ਵਾਸ਼ਿੰਗਟਨ (ਏਜੰਸੀ) : ਦੁਨੀਆ 'ਚ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵੱਧ ਜੂਝ ਰਹੇ ਅਮਰੀਕਾ 'ਚ ਇਸ ਖ਼ਤਰਨਾਕ ਵਾਇਰਸ ਨਾਲ ਮੁਕਾਬਲੇ ਲਈ ਤਿਆਰ ਹੋਣ ਵਾਲੀ ਵੈਕਸੀਨ ਬਾਰੇ ਹੁਣ ਤੋਂ ਹੀ ਯੋਜਨਾ ਬਣਨ ਲੱਗੀ ਹੈ। ਅਧਿਕਾਰੀ ਇਸ ਬਾਰੇ ਫ਼ੈਸਲਾ ਲੈਣ ਦੇ ਯਤਨ ਕਰ ਰਹੇ ਹਨ ਕਿ ਸਭ ਤੋਂ ਪਹਿਲਾਂ ਕਿਨ੍ਹਾਂ ਲੋਕਾਂ ਨੂੰ ਵੈਕਸੀਨ ਦਿੱਤੀ ਜਾਵੇਗੀ। ਹਾਲਾਂਕਿ ਅਜੇ ਤਕ ਕੋਰੋਨਾ ਵੈਕਸੀਨ ਤਿਆਰ ਨਹੀਂ ਹੋਈ। ਦੁਨੀਆ ਦੇ ਕਈ ਦੇਸ਼ਾਂ 'ਚ ਇਸ 'ਤੇ ਪ੍ਰਰੀਖਣ ਚੱਲ ਰਹੇ ਹਨ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਂਦੀਆਂ ਸਰਦੀਆਂ ਤਕ ਵੈਕਸੀਨ ਬਾਜ਼ਾਰ 'ਚ ਆ ਸਕਦੀ ਹੈ। ਪਰ ਅਮਰੀਕੀਆਂ ਤਕ ਇਸ ਦੀ ਪਹੁੰਚ 'ਚ ਕਾਫ਼ੀ ਸਮਾਂ ਲੱਗ ਸਕਦਾ ਹੈ।

ਅਮਰੀਕੀ ਸਿਹਤ ਏਜੰਸੀ ਸੈਂਟਰ ਪਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਰੀਵੈਂਸ਼ਨ (ਸੀਡੀਸੀ) ਤੇ ਸਿਹਤ ਮਾਹਰਾਂ ਦੀ ਇਕ ਸਲਾਹਕਾਰ ਕਮੇਟੀ ਬੀਤੇ ਅਪ੍ਰਰੈਲ ਤੋਂ ਇਕ ਰੈਂਕਿੰਗ ਵਿਵਸਥਾ 'ਤੇ ਕੰਮ ਕਰ ਰਹੀ ਹੈ, ਜਿਸ ਤਹਿਤ ਸੀਨੀਅਰਤਾ ਦੇ ਆਧਾਰ 'ਤੇ ਵੈਕਸੀਨ ਦਿੱਤੀ ਜਾਵੇਗੀ। ਇਸ ਦੀ ਮੁੱਢਲੀ ਯੋਜਨਾ ਮੁਤਾਬਕ ਮਨਜ਼ੂਰੀ ਮਿਲਣ 'ਤੇ ਵੈਕਸੀਨ ਸਭ ਤੋਂ ਪਹਿਲਾਂ ਡਾਕਟਰੀ ਤੇ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਸੇਵਾਵਾਂ ਨਾਲ ਜੁੜੇ ਕਾਮਿਆਂ ਨੂੰ ਵੈਕਸੀਨ ਦਿੱਤੀ ਜਾਵੇਗੀ, ਜਿਨ੍ਹਾਂ ਨੂੰ ਕੋਰੋਨਾ ਮਹਾਮਾਰੀ ਤੋਂ ਵਧੇਰੇ ਖ਼ਤਰਾ ਸਮਿਝਆ ਜਾਵੇਗਾ। ਫਿਰ ਬਜ਼ੁਰਗਾਂ ਤੇ ਹੋਰ ਲੋਕਾਂ ਨੂੰ ਵੈਕਸੀਨ ਲਾਈ ਜਾਵੇਗੀ। ਏਜੰਸੀ ਦੇ ਅਧਿਕਾਰੀ ਤੇ ਸਲਾਹਕਾਰ ਸਿਆਹਫਾਮ ਤੇ ਲੈਟਿਨ ਲੋਕਾਂ ਬਾਰੇ ਕੁਝ ਬਦਲਾਂ 'ਤੇ ਵੀ ਵਿਚਾਰ ਕਰ ਰਹੇ ਹਨ। ਕਿਉਂਕਿ ਇਹ ਲੋਕ ਤੇਜ਼ੀ ਨਾਲ ਕੋਰੋਨਾ ਦੀ ਚਪੇਟ 'ਚ ਆ ਰਹੇ ਹਨ। ਹਾਲਾਂਕਿ ਇਹ ਬਦਲ ਵਿਵਾਦਤ ਬਣਦਾ ਜਾ ਰਿਹਾ ਹੈ। ਇਸ ਕਾਰਨ ਨਸਲੀ ਨਿਆ ਦਾ ਮੁੱਦਾ ਖੜ੍ਹਾ ਹੋ ਗਿਆ ਹੈ। ਸਲਾਹਕਾਰ ਕਮੇਟੀ ਦੇ ਨੁਮਾਇੰਦੇ ਤੇ ਟੀਕਾਕਰਨ ਪ੍ਰਬੰਧਕ ਸੰਘ ਦੇ ਡਾਇਰੈਕਟਰ ਕਲੇਅਰ ਹੰਨਾਨ ਨੇ ਕਿਹਾ ਕਿ ਅਸੀਂ ਕਿਸੇ ਹੋਰ ਨਹੀਂ ਨਹੀਂ ਬਲਕਿ ਮੁੱਢਲੀ ਯੋਜਨਾ 'ਤੇ ਅੱਗੇ ਵਧ ਰਹੇ ਹਾਂ। ਹਾਲਾਂਕਿ ਮੈਂ ਇਸ ਗੱਲ 'ਤੇ ਆਸਵੰਦ ਨਹੀਂ ਹਾਂ ਕਿ ਜਨ ਸਿਹਤ ਦੇ ਲਿਹਾਜ਼ ਨਾਲ ਵੈਕਸੀਨ ਨੂੰ ਕਿਸ ਤਰ੍ਹਾਂ ਦੇਖਿਆ ਜਾਵੇਗਾ। ਸੀਡੀਸੀ ਨਾਲ ਮਿਲ ਕੇ ਕੰਮ ਕਰ ਰਹੀ ਸਲਾਹਕਾਰ ਕਮੇਟੀ ਇਹ ਤੈਅ ਕਰਨ 'ਚ ਅਹਿਮ ਭੂਮਿਕਾ ਨਿਭਾਅ ਰਹੀ ਹੈ ਕਿ ਨਵੀਂ ਵੈਕਸੀਨ ਕਿਸ ਤਰ੍ਹਾਂ ਅਮਲ 'ਚ ਲਿਆਂਦੀ ਜਾਵੇ।