ਨਿਊਯਾਰਕ - ਯੂਟਿਊਬ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੈਨਲ ਨੂੰ ਘੱਟੋ-ਘੱਟ ਇਕ ਹਫ਼ਤੇ ਲਈ ਬੰਦ ਕਰ ਦਿੱਤਾ ਹੈ ਤੇ ਉਮੀਦ ਲਾਈ ਜਾ ਸਕਦੀ ਹੈ ਕਿ ਇਸ ਨੂੰ ਅੱਗਿਓਂ ਵੀ ਸਸਪੈਂਡ ਰੱਖਿਆ ਜਾ ਸਕਦਾ ਹੈ। ਕੰਪਨੀ ਨੇ ਮੰਗਲਵਾਰ ਸ਼ਾਮ ਨੂੰ ਕਿਹਾ ਕਿ ਟਰੰਪ ਦੇ ਚੈਨਲ ਵੱਲੋਂ ਮੰਚ ਦੀਆਂ ਨੀਤੀਆਂ ਦੀ ਉਲੰਘਣਾ ਕੀਤੀ ਗਈ ਹੈ।

ਟਰੰਪ ਦੇ ਚੈਨਲ ’ਤੇ ਹਾਲ ਹੀ ’ਚ ਇਕ ਵੀਡੀਓ ਪੋਸਟ ਹੋਈ ਸੀ, ਜਿਸ ਤੋਂ ਹਿੰਸਾ ਭੜਕੀ ਸੀ। ਯੂਟਿਊਬ ਨੇ ਸੀਐੱਨਐੱਨ ਨੂੰ ਦੱਸਿਆ ਕਿ ਹੁਣ ਇਸ ਵੀਡੀਓ ਨੂੰ ਹਟਾ ਦਿੱਤਾ ਗਿਆ ਹੈ। ਹਾਲਾਂਕਿ ਯੂਟਿਊਬ ਨੇ ਟਰੰਪ ’ਤੇ ਲਏ ਇਸ ਫ਼ੈਸਲੇ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ ਤੇ ਕਿਹਾ ਗਿਆ ਹੈ ਕਿ ਇਕ ਹਫ਼ਤੇ ਤੋਂ ਬਾਅਦ ਅਗਲੇ ਫ਼ੈਸਲੇ ’ਤੇ ਵਿਚਾਰ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਯੂਟਿਊਬ ਇਕ ਅਜਿਹਾ ਸੋਸ਼ਲ ਮੀਡੀਆ ਪਲੈਟਫਾਰਮ ਬਚਿਆ ਸੀ, ਜਿਸ ਨੇ ਟਰੰਪ ਨੂੰ ਮੁਅੱਤਲ ਨਹੀਂ ਕੀਤਾ ਸੀ। ਇਸ ਤੋਂ ਪਹਿਲਾਂ ਫੇਸਬੱੁਕ ਨੇ ਟਰੰਪ ਦੇ ਅਕਾਊਂਟ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਸੀ, ਜਦੋਂਕਿ ਟਵਿੱਟਰ ਨੇ ਟਰੰਪ ’ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਹੈ।

ਇਕ ਯੂਟਿਊਬ ਬੁਲਾਰੇ ਨੇ ਆਪਣੇ ਬਿਆਨ ’ਚ ਕਿਹਾ ਕਿ ਧਿਆਨ ਨਾਲ ਸਮੀਖਿਆ ਕਰਨ ਤੋਂ ਬਾਅਦ ਤੇ ਹਿੰਸਾ ਲਈ ਚੱਲ ਰਹੀਆਂ ਸੰਭਾਵਨਾਵਾਂ ਬਾਰੇ ਚਿੰਤਤ ਹੋ ਕੇ ਅਸੀਂ ਡੋਨਾਲਡ ਟਰੰਪ ਦੇ ਚੈਨਲ ’ਤੇ ਅਪਲੋਡ ਕੀਤੀ ਨਵੀਂ ਸਮੱਗਰੀ ਨੂੰ ਹਟਾ ਦਿੱਤਾ ਹੈ ਅਤੇ ਹਿੰਸਾ ਭੜਕਾਉਣ ਲਈ ਸਾਡੀਆਂ ਨੀਤੀਆਂ ਦੀ ਉਲੰਘਣਾ ਕਰਨ ਲਈ ਕਾਰਵਾਈ ਜਾਰੀ ਹੈ। ਸਿੱਟੇ ਵਜੋਂ ਅਸੀਂ ਚੈਨਲ ’ਤੇ ਨਵੀਂ ਵੀਡੀਓ ਜਾਂ ਲਾਈਵ ਸਟ੍ਰੀਮ ਨੂੰ ਘੱਟੋ-ਘੱਟ ਸੱਤ ਦਿਨਾਂ ਤਕ ਅਪਲੋਡ ਕਰਨ ਤੋਂ ਰੋਕਿਆ ਹੈ, ਜਿਸ ਨੂੰ ਵਧਾਇਆ ਜਾ ਸਕਦਾ ਹੈ। ਵੀਡੀਓ ਸ਼ੇਅਰਿੰਗ ਪਲੈਟਫਾਰਮ ਨੇ ਕਿਹਾ ਕਿ ਉਹ ਟਰੰਪ ਦੇ ਚੈਨਲ ’ਤੇ ਵੀਡੀਓ ਹੇਠਾਂ ਟਿੱਪਣੀਆਂ ਕਰਨ ਵਾਲੇ ਲੋਕਾਂ ’ਤੇ ਵੀ ਸਖ਼ਤ ਕਦਮ ਉਠਾਏਗਾ।

Posted By: Harjinder Sodhi