ਪਿਆਜ਼ ਦੀਆਂ ਕੀਮਤਾਂ ਤੋਂ ਮਿਲੀ ਵੱਡੀ ਰਾਹਤ : ‘ਕਾਂਦਾ ਐਕਸਪ੍ਰੈਸ’ ਨੇ ਘਟਾਈ ਮਹਿੰਗਾਈ, ਹੁਣ ₹35/ਕਿਲੋ 'ਚ ਖਰੀਦੋ ਪਿਆਜ਼!
ਸਰਕਾਰ ਵੱਲੋਂ ਚੁਣੇ ਹੋਏ ਸ਼ਹਿਰਾਂ ਵਿੱਚ ਬਫਰ ਸਟਾਕ ਤੋਂ ₹35 ਪ੍ਰਤੀ ਕਿਲੋ ਦੀ ਰਿਆਇਤੀ ਦਰ (Subsidised Price) ’ਤੇ ਪਿਆਜ਼ ਵੇਚਿਆ ਜਾ ਰਿਹਾ ਹੈ। ਪਿਛਲੇ 10 ਦਿਨਾਂ ਵਿੱਚ ਸਰਕਾਰ ਨੇ 17 ਸ਼ਹਿਰਾਂ ਵਿੱਚ ਲਗਪਗ 4,000 ਟਨ ਪਿਆਜ਼ ਵੇਚਿਆ ਹੈ
Publish Date: Mon, 07 Sep 2026 10:41 AM (IST)
Updated Date: Mon, 07 Sep 2026 10:46 AM (IST)
ਬਿਜ਼ਨਸ ਡੈਸਕ, ਨਵੀਂ ਦਿੱਲੀ : ਦੇਸ਼ ਵਿੱਚ ਪਿਆਜ਼ ਦੀਆਂ ਆਸਮਾਨ ਛੂਹ ਰਹੀਆਂ ਕੀਮਤਾਂ ਤੋਂ ਪਰੇਸ਼ਾਨ ਲੋਕਾਂ ਲਈ ਇੱਕ ਚੰਗੀ ਖ਼ਬਰ ਹੈ। ਕੇਂਦਰ ਸਰਕਾਰ ਨੇ ਮਹਿੰਗਾਈ ’ਤੇ ਕਾਬੂ ਪਾਉਣ ਅਤੇ ਆਮ ਲੋਕਾਂ ਨੂੰ ਰਾਹਤ ਦੇਣ ਲਈ ਆਪਣੇ ਬਫਰ ਸਟਾਕ (Onion Buffer Stock) ਵਿੱਚੋਂ ਸਸਤੇ ਭਾਅ ’ਤੇ ਪਿਆਜ਼ ਵੇਚਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਦੀ ਇਸ ਪਹਿਲ ਤੋਂ ਬਾਅਦ ਕਈ ਸ਼ਹਿਰਾਂ ਵਿੱਚ ਪਿਆਜ਼ ਦੀਆਂ ਖੁਦਰਾ ਕੀਮਤਾਂ ਵਿੱਚ ₹2-3 ਪ੍ਰਤੀ ਕਿਲੋ ਦੀ ਕਮੀ ਵੀ ਦਰਜ ਕੀਤੀ ਗਈ ਹੈ।
ਸਰਕਾਰ ਦਾ ਕੀ ਪਲਾਨ ਹੈ ਸਰਕਾਰ ਵੱਲੋਂ ਚੁਣੇ ਹੋਏ ਸ਼ਹਿਰਾਂ ਵਿੱਚ ਬਫਰ ਸਟਾਕ ਤੋਂ ₹35 ਪ੍ਰਤੀ ਕਿਲੋ ਦੀ ਰਿਆਇਤੀ ਦਰ (Subsidised Price) ’ਤੇ ਪਿਆਜ਼ ਵੇਚਿਆ ਜਾ ਰਿਹਾ ਹੈ। ਪਿਛਲੇ 10 ਦਿਨਾਂ ਵਿੱਚ ਸਰਕਾਰ ਨੇ 17 ਸ਼ਹਿਰਾਂ ਵਿੱਚ ਲਗਭਗ 4,000 ਟਨ ਪਿਆਜ਼ ਵੇਚਿਆ ਹੈ। NCCF (National Cooperative Consumers' Federation of India) ਨੇ ਆਪਣੇ ਸਟੋਰਾਂ, ਮੋਬਾਈਲ ਵੈਨਾਂ ਅਤੇ ਸਹਿਕਾਰੀ ਸਭਾਵਾਂ ਰਾਹੀਂ ਹੁਣ ਤੱਕ ਕਰੀਬ 1,500 ਟਨ ਬਫਰ ਪਿਆਜ਼ ਵੇਚਿਆ ਹੈ।
