ਦੀਵਾਲੀ ਤੋਂ ਪਹਿਲਾਂ ਆਮ ਜਨਤਾ ਨੂੰ ਵੱਡੀ ਰਾਹਤ, ਅਰਹਰ ਦੀ ਦਾਲ ₹300 ਤੱਕ ਹੋਈ ਸਸਤੀ; ਜਾਣੋ ਅੱਗੇ ਕਿਹੋ ਜਿਹੀ ਰਹੇਗੀ ਸਪਲਾਈ ਭਾਰਤ ਅਰਹਰ ਦੀ ਦਾਲ ਦਾ ਇੱਕ ਵੱਡਾ ਆਯਾਤਕ ਦੇਸ਼ ਰਿਹਾ ਹੈ। ਇਸ ਸਾਲ ਜਨਵਰੀ ਤੋਂ ਅਗਸਤ ਦੌਰਾਨ ਤੂਰ ਦੀ ਦਾਲ ਦੀ ਦਰਾਮਦ 44 ਫ਼ੀਸਦੀ ਵਧ ਕੇ 6.25 ਲੱਖ ਟਨ ਹੋ ਗਈ। ਪਿਛਲੇ ਸਾਲ ਇਸੇ ਸਮੇਂ ਦੌਰਾਨ 4.34 ਲੱਖ ਟਨ ਤੂਰ ਦੀ ਦਰਾਮਦ ਕੀਤੀ ਗਈ ਸੀ। ਮਹਾਰਾਸ਼ਟਰ ਅਤੇ ਕਰਨਾਟਕ ਦੇ ਪ੍ਰਮੁੱਖ ਉਤਪਾਦਕ ਖੇਤਰਾਂ ਵਿੱਚ ਸੋਕੇ ਦੀ ਸਥਿਤੀ ਕਾਰਨ ਸਾਉਣੀ 2026 ਦੀ ਫ਼ਸਲ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਇਸੇ ਦੌਰਾਨ ਦਰਾਮਦ ਵਿੱਚ ਵੀ ਵਾਧਾ ਹੋਇਆ ਹੈ।
Publish Date: Wed, 28 Oct 2026 01:06 PM (IST)
Updated Date: Wed, 28 Oct 2026 01:07 PM (IST)
ਬਿਜ਼ਨੈਸ ਡੈਸਕ, ਨਵੀਂ ਦਿੱਲੀ - ਭਾਰਤ ਅਰਹਰ ਦੀ ਦਾਲ ਦਾ ਇੱਕ ਵੱਡਾ ਆਯਾਤਕ ਦੇਸ਼ ਰਿਹਾ ਹੈ। ਇਸ ਸਾਲ ਜਨਵਰੀ ਤੋਂ ਅਗਸਤ ਦੌਰਾਨ ਤੂਰ ਦੀ ਦਾਲ ਦੀ ਦਰਾਮਦ 44 ਫ਼ੀਸਦੀ ਵਧ ਕੇ 6.25 ਲੱਖ ਟਨ ਹੋ ਗਈ। ਪਿਛਲੇ ਸਾਲ ਇਸੇ ਸਮੇਂ ਦੌਰਾਨ 4.34 ਲੱਖ ਟਨ ਤੂਰ ਦੀ ਦਰਾਮਦ ਕੀਤੀ ਗਈ ਸੀ। ਮਹਾਰਾਸ਼ਟਰ ਅਤੇ ਕਰਨਾਟਕ ਦੇ ਪ੍ਰਮੁੱਖ ਉਤਪਾਦਕ ਖੇਤਰਾਂ ਵਿੱਚ ਸੋਕੇ ਦੀ ਸਥਿਤੀ ਕਾਰਨ ਸਾਉਣੀ 2026 ਦੀ ਫ਼ਸਲ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਇਸੇ ਦੌਰਾਨ ਦਰਾਮਦ ਵਿੱਚ ਵੀ ਵਾਧਾ ਹੋਇਆ ਹੈ।
