ਜੇਨੇਵਾ (ਏਜੰਸੀਆਂ) : WHO ਨੇ ਕਿਹਾ ਹੈ ਕਿ ਅਜੇ ਕੋਰੋਨਾ ਖ਼ਤਮ ਨਹੀਂ ਹੋ ਰਿਹਾ। ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਸਾਲ 2021 ਦੇ ਅੰਤ ਤਕ ਮਹਾਮਾਰੀ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ। ਡਬਲਯੂਐੱਚਓ ਦੇ ਹੈਲਥ ਐਮਰਜੈਂਸੀ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਡਾ. ਮਾਈਕਲ ਰਿਆਨ ਨੇ ਕਿਹਾ ਕਿ ਇਹ ਰਾਹਤ ਦੀ ਗੱਲ ਹੈ ਕਿ ਗ਼ੈਰ-ਸਰਕਾਰੀ ਵੈਕਸੀਨ ਦੇ ਆਉਣ ਨਾਲ ਹਸਪਤਾਲ ਜਾਣ ਤੇ ਮਰਨ ਵਾਲਿਆਂ ਦੀ ਗਿਣਤੀ ’ਚ ਕਮੀ ਆਵੇਗੀ।

ਈਰਾਨ ਨੇ ਕੋਰੋਨਾ ਦੀ ਚੌਥੀ ਲਹਿਰ ਦੀ ਚਿਤਾਵਨੀ ਦਿੱਤੀ ਹੈ। ਇੱਥੇ 24 ਘੰਟਿਆਂ ਦੌਰਾਨ ਸੌ ਲੋਕਾਂ ਦੀ ਮੌਤ ਤੋਂ ਬਾਅਦ ਸਾਵਧਾਨ ਕੀਤਾ ਗਿਆ ਹੈ। ਜਨਵਰੀ ਤੋਂ ਬਾਅਦ ਪਹਿਲੀ ਵਾਰ ਮੌਤ ਦਾ ਅੰਕੜਾ ਏਨਾ ਉੱਪਰ ਆਇਆ ਹੈ। ਫਿਨਲੈਂਡ ਨੇ ਮਹਾਮਾਰੀ ਬਾਰੇ ਐਮਰਜੈਂਸੀ ਐਲਾਨ ਦਿੱਤੀ ਹੈ। ਇੱਥੇ ਹਾਲਾਤ ਵਿਗੜਦੇ ਜਾ ਰਹੇ ਹਨ। ਐਮਰਜੈਂਸੀ ਦਾ ਫ਼ੈਸਲਾ ਸੰਸਦ ’ਚ ਲਿਆ ਗਿਆ ਹੈ। ਇੱਥੇ ਅੱਠ ਮਾਰਚ ਤੋਂ ਤਿੰਨ ਹਫ਼ਤਿਆਂ ਲਈ ਸਾਰੇ ਰੈਸਟੋਰੈਂਟ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਨਾਲ ਹੀ ਹੋਰ ਪਾਬੰਦੀਆਂ ਵੀ ਲਗਾਈਆਂ ਜਾ ਰਹੀਆਂ ਹਨ।

242 ਦੇਸ਼ਾਂ ਨੂੰ ਦੋ ਕਰੋੜ 37 ਲੱਖ ਵੈਕਸੀਨ ਡੋਜ਼

ਵਿਸ਼ਵ ਸਿਹਤ ਸੰਗਠਨ ਦੇ ਵੈਕਸੀਨ ਵੰਡ ਪ੍ਰੋਗਰਾਮ ਕੋਵੈਕਸ ਤਹਿਤ 142 ਦੇਸ਼ਾਂ ’ਚ ਦੋ ਕਰੋੜ 37 ਲੱਖ ਵੈਕਸੀਨ ਦੀਆਂ ਖ਼ੁਰਾਕਾਂ ਵੰਡੀਆਂ ਗਈਆਂ ਹਨ। ਸੰਗਠਨ ਦੇ ਮੁਖੀ ਟੇਡ੍ਰੋਸ ਅਦਨੋਨ ਘੇਬਰੇਸਸ ਨੇ ਦੱਸਿਆ ਕਿ ਕੋਵੈਕਸ ਪ੍ਰੋਗਰਾਮ ਤਹਿਤ ਅਗੋਲਾ, ਕੰਬੋਡੀਆ, ਕਾਂਗੋ, ਨਾਈਜੀਰੀਆ ਤੇ ਘਾਨਾ ’ਚ ਵੈਕਸੀਨ ਦੀ ਵੰਡ ਕੀਤੀ ਗਈ ਹੈ। ਬ੍ਰਾਜ਼ੀਲ ’ਚ ਵਧਦੇ ਮਰੀਜ਼ਾਂ ਦੇ ਹਸਪਤਾਲਾਂ ’ਚ ਹਾਲਾਤ ਖ਼ਰਾਬ ਹੋਣ ਕਾਰਨ ਸਿਹਤ ਅਧਿਕਾਰੀਆਂ ਨੇ ਲਾਕਡਾਊਨ ਤੇ ਕਰਫਿਊ ਲਗਾਉਣ ਲਈ ਕਿਹਾ ਹੈ। ਇਟਲੀ ’ਚ ਵੀ ਮਰੀਜ਼ ਤੇਜ਼ੀ ਨਾਲ ਵਧ ਰਹੇ ਹਨ।

Posted By: Seema Anand