‘ਸਾਰੇ ਪਰਿਵਾਰ ਨੂੰ ਠੱਗੀ ਦੇ ਮਾਮਲੇ ’ਚ ਗ੍ਰਿਫ਼ਤਾਰ ਕਰਨਾ ਪਵੇਗਾ...’ ਕਹਿ ਕੇ ਇਕ ਕਰੋੜ ਤੋਂ ਵੱਧ ਦੀ ਠੱਗੀ
“ਤੁਹਾਨੂੰ ਤਾਂ ਸਾਰੇ ਪਰਿਵਾਰ ਨੂੰ ਠੱਗੀ ਦੇ ਮਾਮਲੇ ’ਚ ਗ੍ਰਿਫ਼ਤਾਰ ਕਰਨਾ ਪਵੇਗਾ..........” ਕਹਿ ਕੇ ਇਕ ਕਰੋੜ ਤੋਂ ਵੱਧ ਦੀ ਠੱਗੀ
Publish Date: Sat, 13 Dec 2025 08:08 PM (IST)
Updated Date: Sat, 13 Dec 2025 08:09 PM (IST)

-ਜਲੰਧਰ ’ਚ ਬਜ਼ੁਰਗ ਔਰਤ ਨੂੰ ‘ਡਿਜ਼ੀਟਲ ਅਰੇਸਟ’ ਦਾ ਡਰ ਦਿਖਾ ਕੇ ਇਕ ਕਰੋੜ ਤੋਂ ਵੱਧ ਦੀ ਠੱਗੀ -ਆਧਾਰ ਕਾਰਡ ਤੇ ਨਕਲੀ ਗ੍ਰਿਫ਼ਤਾਰੀ ਦੀ ਧਮਕੀ ਦੇ ਕੇ ਚਾਰ ਦਿਨਾਂ ’ਚ ਬੈਂਕ ਖਾਤੇ ਖਾਲੀ ਕਰਵਾ ਲਏ, ਸਾਈਬਰ ਸੈੱਲ ਜਾਂਚ ’ਚ ਰੁੱਝਿਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਸਾਈਬਰ ਠੱਗੀ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਠੱਗਾਂ ਨੇ ‘ਡਿਜ਼ੀਟਲ ਅਰੇਸਟ’ ਦਾ ਡਰ ਦਿਖਾ ਕੇ 78 ਸਾਲਾ ਬਜ਼ੁਰਗ ਔਰਤ ਤੋਂ ਇਕ ਕਰੋੜ 11 ਲੱਖ 78 ਹਜ਼ਾਰ 500 ਰੁਪਏ ਦੀ ਠੱਗੀ ਕਰ ਲਈ। ਪੀੜਤਾ ਦੀ ਪਛਾਣ ਛੋਟੀ ਬਰਾਦਰੀ ਨਿਵਾਸੀ ਨਿਰਮਲ ਚੋਪੜਾ ਵਜੋਂ ਹੋਈ ਹੈ। ਠੱਗਾਂ ਨੇ ਇਹ ਕਹਿ ਕੇ ਡਰਾਇਆ ਕਿ ਉਸ ਦੇ ਆਧਾਰ ਕਾਰਡ ਨਾਲ ਜੁੜਿਆ ਵੱਡਾ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਪੂਰੇ ਪਰਿਵਾਰ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਇਸ ਡਰ ਕਾਰਨ ਬਜ਼ੁਰਗ ਨੇ ਚਾਰ ਦਿਨਾਂ ’ਚ ਆਪਣੀ ਜ਼ਿੰਦਗੀ ਭਰ ਦੀ ਜਮ੍ਹਾਂ ਪੂੰਜੀ ਠੱਗਾਂ ਦੇ ਦੱਸੇ ਖਾਤਿਆਂ ’ਚ ਟਰਾਂਸਫਰ ਕਰ ਦਿੱਤੀ। ਪੀੜਤਾ ਨਿਰਮਲ ਚੋਪੜਾ ਨੇ ਦੱਸਿਆ ਕਿ ਉਸ ਦੇ ਪਤੀ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ। ਉਸ ਦੇ ਪਤੀ ਬੈਂਕ ’ਚ ਮੈਨੇਜਰ ਸਨ ਤੇ ਉਨ੍ਹਾਂ ਨੇ ਮਿਹਨਤ ਦੀ ਕਮਾਈ ਭਵਿੱਖ ਲਈ ਸੁਰੱਖਿਅਤ ਰੱਖੀ ਹੋਈ ਸੀ। ਉਸ ਦੇ ਤਿੰਨ ਬੱਚੇ ਹਨ, ਜਿਨ੍ਹਾਂ ’ਚੋਂ ਦੋ ਗੁਰੂਗ੍ਰਾਮ ’ਚ ਰਹਿੰਦੇ ਹਨ, ਜਦਕਿ ਇਕ ਪੁੱਤਰ ਜਲੰਧਰ ’ਚ ਕੰਮ ਕਰਦਾ ਹੈ ਪਰ ਅਕਸਰ ਬਾਹਰ ਰਹਿੰਦਾ ਹੈ। ਘਰ ’ਚ ਇਕੱਲੀ ਰਹਿਣ ਦਾ ਫਾਇਦਾ ਉਠਾ ਕੇ ਠੱਗਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। -------------------- ਆਧਾਰ ਕਾਰਡ ਤੇ ਗ੍ਰਿਫ਼ਤਾਰੀ ਦੀ ਧਮਕੀ ਦੇ ਕੇ ਬਣਾਇਆ ਸ਼ਿਕਾਰ ਨਿਰਮਲ ਚੋਪੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਅਣਜਾਣ ਨੰਬਰ ਤੋਂ ਫੋਨ ਆਇਆ। ਫੋਨ ਕਰਨ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਕਿ ਉਸ ਕੋਲ ਉਨ੍ਹਾਂ ਦਾ ਆਧਾਰ ਕਾਰਡ ਨੰਬਰ ਹੈ ਤੇ ਉਸ ਨਾਲ ਜੁੜਿਆ ਇਕ ਵੱਡਾ ਵਿੱਤੀ ਘਪਲਾ ਸਾਹਮਣੇ ਆਇਆ ਹੈ। ਕਾਲਰ ਨੇ ਕਿਹਾ ਕਿ ਮਾਮਲਾ ਗੰਭੀਰ ਹੈ ਤੇ ਇਸ ’ਚ ਪੂਰੇ ਪਰਿਵਾਰ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਇਨ੍ਹਾਂ ਤੋਂ ਇਲਾਵਾ ਠੱਗ ਨੇ ਔਰਤ ਨੂੰ ਕਿਸੇ ਨੂੰ ਵੀ ਇਸ ਬਾਰੇ ਦੱਸਣ ਤੋਂ ਸਖ਼ਤ ਮਨ੍ਹਾਂ ਕੀਤਾ ਤੇ ਚਿਤਾਵਨੀ ਦਿੱਤੀ ਕਿ ਜੇ ਕਿਸੇ ਨਾਲ ਗੱਲ ਕੀਤੀ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ। ਪਹਿਲਾਂ ਉਨ੍ਹਾਂ ਤੋਂ 50 ਲੱਖ ਰੁਪਏ ਮੰਗੇ ਗਏ, ਜੋ ਉਨ੍ਹਾਂ ਨੇ ਦੱਸੇ ਗਏ ਖਾਤੇ ’ਚ ਟਰਾਂਸਫਰ ਕਰ ਦਿੱਤੇ। ਅਗਲੇ ਦਿਨ ਮੁੜ ਫੋਨ ਆਇਆ ਤੇ ਕਾਲਰ ਨੇ ਕਿਹਾ ਕਿ ਮਾਮਲਾ ਸੁਲਝਾਉਣ ਲਈ ਹੋਰ 50 ਲੱਖ ਰੁਪਏ ਚਾਹੀਦੇ ਹਨ। ਪੀੜਤਾ ਨੇ ਫਿਰ ਪੈਸੇ ਟਰਾਂਸਫਰ ਕਰ ਦਿੱਤੇ। ਇਸ ਤੋਂ ਬਾਅਦ ਦੋ ਵਾਰ ਹੋਰ ਫੋਨ ਆਏ ਤੇ ਮਾਮਲਾ ਨਾ ਸੁਲਝਣ ਦੀ ਗੱਲ ਕਹਿ ਕੇ ਹੋਰ ਰਕਮ ਮੰਗੀ ਗਈ। ਇਸ ਤਰ੍ਹਾਂ ਕੁੱਲ 1 ਕਰੋੜ 11 ਲੱਖ 78 ਹਜ਼ਾਰ 500 ਰੁਪਏ ਠੱਗ ਲਏ ਗਏ। -------------------- ਦਿੱਲੀ ’ਚ ਪ੍ਰਾਪਰਟੀ ਵੇਚ ਕੇ ਜਲੰਧਰ ਸ਼ਿਫ਼ਟ ਹੋਈ ਸੀ ਔਰਤ ਨਿਰਮਲ ਚੋਪੜਾ ਕਰੀਬ ਦੋ ਸਾਲ ਪਹਿਲਾਂ ਦਿੱਲੀ ’ਚ ਪ੍ਰਾਪਰਟੀ ਵੇਚ ਕੇ ਜਲੰਧਰ ਆਈ ਸੀ। ਪ੍ਰਾਪਰਟੀ ਤੋਂ ਮਿਲੀ ਰਕਮ ਨੂੰ ਉਨ੍ਹਾਂ ਨੇ ਐੱਫਡੀ ’ਚ ਬਦਲਵਾ ਲਿਆ ਸੀ। ਠੱਗੀ ਵਾਲਾ ਫੋਨ ਆਉਣ ਤੋਂ ਬਾਅਦ ਉਨ੍ਹਾਂ ਨੇ ਚਾਰ ਦਿਨਾਂ ’ਚ ਸਾਰੀਆਂ ਐੱਫਡੀ ਤੁੜਵਾਈਆਂ ਤੇ ਪਤੀ ਵੱਲੋਂ ਜਮ੍ਹਾਂ ਕੀਤੇ ਸਾਰੇ ਪੈਸੇ ਵੀ ਕੱਢ ਕੇ ਠੱਗਾਂ ਨੂੰ ਦੇ ਦਿੱਤੇ। ਡਰ ਤੇ ਮਾਨਸਿਕ ਦਬਾਅ ਕਾਰਨ ਬੁਜ਼ੁਰਗ ਔਰਤ ਠੱਗਾਂ ਦੀਆਂ ਗੱਲਾਂ ’ਤੇ ਵਿਸ਼ਵਾਸ ਕਰ ਬੈਠੀ। ਕਾਲ ਕਰਨ ਵਾਲੇ ਨੇ ਆਪਣੇ-ਆਪ ਨੂੰ ਜਾਂਚ ਏਜੰਸੀ ਨਾਲ ਜੁੜਿਆ ਦੱਸਿਆ ਤੇ ਲਗਾਤਾਰ ਚਾਰ ਦਿਨਾਂ ਤੱਕ ਮਹਿਲਾ ਨੂੰ ਫੋਨ ’ਤੇ ‘ਡਿਜ਼ੀਟਲ ਅਰੇਸਟ’ ਵਰਗੀ ਸਥਿਤੀ ’ਚ ਰੱਖਿਆ। ਇਸ ਦੌਰਾਨ ਔਰਤ ਨੂੰ ਹਰ ਵੇਲੇ ਫੋਨ ’ਤੇ ਨਿਗਰਾਨੀ ’ਚ ਰਹਿਣ ਤੇ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ। --------------------- ਚਾਰ ਦਿਨਾਂ ’ਚ ਖਾਤੇ ਹੋ ਗਏ ਖਾਲੀ ਨਿਰਮਲ ਚੋਪੜਾ ਨੇ ਦੱਸਿਆ ਕਿ ਡਰ ਦੇ ਮਾਰੇ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਵੀ ਇਸ ਬਾਰੇ ਕੁਝ ਨਹੀਂ ਦੱਸਿਆ। ਉਨ੍ਹਾਂ ਨੇ ਪਤੀ ਦੀ ਸਾਰੀ ਜਮ੍ਹਾਂ ਪੁੰਜੀ, ਜੋ ਵੱਖ-ਵੱਖ ਬੈਂਕ ਖਾਤਿਆਂ ’ਚ ਸੀ, ਚਾਰ ਐੱਫਡੀਜ਼ ਸਮੇਤ ਠੱਗਾਂ ਦੇ ਦੱਸੇ ਖਾਤਿਆਂ ’ਚ ਟਰਾਂਸਫਰ ਕਰ ਦਿੱਤੀ। ਕੁੱਲ ਮਿਲਾ ਕੇ ਠੱਗ ਇਕ ਕਰੋੜ ਰੁਪਏ ਤੋਂ ਵੱਧ ਦੀ ਰਕਮ ਲੈ ਉਡੇ। ਬਾਅਦ ’ਚ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਠੱਗੀ ਦਾ ਸ਼ਿਕਾਰ ਹੋ ਚੁੱਕੀਆਂ ਹਨ, ਤਦ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੂਰੀ ਘਟਨਾ ਬਾਰੇ ਦੱਸਿਆ। --------------------- ਪੁਲਿਸ ਨੂੰ ਸ਼ਿਕਾਇਤ, ਸਾਈਬਰ ਸੈੱਲ ਜਾਂਚ ’ਚ ਜੁਟਿਆ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਰਿਵਾਰ ਨੇ ਪੁਲਿਸ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਸਾਈਬਰ ਸੈੱਲ ਨੂੰ ਸ਼ਿਕਾਇਤ ਦਿੱਤੀ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਈਬਰ ਸੈੱਲ ਦੇ ਅਧਿਕਾਰੀ ਬੈਂਕ ਲੈਣ-ਦੇਣ, ਕਾਲ ਡਿਟੇਲ ਤੇ ਜਿਨ੍ਹਾਂ ਖਾਤਿਆਂ ’ਚ ਪੈਸੇ ਟਰਾਂਸਫਰ ਹੋਏ ਹਨ, ਉਨ੍ਹਾਂ ਦੀ ਜਾਂਚ ਕਰ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਜਲਦ ਹੀ ਮੁਲਜ਼ਮਾਂ ਤੱਕ ਪੁੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ---------------------- ਪੁਲਿਸ ਦੀ ਅਪੀਲ : ਡਰੋ ਨਹੀਂ, ਚੌਕਸ ਰਹੋ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਇਸ ਘਟਨਾ ਤੋਂ ਬਾਅਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਅਣਜਾਣ ਕਾਲ ’ਤੇ ਆਪਣੇ ਬੈਂਕ ਖਾਤੇ, ਆਧਾਰ ਕਾਰਡ ਜਾਂ ਹੋਰ ਨਿੱਜੀ ਜਾਣਕਾਰੀਆਂ ਸਾਂਝੀਆਂ ਨਾ ਕਰੋ। ਜੇ ਕੋਈ ਆਪਣੇ ਆਪ ਨੂੰ ਅਧਿਕਾਰੀ ਦੱਸ ਕੇ ਗ੍ਰਿਫ਼ਤਾਰੀ ਜਾਂ ਜਾਂਚ ਦਾ ਡਰ ਦਿਖਾਵੇ ਤਾਂ ਤੁਰੰਤ ਪੁਲਿਸ ਜਾਂ ਸਾਈਬਰ ਹੈਲਪਲਾਈਨ ਨਾਲ ਸੰਪਰਕ ਕਰੋ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਸਰਕਾਰੀ ਏਜੰਸੀ ਵੱਲੋਂ ਫੋਨ ’ਤੇ ਇਸ ਤਰ੍ਹਾਂ ਪੈਸੇ ਟਰਾਂਸਫਰ ਕਰਨ ਦੇ ਨਿਰਦੇਸ਼ ਨਹੀਂ ਦਿੱਤੇ ਜਾਂਦੇ।