- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੰਗਾਲ ’ਚ ਸੱਤਾ ਤਬਦੀਲੀ ਤੋਂ ਬਾਅਦ ਸ਼ੁਰੂ ਕੀਤੇ ਜਾ ਰਹੇ ਪ੍ਰੋਜੈਕਟਾਂ ’ਚ ਰਾਈਟਰਜ਼ ਬਿਲਡਿੰਗ ਦਾ ਨਵੀਨੀਕਰਨ ਤੇ ਉੱਤਰੀ ਕੋਲਕਾਤਾ ’ਚ ਕੁਮਾਰਟੁਲੀ ਘਾਟ ਦਾ ਮੁੜ ਵਿਕਾਸ ਸ਼ਾਮਲ ਹਨ। ਇਹ ਕੰਮ ਕੋਲਕਾਤਾ ਪੋਰਟ ਦੇ ਸਹਿਯੋਗ ਨਾਲ ਕੀਤਾ ਜਾਵੇਗਾ।

ਬਿਜ਼ਨਸ ਡੈਸਕ, ਨਵੀਂ ਦਿੱਲੀ : ਅਡਾਨੀ ਗਰੁੱਪ ਨਾਲ ਜੁੜੀ ਇੱਕ ਵੱਡੀ ਤੇ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਅਡਾਨੀ ਗਰੁੱਪ 24 ਸਤੰਬਰ ਨੂੰ ਬੰਗਾਲ ’ਚ ਤਿੰਨ ਵੱਡੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰ ਸਕਦਾ ਹੈ। ਇਸ ਮੌਕੇ ’ਤੇ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੇ ਮੌਜੂਦ ਰਹਿਣ ਦੀ ਉਮੀਦ ਹੈ। ਬੰਗਾਲ ’ਚ ਸੱਤਾ ਤਬਦੀਲੀ ਤੋਂ ਬਾਅਦ ਸ਼ੁਰੂ ਕੀਤੇ ਜਾ ਰਹੇ ਪ੍ਰੋਜੈਕਟਾਂ ’ਚ ਰਾਈਟਰਜ਼ ਬਿਲਡਿੰਗ ਦਾ ਨਵੀਨੀਕਰਨ ਤੇ ਉੱਤਰੀ ਕੋਲਕਾਤਾ ’ਚ ਕੁਮਾਰਟੁਲੀ ਘਾਟ ਦਾ ਮੁੜ ਵਿਕਾਸ ਸ਼ਾਮਲ ਹਨ। ਇਹ ਕੰਮ ਕੋਲਕਾਤਾ ਪੋਰਟ ਦੇ ਸਹਿਯੋਗ ਨਾਲ ਕੀਤਾ ਜਾਵੇਗਾ।
2,000 ਬੈੱਡਾਂ ਵਾਲਾ ਹਸਪਤਾਲ
ਅਡਾਨੀ ਗਰੁੱਪ ਦਾ ਤੀਜਾ ਪ੍ਰੋਜੈਕਟ ਸਭ ਤੋਂ ਮਹੱਤਵਪੂਰਨ ਹੈ। ਇਹ ਨਿਊ ਟਾਊਨ ’ਚ 2,000 ਬੈੱਡਾਂ ਵਾਲਾ ਹਸਪਤਾਲ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਮੁੱਖ ਮੰਤਰੀ ਸੁਵੇਂਦੁ ਅਧਿਕਾਰੀ ਵੱਲੋਂ “ਸੂਬੇ ਲਈ ਕੁਝ ਕਰਨ” ਦੀ ਅਪੀਲ ਤੋਂ ਬਾਅਦ ਅਡਾਨੀ ਗਰੁੱਪ ਨੇ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ। ਇਸ ਹਸਪਤਾਲ ਦੇ 2,000 ਬੈੱਡਾਂ ’ਚੋਂ 1,000 ਬੈੱਡ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਲਈ ਰਾਖਵੇਂ ਹੋਣਗੇ। ਬਾਕੀ 1,000 ਬੈੱਡਾਂ ਦੀ ਵਰਤੋਂ ਵਪਾਰਕ ਤੌਰ ’ਤੇ ਕੀਤੀ ਜਾਵੇਗੀ। ਕੋਲਕਾਤਾ ’ਚ ਟਾਟਾ ਗਰੁੱਪ ਦਾ ਵੀ ਇੱਕ ਹਸਪਤਾਲ ਹੈ। ਇਹ ਟਾਟਾ ਮੈਡੀਕਲ ਸੈਂਟਰ ਹੈ, ਜੋ ਨਿਊ ਟਾਊਨ, ਰਾਜਾਰਹਾਟ ’ਚ ਸਥਿਤ ਹੈ। ਇਹ ਇੱਕ ਪ੍ਰਮੁੱਖ ਪਰਉਪਕਾਰੀ ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ ਹੈ।
ਕੁਮਾਰਟੁਲੀ ਘਾਟ ਪ੍ਰੋਜੈਕਟ ਦੀ ਜਾਣਕਾਰੀ
ਕੁਮਾਰਟੁਲੀ ਘਾਟ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਅਡਾਨੀ ਗਰੁੱਪ ਆਪਣੀ ਕਾਰਪੋਰੇਟ ਸੋਸ਼ਲ ਰਿਸਪਾਂਸਬਿਲਟੀ (CSR) ਤਹਿਤ ਇਸ ਪ੍ਰੋਜੈਕਟ ’ਚ ਹਿੱਸਾ ਲੈ ਰਿਹਾ ਹੈ। ਇਸ ਦੀ ਅਨੁਮਾਨਿਤ ਲਾਗਤ ਲਗਭਗ 10 ਕਰੋੜ ਹੈ। ਇਸ ਪ੍ਰੋਜੈਕਟ ਤਹਿਤ ਕੁਮਾਰਟੁਲੀ ਘਾਟ ਤੇ ਚੰਪਤਲਾ ਘਾਟ ਦੇ ਵਿਚਕਾਰ ਲਗਭਗ 300 ਮੀਟਰ ਦੇ ਹਿੱਸੇ ’ਚ ਮੌਜੂਦ ਵਿਰਾਸਤੀ ਇਮਾਰਤਾਂ, ਮੰਦਰਾਂ ਤੇ ਧਾਰਮਿਕ ਸਥਾਨਾਂ ਦੀ ਮੁਰੰਮਤ ਤੇ ਨਵੀਨੀਕਰਨ ਕੀਤਾ ਜਾਵੇਗਾ। ਇਸ ਨਾਲ ਦਰਿਆ ਕੰਢੇ ਦੀ ਸੁਰੱਖਿਆ ਮਜ਼ਬੂਤ ਹੋਵੇਗੀ, ਪੈਦਲ ਚੱਲਣ ਵਾਲਿਆਂ ਲਈ ਰਸਤੇ ਬਿਹਤਰ ਬਣਾਏ ਜਾਣਗੇ, ਦਰਿਆ ਤੱਕ ਪਹੁੰਚ ਆਸਾਨ ਹੋਵੇਗੀ ਤੇ ਸੱਭਿਆਚਾਰਕ ਗਤੀਵਿਧੀਆਂ ਲਈ ਜਗ੍ਹਾ ਤਿਆਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਖਾਣ-ਪੀਣ ਦੇ ਸਟਾਲ, ਜਨਤਕ ਟਾਇਲਟ ਤੇ ਬੋਟਿੰਗ ਵਰਗੀਆਂ ਮਨੋਰੰਜਨ ਦੀਆਂ ਸਹੂਲਤਾਂ ਵੀ ਵਿਕਸਤ ਕੀਤੀਆਂ ਜਾਣਗੀਆਂ। ਰੀਡਿਵੈਲਪਮੈਂਟ ’ਚ ਰੁੱਖ ਲਗਾਉਣ ਦੀ ਮੁਹਿੰਮ, ਲਾਈਟਿੰਗ ਤੇ ਨਿਗਰਾਨੀ ਪ੍ਰਣਾਲੀ ਬਣਾਉਣਾ ਵੀ ਸ਼ਾਮਲ ਹੋਵੇਗਾ।
ਰਾਜ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਸ਼ੁਰੂ ਹੋਵੇਗਾ ਕੰਮ
ਰਿਪੋਰਟ ਮੁਤਾਬਕ, ਗਰੁੱਪ ਨੇ ਰਾਈਟਰਜ਼ ਬਿਲਡਿੰਗ ਦਾ ਨਿਰੀਖਣ ਕਰਨ ਲਈ ਪਹਿਲਾਂ ਹੀ ਇੱਕ ਟੀਮ ਭੇਜ ਦਿੱਤੀ ਹੈ। ਟੀਮ ਨੇ ਇਸ ਗੱਲ ’ਤੇ ਵੀ ਖੋਜ ਸ਼ੁਰੂ ਕਰ ਦਿੱਤੀ ਹੈ ਕਿ ਇਮਾਰਤ ਨੂੰ ਇਸ ਦੇ ਮੂਲ ਬ੍ਰਿਟਿਸ਼ ਦੌਰ ਵਾਲੇ ਢਾਂਚੇ ’ਚ ਕਿਵੇਂ ਵਾਪਸ ਲਿਆਂਦਾ ਜਾ ਸਕਦਾ ਹੈ। ਇਸ ਪ੍ਰੋਜੈਕਟ ਲਈ ਲਗਭਗ ₹100 ਕਰੋੜ ਦੀ ਲੋੜ ਹੋਵੇਗੀ। ਰਾਜ ਸਰਕਾਰ ਤੋਂ ਮਨਜ਼ੂਰੀ ਮਿਲਦੇ ਹੀ ਗਰੁੱਪ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਤਿਆਰ ਹੈ। ਇਸ ਤੋਂ ਇਲਾਵਾ, ਅਡਾਨੀ ਗਰੁੱਪ ਨੇ ਪੂਰਬੀ ਮਿਦਨਾਪੁਰ ਦੇ ਦਾਦਨਪਾਤ੍ਰਾਬਾਰ ’ਚ ਪ੍ਰਸਤਾਵਿਤ ਡੀਪ-ਸੀ ਪੋਰਟ ਲਈ ਟੈਂਡਰ ਪ੍ਰਕਿਰਿਆ ’ਚ ਹਿੱਸਾ ਲੈਣ ’ਚ ਵੀ ਦਿਲਚਸਪੀ ਦਿਖਾਈ ਹੈ। ਮੰਨਿਆ ਜਾ ਰਿਹਾ ਹੈ ਕਿ ਬੰਗਾਲ ਦੀ ਨਵੀਂ ਸਰਕਾਰ ਸੂਬੇ ’ਚ ਨਿਵੇਸ਼ ਲਿਆਉਣ ਲਈ ਅਡਾਨੀ ਵਰਗੇ ਵੱਡੇ ਕਾਰੋਬਾਰੀ ਗਰੁੱਪਾਂ ’ਤੇ ਕਾਫ਼ੀ ਹੱਦ ਤੱਕ ਨਿਰਭਰ ਕਰ ਰਹੀ ਹੈ।