ਪਿਆਜ਼ ਉਤਪਾਦਕ ਰਾਜਾਂ ਤੋਂ ਵੱਖ-ਵੱਖ ਸ਼ਹਿਰਾਂ ਤੱਕ ਪਿਆਜ਼ ਪਹੁੰਚਾਉਣ ਲਈ ਟਰੱਕਾਂ ਦੇ ਨਾਲ-ਨਾਲ ਵਿਸ਼ੇਸ਼ ਰੇਲ ਸੇਵਾ ‘ਕਾਂਦਾ ਐਕਸਪ੍ਰੈਸ’ ਦੀ ਵਰਤੋਂ ਕੀਤੀ ਜਾ ਰਹੀ ਹੈ। ਦਿੱਲੀ ਤੋਂ ਚੇਨਈ ਤੱਕ ਪਿਆਜ਼ ਪਹੁੰਚਾਇਆ ਜਾ ਚੁੱਕਾ ਹੈ ਅਤੇ ਹੁਣ ਅਗਲੀ ਖੇਪ ਗੁਵਾਹਾਟੀ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਨੇ 2026 ਲਈ NCCF ਅਤੇ NAFED ਵਰਗੀਆਂ ਏਜੰਸੀਆਂ ਰਾਹੀਂ ਕੁੱਲ 1.21 ਲੱਖ ਟਨ ਪਿਆਜ਼ ਦਾ ਬਫਰ ਸਟਾਕ ਤਿਆਰ ਕੀਤਾ ਹੈ।
ਕਿਹੜੇ ਰਾਜਾਂ 'ਚ ਵਿਕਰੀ ਚੱਲ ਰਹੀ ਹੈ ਸਰਕਾਰ ਦੀ ਇਹ ਸਸਤੇ ਭਾਅ ਵਾਲੀ ਵਿਕਰੀ ਮੁਹਿੰਮ ਦਿੱਲੀ-NCR, ਤਾਮਿਲਨਾਡੂ, ਉੱਤਰ ਪ੍ਰਦੇਸ਼, ਕੇਰਲ, ਰਾਜਸਥਾਨ, ਪੰਜਾਬ ਅਤੇ ਓਡੀਸ਼ਾ ਸਮੇਤ ਕਈ ਰਾਜਾਂ ਵਿੱਚ ਚੱਲ ਰਹੀ ਹੈ। ਇਨ੍ਹਾਂ ਰਾਜਾਂ ਤੱਕ ਪਿਆਜ਼ ਪਹੁੰਚਾਉਣ ਅਤੇ ਇਸ ਦੀ ਛਾਂਟੀ ਤੇ ਪੈਕਿੰਗ ਦਾ ਕੰਮ CWC (Central Warehousing Corporation) ਕਰ ਰਹੀ ਹੈ।
ਪ੍ਰਮੁੱਖ ਸ਼ਹਿਰਾਂ 'ਚ 5 ਸਤੰਬਰ ਤੱਕ ਪਿਆਜ਼ ਦੀ ਕੀਮਤ - ਚੇਨਈ: ₹63 ਪ੍ਰਤੀ ਕਿਲੋ
- ਦਿੱਲੀ: ₹58 ਪ੍ਰਤੀ ਕਿਲੋ
- ਮੁੰਬਈ: ₹53 ਪ੍ਰਤੀ ਕਿਲੋ
- ਰਾਂਚੀ: ₹40 ਪ੍ਰਤੀ ਕਿਲੋ
ਅੱਗੇ ਕੀ ਉਮੀਦ ਹੈ? ਅਧਿਕਾਰੀਆਂ ਮੁਤਾਬਕ, ਭਾਵੇਂ ਇਸ ਸਮੇਂ ਰਾਸ਼ਟਰੀ ਔਸਤ ਖੁਦਰਾ ਕੀਮਤ ₹50.79 ਪ੍ਰਤੀ ਕਿਲੋ ਹੈ ਪਰ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਹੋਰ ਰਾਹਤ ਮਿਲਣ ਦੀ ਉਮੀਦ ਹੈ। ਅਕਤੂਬਰ ਦੇ ਮੱਧ ਤੱਕ ਬਾਜ਼ਾਰ ਵਿੱਚ ਖਰੀਫ਼ ਪਿਆਜ਼ ਦੀ ਨਵੀਂ ਫ਼ਸਲ ਆਉਣੀ ਸ਼ੁਰੂ ਹੋ ਜਾਵੇਗੀ। ਨਵੀਂ ਫ਼ਸਲ ਦੀ ਆਮਦ ਨਾਲ ਸਪਲਾਈ ਵਧੇਗੀ, ਜਿਸ ਕਾਰਨ ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਪਿਆਜ਼ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।