ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਸੰਕਟ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੂੰ ਲੰਬੇ ਹੱਥੀਂਂ ਲਿਆ ਹੈ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੀ ਇਸ ਏਜੰਸੀ 'ਤੇ ਚੀਨ ਦਾ ਬਹੁਤ ਜ਼ਿਆਦਾ ਪੱਖ ਲੈਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਸ ਤੋਂ ਬਹੁਤੇ ਲੋਕ ਨਾਖ਼ੁਸ਼ ਹਨ। ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਚੀਨ ਨੇ ਅਮਰੀਕੀਆਂ ਦੀ ਸਿਹਤ ਅਤੇ ਜ਼ਿੰਦਗੀ ਖ਼ਤਰੇ ਵਿਚ ਪਾ ਦਿੱਤੀ ਹੈ। ਅਮਰੀਕਾ ਵਿਚ ਹੁਣ ਤਕ ਕਰੀਬ 70 ਹਜ਼ਾਰ ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਿਲੇ ਹਨ ਅਤੇ ਇਕ ਹਜ਼ਾਰ ਤੋਂ ਜ਼ਿਆਦਾ ਦੀ ਮੌਤ ਹੋ ਚੁੱਕੀ ਹੈ।

ਟਰੰਪ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ 'ਚ ਇਕ ਸਵਾਲ ਦੇ ਜਵਾਬ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਡਬਲਯੂਐੱਚਓ ਚੀਨ ਦੀ ਬਹੁਤ ਜ਼ਿਆਦਾ ਤਰਫ਼ਦਾਰੀ ਕਰ ਰਿਹਾ ਹੈ। ਇਸ ਤੋਂ ਬਹੁਤੇ ਲੋਕ ਖ਼ੁਸ਼ ਨਹੀਂ ਹਨ। ਟਰੰਪ ਤੋਂ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਦੇ ਐੱਮਪੀ ਮਾਰਕੋ ਰੁਬਿਕੋ ਦੇ ਉਸ ਬਿਆਨ 'ਤੇ ਪ੍ਰਤੀਕਿਰਿਆ ਮੰਗੀ ਗਈ ਸੀ ਜਿਸ ਵਿਚ ਉਨ੍ਹਾਂ ਨੇ ਡਬਲਯੂਐੱਚਓ 'ਤੇ ਚੀਨ ਦਾ ਪੱਖ ਲੈਣ ਦਾ ਦੋਸ਼ ਲਗਾਇਆ ਸੀ। ਕਈ ਅਮਰੀਕੀ ਐੱਮਪੀਜ਼ ਨੇ ਕੋਰੋਨਾ ਵਾਇਰਸ ਨਾਲ ਨਿਪਟਣ 'ਚ ਚੀਨ ਦੀ ਤਾਰੀਫ਼ ਕਰਨ ਲਈ ਵੀ ਡਬਲਯੂਐੱਚਓ ਦੀ ਆਲੋਚਨਾ ਕੀਤੀ ਹੈ। ਐੱਮਪੀ ਗ੍ਰੇਗ ਸਟਯੂਬ ਨੇ ਦੋਸ਼ ਲਗਾਇਆ ਕਿ ਕੋਰੋਨਾ ਮਹਾਮਾਰੀ ਦੌਰਾਨ ਡਬਲਯੂਐੱਚਓ ਚੀਨ ਦਾ ਮੁੱਖ ਪੱਤਰ ਬਣ ਗਿਆ ਹੈ ਜਦਕਿ ਐੱਮਪੀ ਜੋਸ਼ ਹਾਲੇ ਨੇ ਕਿਹਾ ਕਿ ਦੋਵਾਂ ਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਅਮਰੀਕੀ ਸੰਸਦ 'ਚ ਇਸ ਗੱਲ ਨੂੰ ਲੈ ਕੇ ਵੀ ਚਰਚਾ ਸ਼ੁਰੂ ਹੋ ਗਈ ਕਿ ਕੋਰੋਨਾ ਮਹਾਮਾਰੀ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ ਕਿਉਂਕਿ ਉਸ ਨੇ ਜਾਣਕਾਰੀ ਲੁਕੋਈ। ਕੁਝ ਐੱਮਪੀਜ਼ ਨੇ ਇਹ ਮੰਗ ਕੀਤੀ ਹੈ ਕਿ ਅਮਰੀਕਾ ਅਤੇ ਦੁਨੀਆ ਨੂੰ ਹੋਏ ਨੁਕਸਾਨ ਦੀ ਚੀਨ ਭਰਪਾਈ ਕਰੇ।

ਸੋਸ਼ਲ ਡਿਸਟੈਂਸਿੰਗ ਨਾਲ ਹੌਲਾ ਪੈ ਰਿਹੈ ਵਾਇਰਸ

ਅਮਰੀਕਾ ਵਿਚ ਮਹਾਮਾਰੀ ਦਾ ਕੇਂਦਰ ਬਣੇ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਨੇ ਕਿਹਾ ਕਿ ਸੋਸ਼ਲ ਡਿਸਟੈਂਸਿੰਗ ਕਾਰਨ ਕੋਰੋਨਾ ਵਾਇਰਸ ਦਾ ਪਾਸਾਰ ਹੌਲੀ ਹੁੰਦਾ ਦਿਸ ਰਿਹਾ ਹੈ। ਅਮਰੀਕਾ ਵਿਚ ਨਿਊਯਾਰਕ ਸੂਬਾ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਇਕੱਲੇ ਇਸ ਸੂਬੇ ਵਿਚ ਹੀ 30 ਹਜ਼ਾਰ ਤੋਂ ਜ਼ਿਆਦਾ ਲੋਕ ਪੀੜਤ ਪਾਏ ਗਏ ਹਨ।

ਵਿਦੇਸ਼ 'ਚ ਅਮਰੀਕੀ ਫ਼ੌਜ ਦੀਆਂ ਸਰਗਰਮੀਆਂ 'ਤੇ ਰੋਕ

ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨੇ ਵਿਦੇਸ਼ ਵਿਚ ਤਾਇਨਾਤ ਅਮਰੀਕੀ ਫ਼ੌਜਾਂ ਅਤੇ ਰੱਖਿਆ ਕਰਮਚਾਰੀਆਂ ਦੀਆਂ ਸਰਗਰਮੀਆਂ 'ਤੇ 60 ਦਿਨਾਂ ਲਈ ਰੋਕ ਲਗਾਉਣ ਦਾ ਆਦੇਸ਼ ਦਿੱਤਾ ਹੈ। ਇਹ ਕਦਮ ਕੋਰੋਨਾ ਵਾਇਰਸ ਤੋਂ ਬਚਾਅ ਦੇ ਯਤਨ ਵਿਚ ਚੁੱਕਿਆ ਗਿਆ ਹੈ।