- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
90 ਦੇ ਦਹਾਕੇ ਦੀ ਸੁਪਰਹਿੱਟ ਅਦਾਕਾਰਾ ਜੂਹੀ ਚਾਵਲਾ ਦੀ ਅੰਦਾਜ਼ਨ ਨੈੱਟ ਵਰਥ ਕਰੀਬ 7,790 ਕਰੋੜ ਹੈ ਤੇ ਇਸ ਦੇ ਨਾਲ ਉਹ ਭਾਰਤ ਦੀ ਸਭ ਤੋਂ ਅਮੀਰ ਮਹਿਲਾ ਫ਼ਿਲਮ ਸਟਾਰ ਮੰਨੀ ਜਾਂਦੀ ਹੈ।

ਬਿਜ਼ਨਸ ਡੈਸਕ, ਨਵੀਂ ਦਿੱਲੀ : ਬਾਲੀਵੁੱਡ ਦੀਆਂ ਕਈ ਅਦਾਕਾਰਾਵਾਂ ਫ਼ਿਲਮਾਂ, ਇਸ਼ਤਿਹਾਰਾਂ ਤੇ ਬ੍ਰਾਂਡ ਐਂਡੋਰਸਮੈਂਟ ਰਾਹੀਂ ਕਰੋੜਾਂ ਰੁਪਏ ਕਮਾਉਂਦੀਆਂ ਹਨ। ਪਰ ਜੇਕਰ ਕੁੱਲ ਨੈੱਟ ਵਰਥ ਦੀ ਗੱਲ ਕੀਤੀ ਜਾਵੇ ਤਾਂ ਇੱਕ ਨਾਮ ਇਨ੍ਹਾਂ ਸਭ ਤੋਂ ਕਾਫ਼ੀ ਵੱਖਰਾ ਨਜ਼ਰ ਆਉਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਨਾਮ ਅੱਜ ਦੀਆਂ ਟਾਪ ਸਟਾਰਾਂ ’ਚੋਂ ਨਹੀਂ, ਸਗੋਂ 90 ਦੇ ਦਹਾਕੇ ਦੀ ਸੁਪਰਹਿੱਟ ਅਦਾਕਾਰਾ ਜੂਹੀ ਚਾਵਲਾ ਦਾ ਹੈ। ਰਿਪੋਰਟ ਮੁਤਾਬਕ, ਜੂਹੀ ਚਾਵਲਾ ਦੀ ਅੰਦਾਜ਼ਨ ਨੈੱਟ ਵਰਥ ਕਰੀਬ 7,790 ਕਰੋੜ ਹੈ ਤੇ ਇਸ ਦੇ ਨਾਲ ਉਹ ਭਾਰਤ ਦੀ ਸਭ ਤੋਂ ਅਮੀਰ ਮਹਿਲਾ ਫ਼ਿਲਮ ਸਟਾਰ ਮੰਨੀ ਜਾਂਦੀ ਹੈ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਉਨ੍ਹਾਂ ਦੀ ਕਮਾਈ ਦਾ ਸਰੋਤ ਕੀ ਹੈ?
