ਹਰ ਸਾਲ 2 ਮਈ ਨੂੰ ਵਿਸ਼ਵ ਭਰ ਵਿੱਚ ਦਮਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਅੱਜ ਵੀ 2 ਮਈ ਨੂੰ ਵਿਸ਼ਵ ਅਸਥਮਾ ਦਿਵਸ 2023 ਵਿਸ਼ਵ ਭਰ ਵਿੱਚ ਮਨਾਇਆ ਜਾ ਰਿਹਾ ਹੈ।
ਇਸ ਦਿਨ ਦੀ ਸਥਾਪਨਾ 1993 ਵਿੱਚ ਵਿਸ਼ਵ ਸਿਹਤ ਸੰਗਠਨ (WHO) ਦੇ ਸਹਿਯੋਗ ਨਾਲ ਕੀਤੀ ਗਈ ਸੀ, ਜਿਸਦਾ ਆਯੋਜਨ ਗਲੋਬਲ ਇਨੀਸ਼ੀਏਟਿਵ ਫਾਰ ਅਸਥਮਾ (GINA) ਦੁਆਰਾ ਕੀਤਾ ਜਾਂਦਾ ਹੈ।
ਦੇਸ਼ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਫੇਫੜਿਆਂ ਨਾਲ ਜੁੜੀ ਇਸ ਬਿਮਾਰੀ ਤੋਂ ਪੀੜਤ ਹੋਣ ਤੋਂ ਬਾਅਦ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ।
ਦਮੇ ਵਰਗੀ ਗੰਭੀਰ ਬਿਮਾਰੀ ਤੋਂ ਲੋਕਾਂ ਨੂੰ ਜਾਗਰੂਕ ਕਰਨ ਤੇ ਇਸ ਨੂੰ ਜੜ੍ਹ ਤੋਂ ਖਤਮ ਕਰਨ ਦੇ ਉਦੇਸ਼ ਨਾਲ ਇਹ ਦਿਨ ਪੂਰੀ ਦੁਨੀਆ ਵਿਚ ਮਨਾਇਆ ਜਾਂਦਾ ਹੈ।
ਜਦੋਂ ਅਸੀਂ ਸਾਹ ਲੈਂਦੇ ਹਾਂ, ਆਕਸੀਜਨ ਮੂੰਹ ਜਾਂ ਨੱਕ ਰਾਹੀਂ ਫੇਫੜਿਆਂ ਤੱਕ ਪਹੁੰਚਦੀ ਹੈ। ਪਰ ਪੀੜਤ ਮਰੀਜ਼ਾਂ ਵਿਚ ਸਾਹ ਨਾਲੀਆਂ ਦੀ ਪਰਤ ਸੁੱਜ ਜਾਂਦੀ ਹੈ ਤੇ ਬਲਗ਼ਮ ਨਾਲ ਭਰ ਜਾਂਦੀ ਹੈ ਤੇ ਉਨ੍ਹਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਆਉਂਦੀ ਹੈ
ਦਮੇ ਦੀ ਬਿਮਾਰੀ ਪ੍ਰਦੂਸ਼ਣ, ਧੂੜ-ਮਿੱਟੀ, ਸਿਗਰਟਨੋਸ਼ੀ, ਤੰਬਾਕੂ ਦਾ ਜ਼ਿਆਦਾ ਸੇਵਨ ਅਤੇ ਅਤਰ ਛਿੜਕਣ ਨਾਲ ਹੁੰਦੀ ਹੈ। ਇਸ ਤੋਂ ਇਲਾਵਾ ਮੌਸਮ ਵਿੱਚ ਅਚਾਨਕ ਤਬਦੀਲੀ ਅਤੇ ਜਾਨਵਰਾਂ ਦੀ ਫਰ ਨਾਲ ਵੀ ਅਜਿਹਾ ਹੁੰਦਾ ਹੈ।
ਅਜਿਹੇ 'ਚ ਜੋ ਲੋਕ ਅਸਥਮਾ ਤੋਂ ਪੀੜਤ ਹਨ, ਉਨ੍ਹਾਂ ਨੂੰ ਪ੍ਰਦੂਸ਼ਣ, ਪਰਫਿਊਮ, ਤੰਬਾਕੂ, ਸਿਗਰਟ ਅਤੇ ਰਸੋਈ ਦੇ ਧੂੰਏਂ ਤੋਂ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਨੂੰ ਸਰਦੀ ਤੇ ਅਚਾਨਕ ਮੌਸਮ ਵਿੱਚ ਬਦਲਾਅ ਦੇ ਦੌਰਾਨ ਆਪਣਾ ਖਾਸ ਧਿਆਨ ਰੱਖਣਾ ਚਾਹੀਦਾ ਹੈ