3 ਦਿਨਾਂ ਬਾਅਦ ਲੱਗੇਗਾ ਮਹਿੰਗਾਈ ਦਾ ਝਟਕਾ! ਕੀ ਇਸ ਵਾਰ ਫੈਸਟੀਵ ਸੀਜ਼ਨ ਨਹੀਂ ਰਹੇਗਾ ਹੈਪੀ? ਇਲੈਕਟ੍ਰਾਨਿਕਸ ਸਮਾਨ ਦੀਆਂ ਵਧਣਗੀਆਂ ਕੀਮਤਾਂ
ਕੰਪਨੀਆਂ ਦੇ ਮੁਤਾਬਕ, ਤਾਂਬਾ, ਐਲੂਮੀਨੀਅਮ, ਸਟੀਲ, ਪਲਾਸਟਿਕ ਅਤੇ ਕੱਚੇ ਤੇਲ ਨਾਲ ਜੁੜੇ ਉਤਪਾਦਾਂ ਦੀ ਵੱਧ ਰਹੀ ਲਾਗਤ ਦੇ ਨਾਲ-ਨਾਲ ਮਾਲ ਢੋਆ-ਢੁਆਈ ਖਰਚ ਅਤੇ ਵਿਦੇਸ਼ੀ ਮੁਦਰਾ ਵਿੱਚ ਉਤਰਾਅ-ਚੜ੍ਹਾਅ ਕਾਰਨ ਕੀਮਤਾਂ ਵਧਾਉਣਾ ਜ਼ਰੂਰੀ ਹੋ ਗਿਆ ਹੈ। ਇਸ ਸਾਲ ਇਹ ਤੀਜਾ ਮੌਕਾ ਹੋਵੇਗਾ ਜਦੋਂ ਕੰਜ਼ਿਊਮਰ ਇਲੈਕਟ੍ਰਾਨਿਕਸ ਕੰਪਨੀਆਂ ਕੀਮਤਾਂ ਵਧਾਉਣਗੀਆਂ।
Publish Date: Sun, 27 Sep 2026 11:54 AM (IST)
Updated Date: Sun, 27 Sep 2026 11:57 AM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ। ਤਿਉਹਾਰੀ ਸੀਜ਼ਨ ਤੋਂ ਪਹਿਲਾਂ ਦੇਸ਼ ਵਿੱਚ ਏਅਰ ਕੰਡੀਸ਼ਨਰ (ਏ.ਸੀ.), ਐੱਲ.ਈ.ਡੀ., ਟੀ.ਵੀ., ਵਾਸ਼ਿੰਗ ਮਸ਼ੀਨ ਅਤੇ ਹੋਰ ਕੰਜ਼ਿਊਮਰ ਇਲੈਕਟ੍ਰਾਨਿਕਸ ਸਮਾਨ ਮਹਿੰਗੇ ਹੋ ਸਕਦੇ ਹਨ। ਪ੍ਰਮੁੱਖ ਕੰਜ਼ਿਊਮਰ ਇਲੈਕਟ੍ਰਾਨਿਕਸ ਕੰਪਨੀਆਂ ਤਾਂਬਾ ਅਤੇ ਸਟੀਲ ਵਰਗੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਮੱਦੇਨਜ਼ਰ ਆਪਣੇ ਉਤਪਾਦਾਂ ਦੇ ਭਾਅ ਪੰਜ ਤੋਂ ਅੱਠ ਫ਼ੀਸਦੀ ਤੱਕ ਵਧਾਉਣ ਦੀ ਤਿਆਰੀ ਕਰ ਰਹੀਆਂ ਹਨ।
ਕੰਪਨੀਆਂ ਦੇ ਮੁਤਾਬਕ, ਤਾਂਬਾ, ਐਲੂਮੀਨੀਅਮ, ਸਟੀਲ, ਪਲਾਸਟਿਕ ਅਤੇ ਕੱਚੇ ਤੇਲ ਨਾਲ ਜੁੜੇ ਉਤਪਾਦਾਂ ਦੀ ਵੱਧ ਰਹੀ ਲਾਗਤ ਦੇ ਨਾਲ-ਨਾਲ ਮਾਲ ਢੋਆ-ਢੁਆਈ ਖਰਚ ਅਤੇ ਵਿਦੇਸ਼ੀ ਮੁਦਰਾ ਵਿੱਚ ਉਤਰਾਅ-ਚੜ੍ਹਾਅ ਕਾਰਨ ਕੀਮਤਾਂ ਵਧਾਉਣਾ ਜ਼ਰੂਰੀ ਹੋ ਗਿਆ ਹੈ। ਇਸ ਸਾਲ ਇਹ ਤੀਜਾ ਮੌਕਾ ਹੋਵੇਗਾ ਜਦੋਂ ਕੰਜ਼ਿਊਮਰ ਇਲੈਕਟ੍ਰਾਨਿਕਸ ਕੰਪਨੀਆਂ ਕੀਮਤਾਂ ਵਧਾਉਣਗੀਆਂ।
ਕਿੰਨੇ ਮਹਿੰਗੇ ਹੋਣਗੇ AC?
ਏਅਰ ਕੰਡੀਸ਼ਨਰ ਦੀਆਂ ਕੀਮਤਾਂ ਵਿੱਚ ਜਿੱਥੇ ਕਰੀਬ ਪੰਜ ਤੋਂ ਅੱਠ ਫ਼ੀਸਦੀ ਤੱਕ ਵਾਧੇ ਦੀ ਸੰਭਾਵਨਾ ਹੈ, ਉੱਥੇ ਹੀ ਕੁਝ ਕੰਪਨੀਆਂ ਵਾਸ਼ਿੰਗ ਮਸ਼ੀਨ, ਰੈਫ੍ਰਿਜਰੇਟਰ ਅਤੇ ਐੱਲ.ਈ.ਡੀ. ਟੀ.ਵੀ. ਦੇ ਭਾਅ ਤਿੰਨ ਤੋਂ ਚਾਰ ਫ਼ੀਸਦੀ ਵਧਾਉਣ ਜਾ ਰਹੀਆਂ ਹਨ। ਹਾਲਾਂਕਿ, ਕੁਝ ਕੰਪਨੀਆਂ ਅਜੇ ਸਥਿਤੀ ਦਾ ਜਾਇਜ਼ਾ ਲੈ ਰਹੀਆਂ ਹਨ।
ਕਈ ਕੰਪਨੀਆਂ ਦਾ ਮੰਨਣਾ ਹੈ ਕਿ ਕੀਮਤ ਵਧਾਉਣ ਨਾਲ ਮੰਗ 'ਤੇ ਅਸਰ ਪੈ ਸਕਦਾ ਹੈ। ਉੱਥੇ ਹੀ ਕੁਝ ਹੋਰਨਾਂ ਦੀ ਰਾਏ ਹੈ ਕਿ ਕੀਮਤ ਵਾਧੇ ਦਾ ਅਸਰ ਸੀਮਤ ਰਹੇਗਾ, ਕਿਉਂਕਿ ਡੀਲਰਾਂ ਅਤੇ ਵਿਤਰਕਾਂ ਕੋਲ ਪਹਿਲਾਂ ਹੀ ਪੁਰਾਣੇ ਭਾਅ ਦਾ ਸਟਾਕ ਮੌਜੂਦ ਹੈ। ਬਲੂ ਸਟਾਰ, ਗੋਦਰੇਜ ਅਪਲਾਇੰਸਿਜ਼, ਹਾਇਰ, ਡਾਇਕਿਨ ਅਤੇ ਸੁਪਰ ਪਲਾਸਟ੍ਰੋਨਿਕਸ ਸਮੇਤ ਕਈ ਕੰਪਨੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਕੀਮਤਾਂ ਵਧਾਉਣ ਦਾ ਐਲਾਨ ਕਰ ਚੁੱਕੀਆਂ ਹਨ।
ਕੀਮਤਾਂ ਵਧਣ ਦਾ ਕਾਰਨ ਕੀ ਹੈ?
