ਵਾਸ਼ਿੰਗਟਨ (ਏਐੱਨਆਈ) : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅਮਰੀਕਾ ਨੇ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਫਿਰ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਤਾਲਿਬਾਨ ਨਾਲ ਇਕ ਸਮਝੌਤੇ 'ਤੇ ਕੰਮ ਕਰ ਰਹੇ ਹਾਂ। ਟਰੰਪ ਨੇ ਸਤੰਬਰ ਵਿਚ ਇਸ ਅੱਤਵਾਦੀ ਜਮਾਤ ਨਾਲ ਵਾਰਤਾ ਰੱਦ ਕਰ ਦਿੱਤੀ ਸੀ।

ਟਰੰਪ ਨੇ ਅਮਰੀਕੀ ਅਤੇ ਆਸਟ੍ਰੇਲੀਆਈ ਪ੍ਰੋਫੈਸਰਾਂ ਦੀ ਰਿਹਾਈ ਪਿੱਛੋਂ ਤਾਲਿਬਾਨ ਨਾਲ ਵਾਰਤਾ ਦੁਬਾਰਾ ਸ਼ੁਰੂ ਕਰਨ ਦੀ ਜਾਣਕਾਰੀ ਦਿੱਤੀ। ਉਨ੍ਹਾਂ ਫਾਕਸ ਨਿਊਜ਼ ਦੇ ਇਕ ਪ੍ਰੋਗਰਾਮ ਵਿਚ ਕਿਹਾ, 'ਦੇਖਦੇ ਹਾਂ, ਕੀ ਹੁੰਦਾ ਹੈ।' ਤਾਲਿਬਾਨ ਨੇ ਬੀਤੇ ਮੰਗਲਵਾਰ ਨੂੰ ਅਮਰੀਕਾ ਦੇ ਕੇਵਿਨ ਕਿੰਗ ਅਤੇ ਆਸਟ੍ਰੇਲੀਆ ਦੇ ਟਿਮੋਥੀ ਵੀਕਸ ਨੂੰ ਅਫ਼ਗਾਨਿਸਤਾਨ ਵਿਚ ਅਮਰੀਕੀ ਫ਼ੌਜਾਂ ਦੇ ਹਵਾਲੇ ਕਰ ਦਿੱਤਾ ਸੀ। ਇਹ ਦੋਵੇਂ ਕਾਬੁਲ ਸਥਿਤ ਅਮਰੀਕੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਸਨ। ਉਨ੍ਹਾਂ ਨੂੰ ਅਗਸਤ, 2016 ਵਿਚ ਫ਼ੌਜ ਦੀ ਵਰਦੀ ਵਿਚ ਆਏ ਬੰਦੂਕਧਾਰੀਆਂ ਨੇ ਅਗ਼ਵਾ ਕਰ ਲਿਆ ਸੀ। ਇਨ੍ਹਾਂ ਦੀ ਰਿਹਾਈ ਦੇ ਬਦਲੇ ਅਫ਼ਗਾਨ ਸਰਕਾਰ ਨੇ ਤਾਲਿਬਾਨ ਨਾਲ ਜੁੜੇ ਹੱਕਾਨੀ ਨੈੱਟਵਰਕ ਦੇ ਤਿੰਨ ਅੱਤਵਾਦੀ ਛੱਡੇ ਸਨ। ਤਾਲਿਬਾਨ ਨੇ ਇਸ ਹਫ਼ਤੇ 10 ਅਫ਼ਗਾਨ ਫ਼ੌਜੀਆਂ ਨੂੰ ਵੀ ਛੱਡਿਆ ਸੀ। ਕੈਦੀਆਂ ਦੀ ਅਦਲਾ-ਬਦਲੀ ਦੇ ਇਸ ਕਦਮ ਪਿੱਛੋਂ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਸ਼ਾਂਤੀ ਵਾਰਤਾ ਦੁਬਾਰਾ ਸ਼ੁਰੂ ਹੋਣ ਦੀ ਉਮੀਦ ਜਾਗੀ ਸੀ।

ਇਸ ਕਾਰਨ ਰੱਦ ਕੀਤੀ ਸੀ ਵਾਰਤਾ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਠ ਸਤੰਬਰ ਨੂੰ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਰੱਦ ਕਰ ਦਿੱਤੀ ਸੀ। ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਹਮਲੇ ਵਿਚ ਇਕ ਅਮਰੀਕੀ ਫ਼ੌਜੀ ਦੀ ਮੌਤ ਪਿੱਛੋਂ ਉਨ੍ਹਾਂ ਨੇ ਇਹ ਕਦਮ ਚੁੱਕਿਆ ਸੀ। ਇਹ ਵਾਰਤਾ ਅਜਿਹੇ ਸਮੇਂ ਰੱਦ ਹੋਈ ਜਦੋਂ ਅਮਰੀਕਾ ਅਤੇ ਤਾਲਿਬਾਨ ਸ਼ਾਂਤੀ ਸਮਝੌਤੇ ਦੇ ਬੇਹੱਦ ਕਰੀਬ ਦਿਸ ਰਹੇ ਸਨ।

ਪਿਛਲੇ ਸਾਲ ਦਸੰਬਰ ਮਹੀਨੇ ਤੋਂ ਚੱਲ ਰਹੀ ਸੀ ਵਾਰਤਾ

ਅਫ਼ਗਾਨਿਸਤਾਨ ਵਿਚ 18 ਸਾਲਾਂ ਤੋਂ ਜਾਰੀ ਖ਼ੂਨੀ ਸੰਘਰਸ਼ ਨੂੰ ਖ਼ਤਮ ਕਰਨ ਦੇ ਯਤਨ ਵਿਚ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਪਿਛਲੇ ਸਾਲ ਦਸੰਬਰ ਤੋਂ ਸ਼ਾਂਤੀ ਵਾਰਤਾ ਚੱਲ ਰਹੀ ਸੀ ਪ੍ਰੰਤੂ ਟਰੰਪ ਨੇ ਇਸ ਸਾਲ ਸਤੰਬਰ ਵਿਚ ਇਹ ਵਾਰਤਾ ਰੱਦ ਕਰ ਦਿੱਤੀ ਸੀ। ਇਹ ਵਾਰਤਾ ਕਤਰ ਦੀ ਰਾਜਧਾਨੀ ਦੋਹਾ ਵਿਚ ਚੱਲ ਰਹੀ ਸੀ। ਇਸ ਵਿਚ ਅਮਰੀਕੀ ਪੱਖ ਦੀ ਅਗਵਾਈ ਵਿਸ਼ੇਸ਼ ਦੂਤ ਜਾਲਮੇ ਖਲੀਲਜ਼ਾਦ ਕਰ ਰਹੇ ਸਨ। ਹਾਲਾਂਕਿ ਇਸ ਵਾਰਤਾ ਵਿਚ ਤਾਲਿਬਾਨ ਦੇ ਵਿਰੋਧ ਕਾਰਨ ਅਫ਼ਗਾਨ ਸਰਕਾਰ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ।