ਨਿਊਯਾਰਕ (ਪੀਟੀਆਈ) : ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਵਿਸ਼ਵ ਟੀਕਾਕਰਨ 'ਚ ਤੇਜ਼ੀ ਲਿਆਏ ਜਾਣ ਲਈ ਭਾਰਤ ਤੇ ਸੀਰਮ ਇੰਸਟੀਚਿਊਟ ਤੋਂ ਮਦਦ ਮੰਗੀ ਹੈ। ਕਈ ਦੇਸ਼ਾਂ 'ਚ ਵੈਕਸੀਨ ਦੀ ਕਮੀ ਹੋਣ ਕਾਰਨ ਦੂਜੀ ਖ਼ੁਰਾਕ ਦੇਣ 'ਚ ਦਿੱਕਤ ਆ ਰਹੀ ਹੈ। ਸੀਰਮ ਇੰਸਟੀਚਿਊਟ ਐਸਟ੍ਰਾਜੈਨੇਕਾ ਦੀ ਕੋਵੀਸ਼ੀਲਡ ਵੈਕਸੀਨ ਦਾ ਦੁਨੀਆ 'ਚ ਸਭ ਤੋਂ ਵੱਡਾ ਨਿਰਮਾਤਾ ਹੈ।

ਡਬਲਯੂਐੱਚਓ ਦੇ ਡਾਇਰੈਕਟਰ ਜਨਰਲ ਦੇ ਸੀਨੀਅਰ ਸਲਾਹਕਾਰ ਬਰੂਸ ਐਲਵਾਰਡ ਨੇ ਕਿਹਾ ਕਿ ਕਈ ਦੇਸ਼ ਅਜਿਹੇ ਹਨ, ਜਿੱਥੇ ਕੋਵੀਸ਼ੀਲਡ ਵੈਕਸੀਨ ਦੀ ਇਕ ਡੋਜ਼ ਦਿੱਤੇ ਜਾਣ ਤੋਂ ਬਾਅਦ ਦੂਜੀ ਡੋਜ਼ ਦੀ ਕਮੀ ਹੋ ਗਈ ਹੈ। ਇਹ ਕਮੀ 30 ਤੋਂ 40 ਦੇਸ਼ਾਂ 'ਚ ਚੱਲ ਰਹੀ ਹੈ। ਇਸ ਨੂੰ ਦੂਰ ਕਰਨ ਲਈ ਭਾਰਤ ਸਰਕਾਰ ਤੇ ਸੀਰਮ ਇੰਸਟੀਚਿਊਟ ਤੋਂ ਵੈਕਸੀਨ ਮੁਹੱਈਆ ਕਰਾਉਣ ਲਈ ਮਦਦ ਮੰਗੀ ਗਈ ਹੈ।

ਬਰੂਸ ਐਲਵਾਰਡ ਨੇ ਕਿਹਾ ਕਿ ਅਫਰੀਕਾ, ਲੈਟਿਨ ਅਮਰੀਕਾ, ਮੱਧ ਪੂਰਬ ਤੇ ਦੱਖਣੀ ਏਸ਼ੀਆ ਦੇ ਦੇਸ਼ਾਂ 'ਚ ਵੈਕਸੀਨ ਦੀ ਜ਼ਿਆਦਾ ਕਿੱਲਤ ਹੈ। ਭਾਰਤ ਦੇ ਗੁਆਂਢੀ ਨੇਪਾਲ ਤੇ ਸ਼੍ਰੀਲੰਕਾ ਵਰਗੇ ਦੇਸ਼ ਕੋਰੋਨਾ ਦੀਆਂ ਕਈ ਲਹਿਰਾਂ ਦਾ ਸਾਹਮਣਾ ਕਰ ਰਹੇ ਹਨ।

ਡਬਲਯੂਐੱਚਓ ਨੇ ਹਾਲੀਆ ਮਹੀਨਿਆਂ 'ਚ ਕੋਵੈਕਸ ਅਭਿਆਨ ਤਹਿਤ ਅੱਠ ਕਰੋੜ ਤੋਂ ਜ਼ਿਆਦਾ ਵੈਕਸੀਨ ਡੋਜ਼ ਵਿਸ਼ਵ ਪੱਧਰ 'ਤੇ ਮੁਹੱਈਆ ਕਰਾਏ ਹਨ। ਹੁਣ ਭਾਰਤ 'ਚ ਕੋਰੋਨਾ ਦੀ ਦੂਜੀ ਲਹਿਰ ਆਉਣ ਤੋਂ ਬਾਅਦ ਵੈਕਸੀਨ ਦੀ ਜ਼ਿਆਦਾ ਦਿੱਕਤ ਹੋ ਗਈ ਹੈ। ਯਾਦ ਰਹੇ ਕਿ ਭਾਰਤ ਤੋਂ ਹੀ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਵੈਕਸੀਨ ਦੀ ਸਪਲਾਈ ਕੀਤੀ ਜਾਂਦੀ ਰਹੀ ਹੈ।