ਐੱਲ.ਜੀ. (LG) ਅਤੇ ਬੌਸ਼ ਹੋਮ ਕੰਫਰਟ, ਜੋ ਹਿਟਾਚੀ ਬ੍ਰਾਂਡ ਦੇ ਏਅਰ ਕੰਡੀਸ਼ਨਰ ਦਾ ਕਾਰੋਬਾਰ ਕਰਦੀ ਹੈ, ਨੇ ਵੀ ਏ.ਸੀ. ਦੀਆਂ ਕੀਮਤਾਂ ਵਿੱਚ ਕਰੀਬ ਪੰਜ ਫ਼ੀਸਦੀ ਦਾ ਵਾਧਾ ਕੀਤਾ ਹੈ। ਪੈਨਾਸੋਨਿਕ ਅਜੇ ਕੀਮਤ ਵਧਾਉਣ ਨੂੰ ਲੈ ਕੇ ਸਥਿਤੀ ਦਾ ਜਾਇਜ਼ਾ ਲੈ ਰਹੀ ਹੈ।
ਬਲੂ ਸਟਾਰ ਦੇ ਮੈਨੇਜਿੰਗ ਡਾਇਰੈਕਟਰ ਬੀ. ਤਿਆਗਰਾਜਨ ਨੇ ਕਿਹਾ ਕਿ ਵਧਦੀਆਂ ਜਿਣਸਾਂ (Commodities) ਦੀਆਂ ਕੀਮਤਾਂ ਕਾਰਨ ਏ.ਸੀ. ਅਤੇ ਡੀਪ ਫ੍ਰੀਜ਼ਰ ਦੀਆਂ ਕੀਮਤਾਂ ਪਹਿਲਾਂ ਹੀ ਪੰਜ ਤੋਂ ਅੱਠ ਫ਼ੀਸਦੀ ਵਧਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਤਾਂਬਾ, ਸਟੀਲ ਅਤੇ ਪਲਾਸਟਿਕ ਸਮੇਤ ਵੱਖ-ਵੱਖ ਕੱਚੇ ਮਾਲ ਦੇ ਭਾਅ ਚੜ੍ਹ ਗਏ ਹਨ ਅਤੇ ਕੰਪਨੀ ਇਸ ਸਾਲ ਹੁਣ ਤੱਕ ਤਿੰਨ ਵਾਰ ਕੀਮਤਾਂ ਵਧਾ ਚੁੱਕੀ ਹੈ।
ਵਸਤੂਆਂ ਦੀਆਂ ਕੀਮਤਾਂ ਵਿੱਚ ਅੱਠ ਤੋਂ ਦਸ ਪ੍ਰਤੀਸ਼ਤ ਦਾ ਵਾਧਾ
ਗੋਦਰੇਜ ਐਂਟਰਪ੍ਰਾਈਜ਼ਿਜ਼ ਗਰੁੱਪ ਦੇ ਕਾਰੋਬਾਰੀ ਮੁਖੀ ਅਤੇ ਕਾਰਜਕਾਰੀ ਉਪ ਪ੍ਰਧਾਨ ਕਮਲ ਨੰਦੀ ਨੇ ਕਿਹਾ ਕਿ ਪਿਛਲੀ ਕੀਮਤ ਸਮੀਖਿਆ ਤੋਂ ਬਾਅਦ ਵਸਤੂਆਂ ਦੀਆਂ ਕੀਮਤਾਂ ਵਿੱਚ ਅੱਠ ਤੋਂ ਦਸ ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਨਤੀਜੇ ਵਜੋਂ, ਵੱਖ-ਵੱਖ ਸ਼੍ਰੇਣੀਆਂ ਵਿੱਚ ਪੰਜ ਤੋਂ ਸੱਤ ਪ੍ਰਤੀਸ਼ਤ ਦਾ ਵਾਧਾ ਅਟੱਲ ਹੋ ਗਿਆ ਹੈ।
ਹਾਲਾਂਕਿ, ਉਨ੍ਹਾਂ ਕਿਹਾ ਕਿ ਪੁਰਾਣੇ ਭਾਅ 'ਤੇ ਖਰੀਦਿਆ ਗਿਆ ਸਟਾਕ ਹੁਣ ਕਰੀਬ ਇੱਕ ਤੋਂ ਡੇਢ ਮਹੀਨੇ ਤੱਕ ਬਾਜ਼ਾਰ ਵਿੱਚ ਉਪਲਬਧ ਰਹਿ ਸਕਦਾ ਹੈ।
ਹਾਇਰ ਇੰਡੀਆ ਨੇ ਕੀਤਾ ਐਲਾਨ