ਮਿਆਂਮਾਰ ਅਤੇ ਅਫ਼ਰੀਕੀ ਦੇਸ਼ਾਂ ਤੋਂ ਹੋਈ ਦਰਾਮਦ ਇੰਡੀਆ ਪਲਸਿਜ਼ ਐਂਡ ਗ੍ਰੇਨਜ਼ ਐਸੋਸੀਏਸ਼ਨ (IPGA) ਦੇ ਤਾਜ਼ਾ ਅੰਕੜਿਆਂ ਮੁਤਾਬਕ, ਜਨਵਰੀ ਤੋਂ ਅਗਸਤ 2026 ਦੌਰਾਨ ਭਾਰਤ ਨੇ ਮਿਆਂਮਾਰ ਤੋਂ 1.53 ਲੱਖ ਟਨ ਤੋਂ ਵੱਧ ਤੂਰ ਦੀ ਦਰਾਮਦ ਕੀਤੀ। ਉੱਥੇ ਹੀ ਮੋਜ਼ਾਮਬੀਕ ਤੋਂ 2.29 ਲੱਖ ਟਨ ਤੋਂ ਵੱਧ, ਤਨਜ਼ਾਨੀਆ ਤੋਂ 1.10 ਲੱਖ ਟਨ ਅਤੇ ਸੂਡਾਨ ਤੋਂ 71,808 ਟਨ ਤੂਰ ਦੀ ਦਰਾਮਦ ਹੋਈ। ਹੋਰ ਦੇਸ਼ਾਂ ਤੋਂ ਕੁੱਲ 61,138 ਟਨ ਤੂਰ ਖਰੀਦੀ ਗਈ।
ਦੋ ਹਫ਼ਤਿਆਂ ਤੋਂ ਕੀਮਤਾਂ ਵਿੱਚ ਗਿਰਾਵਟ IPGA ਦੀ ਹਫ਼ਤਾਵਾਰੀ ਬਾਜ਼ਾਰ ਰਿਪੋਰਟ ਮੁਤਾਬਕ, 24 ਅਕਤੂਬਰ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਦੇਸ਼ ਦੀਆਂ ਪ੍ਰਮੁੱਖ ਮੰਡੀਆਂ ਵਿੱਚ ਦੇਸੀ ਅਤੇ ਦਰਾਮਦ ਕੀਤੀ ਅਰਹਰ ਦੀਆਂ ਕੀਮਤਾਂ ਵਿੱਚ ਲਗਾਤਾਰ ਦੂਜੇ ਹਫ਼ਤੇ ਗਿਰਾਵਟ ਦਰਜ ਕੀਤੀ ਗਈ। ਮਿਆਂਮਾਰ ਤੋਂ ਘੱਟ ਕੀਮਤ ’ਤੇ ਦਰਾਮਦ ਦੀ ਪੇਸ਼ਕਸ਼, ਰੁਪਏ ਦੀ ਮਜ਼ਬੂਤੀ, ਕਮਜ਼ੋਰ ਮੰਗ ਅਤੇ ਬਾਜ਼ਾਰ ਵਿੱਚ ਨਕਦੀ ਦੀ ਕਮੀ ਕਾਰਨ ਖਰੀਦਦਾਰੀ ਸੀਮਤ ਰਹੀ।
ਗੁਲਬਰਗਾ ਅਤੇ ਅਕੋਲਾ ਵਰਗੀਆਂ ਮੰਡੀਆਂ ਵਿੱਚ ਅਰਹਰ ਦੀਆਂ ਕੀਮਤਾਂ ਹਫ਼ਤਾਵਾਰੀ ਆਧਾਰ ’ਤੇ ਲਗਭਗ ₹200 ਤੋਂ ₹300 ਪ੍ਰਤੀ ਕੁਇੰਟਲ ਤੱਕ ਡਿੱਗ ਗਈਆਂ। ਉੱਥੇ ਹੀ ਮੁੰਬਈ ਵਿੱਚ ਅਫ਼ਰੀਕੀ ਦੇਸ਼ਾਂ ਤੋਂ ਦਰਾਮਦ ਕੀਤੀ ਅਰਹਰ ਦੀਆਂ ਕੀਮਤਾਂ ਵਿੱਚ ਮੂਲ ਦੇਸ਼ ਦੇ ਆਧਾਰ ’ਤੇ ₹50 ਤੋਂ ₹150 ਪ੍ਰਤੀ ਕੁਇੰਟਲ ਦੀ ਗਿਰਾਵਟ ਆਈ।
ਫ਼ਸਲ ’ਤੇ ਸੋਕੇ ਦਾ ਖ਼ਤਰਾ, ਮੀਂਹ ਦੀ ਉਡੀਕ
IPGA ਮੁਤਾਬਕ, ਤਿਉਹਾਰੀ ਸੀਜ਼ਨ ਦੀ ਜ਼ਿਆਦਾਤਰ ਮੰਗ ਪੂਰੀ ਹੋ ਚੁੱਕੀ ਹੈ। ਦਾਲ ਦੀਆਂ ਕੀਮਤਾਂ ਵਿੱਚ ਨਰਮੀ ਕਾਰਨ ਮਿੱਲਾਂ ਕੱਚੀ ਅਰਹਰ ਖਰੀਦਣ ਲਈ ਵੱਧ ਕੀਮਤ ਦੇਣ ਨੂੰ ਤਿਆਰ ਨਹੀਂ ਹਨ। ਇਸ ਲਈ ਲੋੜ ਮੁਤਾਬਕ ਹੀ ਖਰੀਦਦਾਰੀ ਕੀਤੀ ਜਾ ਰਹੀ ਹੈ। ਹਾਲਾਂਕਿ, ਸਾਉਣੀ ਦੀ ਫ਼ਸਲ ਦਾ ਉਤਪਾਦਨ ਘੱਟ ਰਹਿਣ ਦੇ ਖ਼ਦਸ਼ੇ ਅਤੇ ਮਹਾਰਾਸ਼ਟਰ ਸਮੇਤ ਦੱਖਣੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਸੋਕੇ ਦੀ ਵਿਗੜਦੀ ਸਥਿਤੀ ਕਾਰਨ ਬਾਜ਼ਾਰ ਵਿੱਚ ਵਿਕਰੀ ਦਾ ਦਬਾਅ ਸੀਮਤ ਹੈ।
ਮੀਡੀਆ ਰਿਪੋਰਟਾਂ ਮੁਤਾਬਕ, ਅਫ਼ਰੀਕੀ ਦੇਸ਼ਾਂ ਤੋਂ ਉਮੀਦ ਨਾਲੋਂ ਘੱਟ ਦਰਾਮਦ ਹੋਣ ਕਾਰਨ ਵੀ ਸਪਲਾਈ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਅਗਲੇ ਸੀਜ਼ਨ ਵਿੱਚ ਕੀਮਤਾਂ ਵਧਣ ਦੀ ਉਮੀਦ ਕਾਰਨ ਸਟਾਕਿਸਟ ਅਤੇ ਵਪਾਰੀ ਵੀ ਆਪਣਾ ਮਾਲ ਤੇਜ਼ੀ ਨਾਲ ਵੇਚਣ ਤੋਂ ਬਚ ਰਹੇ ਹਨ। ਕਰਨਾਟਕ ਦੇ ਸੋਕੇ ਨਾਲ ਪ੍ਰਭਾਵਿਤ ਕਲਬੁਰਗੀ ਖੇਤਰ ਵਿੱਚ ਕਿਸਾਨ ਖੜ੍ਹੀ ਤੂਰ ਦੀ ਫ਼ਸਲ ਨੂੰ ਬਚਾਉਣ ਲਈ ਮੀਂਹ ਦੀ ਉਡੀਕ ਕਰ ਰਹੇ ਹਨ। ਇੱਕ ਕਿਸਾਨ ਮੁਤਾਬਕ, ਖੜ੍ਹੀ ਫ਼ਸਲ ਨੂੰ ਮੁੜ ਸੰਭਲਣ ਲਈ ਘੱਟੋ-ਘੱਟ ਇੱਕ-ਦੋ ਵਾਰ ਮੀਂਹ ਪੈਣਾ ਜ਼ਰੂਰੀ ਹੈ।
ਤੂਰ ਦੀ ਬਿਜਾਈ ਹੇਠ ਰਕਬਾ ਵਧਿਆ ਖੇਤੀਬਾੜੀ ਦੇ ਅੰਕੜਿਆਂ ਮੁਤਾਬਕ, ਸਾਉਣੀ 2026 ਵਿੱਚ ਅਰਹਰ ਦੀ ਬਿਜਾਈ ਹੇਠ ਰਕਬਾ 1.3 ਫ਼ੀਸਦੀ ਵਧ ਕੇ 47.25 ਲੱਖ ਹੈਕਟੇਅਰ ਹੋ ਗਿਆ। ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਰਕਬਾ 45.95 ਲੱਖ ਹੈਕਟੇਅਰ ਸੀ। ਹਾਲਾਂਕਿ, ਬਿਜਾਈ ਹੇਠ ਰਕਬਾ ਵਧਣ ਦੇ ਬਾਵਜੂਦ ਪ੍ਰਮੁੱਖ ਉਤਪਾਦਕ ਖੇਤਰਾਂ ਵਿੱਚ ਸੋਕੇ ਕਾਰਨ ਫ਼ਸਲ ਦੀ ਪੈਦਾਵਾਰ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ।