ਵਾਸ਼ਿੰਗਟਨ (ਏਪੀ) : ਅਮਰੀਕਾ ਵਿਚ ਗਰਭਵਤੀ ਦੀ ਗਲਾ ਕੱਟ ਕੇ ਹੱਤਿਆ ਕਰਨ ਅਤੇ ਗਰਭ ਕੱਟ ਕੇ ਬੱਚੇ ਦੇ ਅਗਵਾ ਦੀ ਦੋਸ਼ੀ ਔਰਤ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਛੇ ਦਹਾਕਿਆਂ ਵਿਚ ਅਜਿਹਾ ਪਹਿਲੀ ਵਾਰ ਹੈ ਜਦੋਂ ਕਿਸੇ ਔਰਤ ਨੂੰ ਇਹ ਸਜ਼ਾ ਸੁਣਾਈ ਗਈ ਹੈ। ਲੀਸਾ ਮੌਂਟਗੋਮਰੀ ਨੂੰ ਅੱਠ ਦਸੰਬਰ ਨੂੰ ਜ਼ਹਿਰੀਲਾ ਇੰਜੈਕਸ਼ਨ ਲਗਾ ਕੇ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਲਗਪਗ 20 ਸਾਲਾਂ ਦੀ ਰੋਕ ਪਿੱਛੋਂ ਇਸੇ ਸਾਲ ਜੁਲਾਈ ਵਿਚ ਮੌਤ ਦੀ ਸਜ਼ਾ ਫਿਰ ਤੋਂ ਬਹਾਲ ਹੋਈ ਹੈ। ਲੀਸਾ ਨੌਵੀਂ ਸੰਘੀ ਕੈਦੀ ਹੋਵੇਗੀ ਜਿਸ ਨੂੰ ਇਹ ਸਜ਼ਾ ਦਿੱਤੀ ਜਾਵੇਗੀ।

ਮੌਂਟਗੋਮਰੀ ਨੂੰ 23 ਸਾਲਾ ਬੋਬੀ ਜੋ ਸਟਿਨਨੇਟ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਹੈ। ਦਸੰਬਰ 2004 ਵਿਚ ਹੋਏ ਇਸ ਹੱਤਿਆ ਕਾਂਡ ਦੇ ਬਾਰੇ ਵਿਚ ਵਕੀਲਾਂ ਦਾ ਕਹਿਣਾ ਹੈ ਕਿ ਕੁੱਤੇ ਦੇ ਪਿੱਲੇ ਨੂੰ ਗੋਦ ਲੈਣ ਦੀ ਆੜ ਵਿਚ ਮੌਂਟਗੋਮਰੀ ਕੰਸਾਸ ਸਥਿਤ ਆਪਣੇ ਘਰ ਨੇੜਲੇ ਸਟਿਨਨੇਟ ਦੇ ਘਰ ਗਈ ਸੀ। ਘਰ ਪਹੁੰਚ ਕੇ ਮੌਂਟਗੋਮਰੀ ਨੇ ਰੱਸੀ ਨਾਲ ਸਟਿਨਨੇਟ ਦਾ ਗਲਾ ਘੁੱਟਿਆ ਅਤੇ ਉਸ ਪਿੱਛੋਂ ਅੱਠ ਮਹੀਨੇ ਦੀ ਗਰਭਵਤੀ ਸਟਿਨਨੇਟ ਦਾ ਪੇਟ ਫਾੜ ਕੇ ਬੱਚੇ ਨੂੰ ਕੱਢ ਕੇ ਫ਼ਰਾਰ ਹੋ ਗਈ। ਜੱਜ ਨੇ ਮੌਂਟਗੋਮਰੀ ਦੇ ਵਕੀਲਾਂ ਦੇ ਉਸ ਤਰਕ ਨੂੰ ਖ਼ਾਰਜ ਕਰ ਦਿੱਤਾ ਜਿਸ ਵਿਚ ਉਸ ਦੇ ਬਿਮਾਰ ਹੋਣ ਦੀ ਗੱਲ ਕਹੀ ਗਈ ਸੀ।