ਹਾਇਰ ਇੰਡੀਆ ਦੇ ਪ੍ਰਧਾਨ ਐੱਨ.ਐੱਸ. ਸਤੀਸ਼ ਨੇ ਕਿਹਾ ਕਿ ਕੰਪਨੀ 1 ਅਕਤੂਬਰ ਤੋਂ ਏਅਰ ਕੰਡੀਸ਼ਨਰ ਦੀਆਂ ਕੀਮਤਾਂ ਵਿੱਚ ਕਰੀਬ ਪੰਜ ਫ਼ੀਸਦੀ ਦਾ ਵਾਧਾ ਕਰੇਗੀ। ਹੋਰ ਉਤਪਾਦਾਂ, ਜਿਵੇਂ ਕਿ ਐੱਲ.ਈ.ਡੀ. ਟੀ.ਵੀ. ਅਤੇ ਵਾਸ਼ਿੰਗ ਮਸ਼ੀਨ, ਦੀਆਂ ਕੀਮਤਾਂ ਵਿੱਚ ਵੀ ਦੋ ਤੋਂ ਤਿੰਨ ਫ਼ੀਸਦੀ ਦਾ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੱਚੇ ਮਾਲ ਦੀ ਲਾਗਤ ਵਧਦੀ ਰਹੀ ਤਾਂ ਦਸੰਬਰ ਅਤੇ ਜਨਵਰੀ ਵਿੱਚ ਵੀ ਕੀਮਤਾਂ ਵਧਾਈਆਂ ਜਾ ਸਕਦੀਆਂ ਹਨ।
ਸਤੀਸ਼ ਦੇ ਮੁਤਾਬਕ, ਤਾਂਬੇ ਦੀ ਕੀਮਤ ਪਿਛਲੇ ਸਾਲ ਦੇ ਕਰੀਬ 8,000-9,000 ਡਾਲਰ ਪ੍ਰਤੀ ਟਨ ਤੋਂ ਵਧ ਕੇ ਲਗਭਗ 14,500 ਡਾਲਰ ਤੱਕ ਪਹੁੰਚ ਗਈ ਹੈ। ਇੱਕ ਏਅਰ ਕੰਡੀਸ਼ਨਰ ਵਿੱਚ ਔਸਤਨ ਤਿੰਨ ਤੋਂ ਚਾਰ ਕਿਲੋਗ੍ਰਾਮ ਤਾਂਬੇ ਦੀ ਵਰਤੋਂ ਹੁੰਦੀ ਹੈ, ਇਸ ਲਈ ਇਸ ਦਾ ਅਸਰ ਏ.ਸੀ. ਦੀ ਨਿਰਮਾਣ ਲਾਗਤ 'ਤੇ ਸਿੱਧਾ ਪੈ ਰਹਾ ਹੈ।
ਤਾਂਬੇ ਦੀਆਂ ਕੀਮਤਾਂ ’ਚ ਜ਼ਬਰਦਸਤ ਵਾਧਾ
ਡਾਇਕਿਨ ਏਅਰਕੰਡੀਸ਼ਨਿੰਗ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਕੰਵਲਜੀਤ ਜਾਵਾ ਨੇ ਦੱਸਿਆ ਕਿ ਕੰਪਨੀ ਨੇ 16 ਸਤੰਬਰ ਤੋਂ ਹੀ ਕੀਮਤਾਂ ਵਿੱਚ ਅੱਠ ਤੋਂ 10 ਫ਼ੀਸਦੀ ਦਾ ਵਾਧਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤਾਂਬੇ ਦੀਆਂ ਕੀਮਤਾਂ ਵਿੱਚ ਕਰੀਬ 25 ਤੋਂ 35 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਡਾਲਰ ਦੇ ਮਜ਼ਬੂਤ ਹੋਣ ਨਾਲ ਕੰਪਨੀਆਂ 'ਤੇ ਲਾਗਤ ਦਾ ਦਬਾਅ ਹੋਰ ਵਧ ਗਿਆ ਹੈ।
ਉੱਥੇ ਹੀ, ਸੁਪਰ ਪਲਾਸਟ੍ਰੋਨਿਕਸ ਪ੍ਰਾਈਵੇਟ ਲਿਮਟਿਡ (SPPL) ਨੇ ਅਕਤੂਬਰ ਤੋਂ ਬਾਅਦ ਟੀ.ਵੀ. ਦੀਆਂ ਕੀਮਤਾਂ ਵਿੱਚ ਕਰੀਬ ਸੱਤ ਫ਼ੀਸਦੀ ਦੇ ਵਾਧੇ ਦੀ ਯੋਜਨਾ ਬਣਾਈ ਹੈ। ਕੰਪਨੀ ਦੇ ਮੁਤਾਬਕ, ਹੋਰ ਘਰੇਲੂ ਉਪਕਰਣਾਂ ਦੀਆਂ ਕੀਮਤਾਂ ਪਹਿਲਾਂ ਹੀ ਚਾਰ ਤੋਂ ਪੰਜ ਫ਼ੀਸਦੀ ਵਧਾਈਆਂ ਜਾ ਚੁੱਕੀਆਂ ਹਨ।
ਉਦਯੋਗ ਲਈ ਚਿੰਤਾ ਦੀ ਗੱਲ
ਉਦਯੋਗ ਲਈ ਚਿੰਤਾ ਦੀ ਗੱਲ ਇਹ ਵੀ ਹੈ ਕਿ ਕੀਮਤਾਂ ਵਿੱਚ ਵਾਧੇ ਦਾ ਅਸਰ ਤਿਉਹਾਰੀ ਮੰਗ 'ਤੇ ਪੈ ਸਕਦਾ ਹੈ। ਆਮ ਤੌਰ 'ਤੇ ਨਵਰਾਤਰੀ ਤੋਂ ਦੀਵਾਲੀ ਤੱਕ ਕੰਜ਼ਿਊਮਰ ਇਲੈਕਟ੍ਰਾਨਿਕਸ ਅਤੇ ਘਰੇਲੂ ਉਪਕਰਣਾਂ ਦੀ ਵਿਕਰੀ ਵਿੱਚ ਤੇਜ਼ੀ ਆਉਂਦੀ ਹੈ ਅਤੇ ਕੰਪਨੀਆਂ ਆਕਰਸ਼ਕ ਛੋਟ ਅਤੇ ਆਫ਼ਰ ਦਿੰਦੀਆਂ ਹਨ। ਅਜਿਹੇ ਵਿੱਚ ਵਧੀਆਂ ਹੋਈਆਂ ਕੀਮਤਾਂ ਗਾਹਕਾਂ ਦੇ ਖਰੀਦ ਫ਼ੈਸਲੇ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਹਾਲਾਂਕਿ, ਕੰਪਨੀਆਂ ਦਾ ਕਹਿਣਾ ਹੈ ਕਿ ਡੀਲਰਾਂ ਅਤੇ ਵਿਤਰਕਾਂ ਕੋਲ ਅਗਸਤ-ਸਤੰਬਰ ਵਿੱਚ ਪੁਰਾਣੇ ਭਾਅ 'ਤੇ ਖਰੀਦਿਆ ਗਿਆ ਕਾਫ਼ੀ ਸਟਾਕ ਮੌਜੂਦ ਹੈ। ਇਸ ਲਈ ਦੀਵਾਲੀ ਤੱਕ ਕੁਝ ਉਤਪਾਦ ਪੁਰਾਣੇ ਭਾਅ 'ਤੇ ਉਪਲਬਧ ਰਹਿ ਸਕਦੇ ਹਨ। ਇਸ ਤੋਂ ਬਾਅਦ ਨਵੇਂ ਦਾਅ ਬਾਜ਼ਾਰ ਵਿੱਚ ਵਧੇਰੇ ਸਪੱਸ਼ਟ ਰੂਪ ਨਾਲ ਦਿਖਾਈ ਦੇਣ ਦੀ ਸੰਭਾਵਨਾ ਹੈ।
ਉਦਯੋਗ ਦੀ ਰਿਪੋਰਟ ਦੇ ਅਨੁਸਾਰ, ਓਨਮ ਤੋਂ ਲੈ ਕੇ ਦੁਸਹਿਰਾ ਅਤੇ ਦੀਵਾਲੀ ਤੱਕ ਦਾ ਤਿਉਹਾਰੀ ਦੌਰ ਘਰੇਲੂ ਉਪਕਰਣ ਨਿਰਮਾਤਾਵਾਂ ਦੀ ਸਾਲਾਨਾ ਵਿਕਰੀ ਵਿੱਚ ਕਰੀਬ 30 ਤੋਂ 40 ਫ਼ੀਸਦੀ ਦਾ ਯੋਗਦਾਨ ਦਿੰਦਾ ਹੈ। ਅਜਿਹੇ ਵਿੱਚ ਕੰਪਨੀਆਂ ਲਈ ਵਧਦੀ ਲਾਗਤ ਅਤੇ ਤਿਉਹਾਰੀ ਮੰਗ ਵਿਚਕਾਰ ਸੰਤੁਲਨ ਬਣਾਉਣਾ ਵੱਡੀ ਚੁਣੌਤੀ ਹੋਵੇਗੀ।