ਵਾਸ਼ਿੰਗਟਨ (ਏਐੱਨਆਈ) : ਭਾਰਤੀ ਤੇ ਅਮਰੀਕੀ ਫ਼ੌਜੀਆਂ ਜੰਗੀ ਅਭਿਆਸ 2019 ਤਹਿਤ ਹੋਵਿਤਜ਼ਰ ਤੋਪ ਤੇ ਚਿਨੂਕ ਹੈਲੀਕਾਪਟਰ 'ਤੇ ਸਾਂਝਾ ਅਭਿਆਸ ਕੀਤਾ। ਵਾਸ਼ਿੰਗਟਨ ਸਥਿਤ ਅਮਰੀਕੀ ਫ਼ੌਜੀ ਅੱਡੇ ਲੇਵਿਸ ਮੇਕਾਰਡ 'ਚ ਪੰਜ ਸਤੰਬਰ ਤੋਂ ਸ਼ੁਰੂ ਹੋਈਆਂ ਇਹ ਜੰਗੀ ਮਸ਼ਕਾਂ 18 ਸਤੰਬਰ ਤਕ ਚੱਲਣਗੀਆਂ।

ਭਾਰਤ ਤੇ ਅਮਰੀਕਾ ਵਿਚਕਾਰ ਵਧਦੇ ਰੱਖਿਆ ਸਹਿਯੋਗ ਤਹਿਤ ਹਾਲੀਆ ਹੀ 'ਚ ਅਮਰੀਕੀ 'ਚ ਬਣੇ ਚਾਰ ਚਿਨੂਕ ਹੈਲੀਕਾਪਟਰ ਭਾਰਤੀ ਹਵਾਈ ਫ਼ੌਜ 'ਚ ਸ਼ਾਮਲ ਕੀਤੇ ਗਏ ਹਨ। ਤੇਜ਼ੀ ਨਾਲ ਉਡਾਣ ਭਰਨ 'ਚ ਸਮਰੱਥ ਇਹ ਹੈਲੀਕਾਪਟਰ ਭਾਰੀ ਭਰਕਮ ਸਾਮਾਨ ਲਿਜਾਣ 'ਚ ਵੀ ਸਮਰੱਥ ਹਨ। ਇਸ ਅਭਿਆਸ ਤੋਂ ਬਾਅਦ ਅਕਤੂਬਰ 'ਚ ਭਾਰਤ 'ਚ ਹੋਣ ਵਾਲੇ ਹਿਮ ਵਿਜੈ ਅਭਿਆਸ 'ਚ ਵੀ ਚਿਨੂਕ ਤੇ ਹੋਵਿਤਜ਼ਰ ਤੋਪ ਇਸਤੇਮਾਲ ਕੀਤੇ ਜਾਣਗੇ। ਭਾਰਤੀ ਫ਼ੌਜ ਅਕਤੂਬਰ 'ਚ ਚੀਨ ਦੀ ਸਰਹੱਦ ਨਾਲ ਲੱਗੇ ਅਰੁਣਾਚਲ ਪ੍ਰਦੇਸ਼ 'ਚ ਇਹ ਅਭਿਆਸ ਕਰੇਗੀ।

ਜੰਗੀ ਅਭਿਆਸ ਅਮਰੀਕਾ ਤੇ ਭਾਰਤ ਦਾ ਸਭ ਤੋਂ ਵੱਡਾ ਸਾਂਝਾ ਫ਼ੌਜੀ ਅਭਿਆਸ ਹੈ, ਜੋ ਪਿਛਲੇ 15 ਸਾਲਾਂ ਤੋਂ ਕਰਵਾਇਆ ਜਾ ਰਿਹਾ ਹੈ। ਇਹ ਇਕ ਸਾਲ ਭਾਰਤ ਵਿਚ ਤੇ ਅਗਲੇ ਸਾਲ ਅਮਰੀਕਾ 'ਚ ਕੀਤਾ ਜਾਂਦਾ ਹੈ।