਿਲਣ ਵਾਲਾ ਵਿਆਜ
ਬਾਂਡ ’ਚ ਨਿਵੇਸ਼ ਤੋਂ ਮਿਲਣ ਵਾਲਾ ਵਿਆਜ ਟੈਕਸਯੋਗ ਹੁੰਦਾ ਹੈ ਤੇ ਇਸ ’ਤੇ ਨਿਵੇਸ਼ਕ ਦੇ ਟੈਕਸ ਸਲੈਬ ਦੇ ਹਿਸਾਬ ਨਾਲ ਟੈਕਸ ਲੱਗਦਾ ਹੈ। ਜੇਕਰ ਕੋਈ ਕੰਪਨੀ ਇਕ ਸਾਲ ’ਚ 10 ਹਜ਼ਾਰ ਰੁਪਏ ਤੋਂ ਵੱਧ ਵਿਆਜ ਦਿੰਦੀ ਹੈ ਤਾਂ ਉਹ 10 ਫ਼ੀਸਦ ਟੀਡੀਐੱਸ ਕੱਟ ਲੈਂਦੀ ਹੈ।
ਬਾਂਡ ਬਾਜ਼ਾਰ ਇਕ ਨਿਵੇਸ਼ ਸਾਧਨ ਵਜੋਂ ਉੱਭਰ ਰਿਹਾ ਹੈ। ਆਮ ਨਿਵੇਸ਼ ਉਤਪਾਦਾਂ ਦੇ ਮੁਕਾਬਲੇ ਵੱਧ ਰਿਟਰਨ ਮਿਲਣ ਕਾਰਨ ਇਹ ਤੇਜ਼ੀ ਨਾਲ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ, ਪਰ ਇਸ ’ਚ ਨਿਵੇਸ਼ ਜੋਖ਼ਮ ਭਰਿਆ ਹੈ। ਨਿਵੇਸ਼ਕਾਂ, ਖ਼ਾਸ ਕਰਕੇ ਪ੍ਰਚੂਨ ਨਿਵੇਸ਼ਕਾਂ ਨੂੰ ਬਾਂਡ ’ਚ ਨਿਵੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਰੇਟਿੰਗ, ਸੁਰੱਖਿਆ, ਰਿਟਰਨ ਅਤੇ ਪੈਸਾ ਕਢਵਾਉਣ ਸਮੇਤ ਸਾਰੇ ਪਹਿਲੂਆਂ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰ ਲੈਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਜੋਖ਼ਮ ਘਟੇਗਾ ਅਤੇ ਨਿਵੇਸ਼ ’ਤੇ ਬਿਹਤਰ ਰਿਟਰਨ ਮਿਲ ਸਕੇਗਾ।
-ਰੁਬਿਨ ਤਲਾਤੀ, ਸੰਸਥਾਪਕ, ਦਿ ਬਾਂਡ ਪ੍ਰੋਜੈਕਟ
ਨੋਟ: ਇਹ ਲੇਖ ਸਿਰਫ਼ ਜਾਣਕਾਰੀ ਲਈ ਹੈ। ਬਾਂਡ ’ਚ ਨਿਵੇਸ਼ ਕਰਨ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ।