ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲਸ (AI Tools) ਦੇ ਵਧਦੇ ਇਸਤੇਮਾਲ ਅਤੇ ਪ੍ਰਭਾਵ ਨੇ ਆਈਟੀ ਕੰਪਨੀਆਂ ਦੇ ਨਾਲ-ਨਾਲ ਸੌਫਟਵੇਅਰ ਇੰਜੀਨੀਅਰਾਂ ਦੀਆਂ ਚਿੰਤਾਵਾਂ ਵੀ ਵਧਾ ਦਿੱਤੀਆਂ ਹਨ। ਕਿਉਂਕਿ AI ਟੂਲਸ ਦੇ ਆਉਣ ਨਾਲ ਆਟੋਮੇਸ਼ਨ ਕੋਡਿੰਗ ਨਾਲ ਜੁੜੇ ਕੰਮ ਹੋਰ ਆਸਾਨ ਹੋ ਜਾਣਗੇ, ਅਜਿਹੇ ਵਿੱਚ ਇਸ ਦਾ ਸਿੱਧਾ ਅਸਰ ਆਈਟੀ ਇੰਜੀਨੀਅਰਾਂ ਦੇ ਕੰਮ 'ਤੇ ਦੇਖਣ ਨੂੰ ਮਿਲ ਸਕਦਾ ਹੈ। ਏਆਈ ਟੂਲਸ ਦੀ ਤੇਜ਼ੀ ਨਾਲ ਵਧਦੀ ਵਰਤੋਂ ਦੇ ਵਿਚਕਾਰ ਕਾਫੀ ਸਮੇਂ ਤੋਂ ਇਹ ਮੁੱਦਾ ਭਖਿਆ ਹੋਇਆ ਹੈ ਕਿ ਕੀ ਇਸ ਨਾਲ ਸੌਫਟਵੇਅਰ ਇੰਜੀਨੀਅਰਾਂ ਦੀਆਂ ਨੌਕਰੀਆਂ 'ਤੇ ਸੰਕਟ ਆ ਸਕਦਾ ਹੈ?

ਇੰਫੋਸਿਸ ਕੈਂਪਸ ਵਿੱਚ ਨੰਦਨ ਨੀਲੇਕਣੀ ਨੇ ਕੀ ਕਿਹਾ?
ਇੰਫੋਸਿਸ ਦੇ ਇਨਵੈਸਟਰ ਡੇ ਦੇ ਮੌਕੇ 'ਤੇ 17 ਫਰਵਰੀ ਨੂੰ ਨੰਦਨ ਨੀਲੇਕਣੀ ਨੇ ਕਿਹਾ ਕਿ AI ਦਾ ਆਗਮਨ ਪਿਛਲੀਆਂ ਤਕਨੀਕੀ ਤਬਦੀਲੀਆਂ ਨਾਲੋਂ ਵੱਖਰਾ ਹੈ, ਕਿਉਂਕਿ ਇਹ ਤਕਨੀਕ ਕਾਰੋਬਾਰਾਂ ਦੇ ਸੰਚਾਲਨ ਦੇ ਤਰੀਕੇ ਵਿੱਚ ਇੱਕ "ਮੌਲਿਕ" ਬਦਲਾਅ ਦੀ ਨੁਮਾਇੰਦਗੀ ਕਰਦੀ ਹੈ।
ਨੰਦਨ ਨੀਲੇਕਣੀ ਨੇ ਕਿਹਾ, "ਆਈਟੀ ਇੰਡਸਟਰੀ ਵਿੱਚ ਕੰਮ ਕਰ ਰਹੇ ਪ੍ਰਤਿਭਾਸ਼ਾਲੀ ਲੋਕਾਂ ਲਈ ਇਹ ਇੱਕ ਬਹੁਤ ਵੱਡੀ ਚੁਣੌਤੀ ਹੈ। ਅਜਿਹੇ ਵਿੱਚ ਹੁਨਰਮੰਦ ਲੋਕਾਂ ਨੂੰ ਇੱਕ ਅਜਿਹੀ ਦੁਨੀਆ ਨਾਲ ਤਾਲਮੇਲ ਬਿਠਾਉਣਾ ਪਵੇਗਾ ਜਿੱਥੇ ਸਿਰਫ਼ ਕੋਡ ਲਿਖਣਾ ਹੀ ਨਿਸ਼ਾਨਾ ਨਹੀਂ ਹੋਵੇਗਾ, ਸਗੋਂ AI ਨੂੰ ਕੰਮ ਵਿੱਚ ਲਿਆਉਣਾ ਹੋਵੇਗਾ। ਇਸ ਨਾਲ ਨੌਕਰੀਆਂ ਅਤੇ ਆਪ੍ਰੇਸ਼ਨ ਮਾਡਲ ਦੋਵੇਂ ਬਦਲ ਜਾਣਗੇ।"
ਨੰਦਨ ਨੀਲੇਕਣੀ ਦਾ ਇਹ ਬਿਆਨ ਬਹੁਤ ਮਹੱਤਵਪੂਰਨ ਹੈ ਅਤੇ ਅਜਿਹੇ ਸਮੇਂ ਆਇਆ ਹੈ ਜਦੋਂ ਨਿਵੇਸ਼ਕ ਵੱਡੀਆਂ ਆਈਟੀ ਕੰਪਨੀਆਂ ਤੋਂ ਇਸ ਗੱਲ ਦਾ ਜਵਾਬ ਮੰਗ ਰਹੇ ਹਨ ਕਿ ਜਨਰੇਟਿਵ ਏਆਈ (Generative AI) ਕਿਸ ਤਰ੍ਹਾਂ ਕੰਪਨੀਆਂ ਦੀ ਸਥਾਈ ਆਮਦਨ ਵਿੱਚ ਵਾਧੇ ਅਤੇ ਮੁਨਾਫ਼ੇ ਨੂੰ ਪ੍ਰਭਾਵਿਤ ਕਰੇਗਾ।