IPL ਨੇ ਬਦਲ ਦਿੱਤੀ ਜੂਹੀ ਚਾਵਲਾ ਦੀ ਦੌਲਤ ਦੀ ਕਹਾਣੀ
ਜੂਹੀ ਚਾਵਲਾ ਤੇ ਸ਼ਾਹਰੁਖ ਖਾਨ ਦੀ ਦੋਸਤੀ ਸਿਰਫ਼ ਫ਼ਿਲਮਾਂ ਤੱਕ ਹੀ ਸੀਮਿਤ ਨਹੀਂ ਰਹੀ। ਦੋਵਾਂ ਨੇ ਕਈ ਫ਼ਿਲਮਾਂ ’ਚ ਇਕੱਠੇ ਕੰਮ ਕੀਤਾ ਤੇ ਬਾਅਦ ’ਚ ਬਿਜ਼ਨਸ ਪਾਰਟਨਰ ਵੀ ਬਣੇ। ਸਾਲ 2008 ’ਚ ਜਦੋਂ IPL ਦੀ ਸ਼ੁਰੂਆਤ ਹੋਈ ਤਾਂ ਜੂਹੀ ਚਾਵਲਾ ਨੇ ਆਪਣੇ ਪਤੀ ਜੈ ਮਹਿਤਾ ਤੇ ਅਦਾਕਾਰ ਸ਼ਾਹਰੁਖ ਖਾਨ ਦੇ ਨਾਲ ਮਿਲ ਕੇ ਕੋਲਕਾਤਾ ਨਾਈਟ ਰਾਈਡਰਜ਼ (KKR) ’ਚ ਨਿਵੇਸ਼ ਕੀਤਾ। KKR ਨੂੰ ਕਰੀਬ 600 ਕਰੋੜ ’ਚ ਖਰੀਦਿਆ ਗਿਆ ਸੀ। ਉਸ ਸਮੇਂ ਇਹ ਇੱਕ ਵੱਡਾ ਜੋਖ਼ਮ ਮੰਨਿਆ ਜਾਂਦਾ ਸੀ, ਕਿਉਂਕਿ IPL ਬਿਲਕੁਲ ਨਵਾਂ ਕਨਸੈਪਟ ਸੀ ਤੇ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਲੀਗ ਅੱਗੇ ਜਾ ਕੇ ਇੰਨੀ ਵੱਡੀ ਇੰਡਸਟਰੀ ਬਣ ਜਾਵੇਗੀ।
ਸ਼ੁਰੂਆਤੀ ਸੀਜ਼ਨਾਂ ’ਚ KKR ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਟੀਮ ਨੂੰ ਲਗਾਤਾਰ ਹਾਰਾਂ ਦਾ ਸਾਹਮਣਾ ਕਰਨਾ ਪਿਆ ਤੇ ਮਾਲਕਾਂ ਨੂੰ ਵੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਪਰ ਜੂਹੀ ਤੇ ਜੈ ਮਹਿਤਾ ਨੇ ਆਪਣਾ ਨਿਵੇਸ਼ ਜਾਰੀ ਰੱਖਿਆ। ਸਮੇਂ ਦੇ ਨਾਲ KKR ਦੀ ਸਥਿਤੀ ਬਦਲੀ ਤੇ ਟੀਮ ਨੇ IPL ’ਚ ਆਪਣੀ ਪਛਾਣ ਬਣਾਈ। 2024 ’ਚ KKR ਨੇ IPL ਦਾ ਖਿਤਾਬ ਜਿੱਤਿਆ, ਜਿਸ ਤੋਂ ਬਾਅਦ ਟੀਮ ਦੀ ਕੀਮਤ ਕਰੀਬ 9,000 ਕਰੋੜ ਅੰਕੀ ਗਈ ਸੀ। ਇਹੀ ਨਿਵੇਸ਼ ਜੂਹੀ ਚਾਵਲਾ ਦੀ ਸੰਪਤੀ ਦਾ ਸਭ ਤੋਂ ਵੱਡਾ ਤੇ ਚਰਚਿਤ ਹਿੱਸਾ ਮੰਨਿਆ ਜਾਂਦਾ ਹੈ।
ਮੁੰਬਈ ਦੀ ਮਹਿੰਗੀ ਪ੍ਰਾਪਰਟੀ ’ਚ ਵੀ ਵੱਡਾ ਨਿਵੇਸ਼
ਜੂਹੀ ਚਾਵਲਾ ਤੇ ਉਨ੍ਹਾਂ ਦੇ ਪਤੀ ਜੈ ਮਹਿਤਾ ਕੋਲ ਭਾਰਤ ਤੇ ਵਿਦੇਸ਼ਾਂ ’ਚ ਕਈ ਪ੍ਰਾਈਮ ਪ੍ਰਾਪਰਟੀਜ਼ ’ਚ ਨਿਵੇਸ਼ ਹੋਣ ਦੀ ਜਾਣਕਾਰੀ ਸਾਹਮਣੇ ਆਉਂਦੀ ਰਹੀ ਹੈ। ਦੋਵੇਂ ਮੁੰਬਈ ਦੇ ਬੇਹੱਦ ਮਹਿੰਗੇ ਇਲਾਕੇ ਮਲਾਬਾਰ ਹਿੱਲ ’ਚ ਸਮੁੰਦਰ ਦੇ ਸਾਹਮਣੇ ਸਥਿਤ ਇੱਕ ਲਗਜ਼ਰੀ ਬਿਲਡਿੰਗ ’ਚ ਰਹਿੰਦੇ ਹਨ। ਰੀਅਲ ਅਸਟੇਟ ਨੂੰ ਵੀ ਉਨ੍ਹਾਂ ਦੀ ਕੁੱਲ ਸੰਪਤੀ ਦਾ ਇੱਕ ਅਹਿਮ ਹਿੱਸਾ ਮੰਨਿਆ ਜਾਂਦਾ ਹੈ। ਮੁੰਬਈ ਵਰਗੇ ਸ਼ਹਿਰ ’ਚ ਪ੍ਰਾਈਮ ਲੋਕੇਸ਼ਨ ਦੀ ਜ਼ਮੀਨ ਤੇ ਲਗਜ਼ਰੀ ਪ੍ਰਾਪਰਟੀ ਦੀਆਂ ਕੀਮਤਾਂ ਨੂੰ ਦੇਖਦੇ ਹੋਏ ਇਹ ਨਿਵੇਸ਼ ਲੰਬੇ ਸਮੇਂ ’ਚ ਕਾਫ਼ੀ ਕੀਮਤੀ ਸਾਬਤ ਹੋਇਆ ਹੈ।
ਸੀਮੈਂਟ ਕੰਪਨੀ ’ਚ ਵੀ ਹਿੱਸੇਦਾਰੀ
ਜੂਹੀ ਤੇ ਜੈ ਮਹਿਤਾ ਦਾ ਕਾਰੋਬਾਰੀ ਕਨੈਕਸ਼ਨ ਸਿਰਫ਼ ਮਨੋਰੰਜਨ ਤੇ ਕ੍ਰਿਕਟ ਤੱਕ ਹੀ ਸੀਮਿਤ ਨਹੀਂ ਹੈ। ਉਨ੍ਹਾਂ ਦੇ ਪਰਿਵਾਰ ਦਾ ਕਾਰੋਬਾਰ ਸੀਮੈਂਟ ਇੰਡਸਟਰੀ ਨਾਲ ਵੀ ਜੁੜਿਆ ਹੋਇਆ ਹੈ। ਰਿਪੋਰਟ ਮੁਤਾਬਕ, ਜੂਹੀ ਦੀ Saurashtra Cement ’ਚ ਵੀ ਨਿਵੇਸ਼ੀ ਹਿੱਸੇਦਾਰੀ ਹੈ। ਇਸ ਦਾ ਮਤਲਬ ਹੈ ਕਿ ਉਨ੍ਹਾਂ ਦੀ ਸੰਪਤੀ ਦਾ ਇੱਕ ਹਿੱਸਾ ਅਜਿਹੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ ਜੋ ਫ਼ਿਲਮਾਂ ਤੇ ਮਨੋਰੰਜਨ ਤੋਂ ਬਿਲਕੁਲ ਵੱਖਰਾ ਹੈ।
ਰੈਸਟੋਰੈਂਟ ਬਿਜ਼ਨਸ ’ਚ ਵੀ ਉਤਰ ਚੁੱਕੀ ਹੈ ਜੂਹੀ
ਜੂਹੀ ਚਾਵਲਾ ਨੇ ਹਾਸਪਿਟੈਲਿਟੀ ਸੈਕਟਰ ’ਚ ਵੀ ਨਿਵੇਸ਼ ਕੀਤਾ ਹੈ। ਮੁੰਬਈ ’ਚ ਉਨ੍ਹਾਂ ਦੇ ਬਿਜ਼ਨਸ ਨਾਲ ਜੁੜੇ ਰੈਸਟੋਰੈਂਟਾਂ ’ਚ ਕਾਲਾ ਘੋੜਾ ਦਾ Rue du Liban ਤੇ ਬਾਂਦਰਾ ਦਾ Gustoso ਸ਼ਾਮਲ ਹਨ। ਇਸ ਤੋਂ ਸਾਫ਼ ਹੈ ਕਿ ਜੂਹੀ ਨੇ ਆਪਣੀ ਪਛਾਣ ਨੂੰ ਸਿਰਫ਼ ਬਾਲੀਵੁੱਡ ਤੱਕ ਸੀਮਿਤ ਨਹੀਂ ਰੱਖਿਆ। ਉਨ੍ਹਾਂ ਨੇ ਵੱਖ-ਵੱਖ ਸੈਕਟਰਾਂ ’ਚ ਨਿਵੇਸ਼ ਕਰਕੇ ਆਪਣੀ ਕਮਾਈ ਦੇ ਕਈ ਸਰੋਤ ਬਣਾਏ ਹਨ।