ਵਾਸ਼ਿੰਗਟਨ (ਆਈਏਐੱਨਐੱਸ) : ਅਮਰੀਕੀ ਜਲ ਸੈਨਾ ਦੇ ਹਵਾਈ ਜਹਾਜ਼ ਨੂੰ ਅਲਬਾਮਾ ਵਿਖੇ ਪੇਸ਼ ਆਏ ਹਾਦਸੇ ਵਿਚ ਉਸ ਵਿਚ ਸਵਾਰ ਦੋ ਪਾਇਲਟਾਂ ਦੀ ਮੌਤ ਹੋ ਗਈ। ਅਮਰੀਕੀ ਜਲ ਸੈਨਾ ਦੇ ਅਧਿਕਾਰੀਆਂ ਅਨੁਸਾਰ ਇਹ ਹਾਦਸਾ ਸ਼ੁੱਕਰਵਾਰ ਨੂੰ ਟੀ-6ਬੀ ਟ੍ਰੇਨਰ ਜਹਾਜ਼ ਨੂੰ ਪੇਸ਼ ਆਇਆ। ਜਲ ਸੈਨਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਵਿਚ ਕਿਸੇ ਸ਼ਹਿਰੀ ਦੀ ਮੌਤ ਨਹੀਂ ਹੋਈ। ਨੇਵੀ ਦੇ ਅਧਿਕਾਰੀ ਮੌਕੇ 'ਤੇ ਪੁੱਜ ਗਏ ਹਨ ਤੇ ਸਥਾਨਕ ਪ੍ਰਸ਼ਾਸਨ ਦੀ ਮਦਦ ਕਰ ਰਹੇ ਹਨ। ਹਾਦਸੇ 'ਚ ਮਾਰੇ ਗਏ ਦੋਵਾਂ ਪਾਇਲਟਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਇਸ ਜਹਾਜ਼ ਨੇ ਫਲੋਰੀਡਾ ਦੇ ਨੇਵਲ ਏਅਰ ਸਟੇਸ਼ਨ ਵਾਈਟਿੰਗ ਫੀਲਡ ਤੋਂ ਉਡਾਣ ਭਰੀ ਸੀ ਤੇ 90 ਮਿੰਟਾਂ ਪਿੱਛੋਂ ਹੀ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ।