ਵਾਸ਼ਿੰਗਟਨ (ਏਐੱਫਪੀ) : ਵ੍ਹਾਈਟ ਹਾਊਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਹੋਣ ਵਾਲੀ ਮਹਾਦੋਸ਼ ਦੀ ਸੁਣਵਾਈ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਟਰੰਪ ਦੇ ਵਕੀਲ ਪੈਟ ਸਿਪੋਲੀਨ ਨੇ ਮਾਮਲੇ ਦੀ ਸੁਣਵਾਈ ਕਰ ਰਹੀ ਸੰਸਦੀ ਕਮੇਟੀ ਦੇ ਪ੍ਰਧਾਨ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਬੁੱਧਵਾਰ ਨੂੰ ਹੋਣ ਵਾਲੀ ਸੁਣਵਾਈ ਵਿਚ ਵ੍ਹਾਈਟ ਹਾਊਸ ਸ਼ਾਮਲ ਨਹੀਂ ਹੋਵੇਗਾ। ਇਹ ਸੁਣਵਾਈ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੀ ਨਿਆਇਕ ਕਮੇਟੀ ਕਰ ਰਹੀ ਹੈ। ਇਸ ਸਦਨ ਵਿਚ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਬਹੁਮਤ ਵਿਚ ਹੈ।

ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਦੇ ਵਕੀਲ ਸਿਪੋਲੋਨ ਨੇ ਕਮੇਟੀ ਦੇ ਡੈਮੋਕ੍ਰੇਟਿਕ ਪ੍ਰਧਾਨ ਜੇਰੀ ਨੈਡਲਰ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਸਾਥੋਂ ਸੁਣਵਾਈ ਵਿਚ ਹਿੱਸਾ ਲੈਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਅਜੇ ਤਕ ਗਵਾਹਾਂ ਦੇ ਨਾਂ ਤਕ ਨਹੀਂ ਦੱਸੇ ਗਏ ਹਨ। ਇਹ ਵੀ ਸਾਫ਼ ਨਹੀਂ ਹੈ ਕਿ ਕੀ ਨਿਆਇਕ ਕਮੇਟੀ ਸੁਣਵਾਈ ਵਿਚ ਨਿਰਪੱਖ ਪ੍ਰਕ੍ਰਿਆ ਦਾ ਪਾਲਣ ਵੀ ਕਰੇਗੀ। ਮੌਜੂਦ ਹਾਲਾਤ ਤਹਿਤ ਬੁੱਧਵਾਰ ਨੂੰ ਹੋਣ ਵਾਲੀ ਸੁਣਵਾਈ ਵਿਚ ਵ੍ਹਾਈਟ ਹਾਊਸ ਦਾ ਸ਼ਾਮਲ ਹੋਣ ਦਾ ਕੋਈ ਇਰਾਦਾ ਨਹੀਂ ਹੈ।

ਕਾਨੂੰਨੀ ਪੱਖ 'ਤੇ ਹੋਏਗਾ ਵਿਚਾਰ

ਨਿਆਇਕ ਕਮੇਟੀ ਦੀ ਇਸ ਸੁਣਵਾਈ ਵਿਚ ਟਰੰਪ ਖ਼ਿਲਾਫ਼ ਮਹਾਦੋਸ਼ ਦੇ ਕਾਨੂੰਨੀ ਪੱਖ 'ਤੇ ਵਿਚਾਰ ਕੀਤਾ ਜਾਏਗਾ। ਇਹ ਗ਼ੌਰ ਕੀਤਾ ਜਾਏਗਾ ਕਿ ਕੀ ਜਾਂਚ ਵਿਚ ਸ਼ਾਮਲ ਕੀਤੇ ਗਏ ਤੱਥ ਦੇਸ਼ਧ੍ਰੋਹ, ਰਿਸ਼ਵਤਖੋਰੀ ਜਾਂ ਦੂਜੇ ਗੰਭੀਰ ਅਪਰਾਧਾਂ ਜਾਂ ਅਣਉਚਿਤ ਆਚਰਣ ਦੇ ਆਧਾਰ 'ਤੇ ਸੰਵਿਧਾਨਕ ਰੂਪ ਨਾਲ ਮਹਾਦੋਸ਼ ਚਲਾਉਣ ਦੇ ਮਾਨਕਾਂ ਨੂੰ ਪੂਰਾ ਕਰਦੇ ਹਨ ਜਾਂ ਨਹੀਂ।

ਰਾਸ਼ਟਰਪਤੀ 'ਤੇ ਇਹ ਹੈ ਦੋਸ਼

ਟਰੰਪ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਅਗਲੇ ਸਾਲ ਨਵੰਬਰ ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣ ਵਿਚ ਆਪਣੇ ਸੰਭਾਵਿਤ ਡੈਮੋਕ੍ਰੇਟ ਵਿਰੋਧੀ ਜੋ ਬਿਡੇਨ ਨੂੰ ਬਦਨਾਮ ਕਰਨ ਲਈ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮਿਰ ਜੇਲੈਂਸਕੀ 'ਤੇ ਦਬਾਅ ਬਣਾਇਆ ਸੀ। ਜੇਲੈਂਸਕੀ ਨਾਲ 25 ਜੁਲਾਈ ਨੂੰ ਫੋਨ 'ਤੇ ਹੋਈ ਗੱਲਬਾਤ ਵਿਚ ਟਰੰਪ ਨੇ ਬਿਡੇਨ ਖ਼ਿਲਾਫ਼ ਜਾਂਚ ਸ਼ੁਰੂ ਕਰਨ ਨੂੰ ਕਿਹਾ ਸੀ। ਟਰੰਪ ਇਸ ਦੋਸ਼ ਤੋਂ ਇਨਕਾਰ ਕਰ ਚੁੱਕੇ ਹਨ।

ਦੋ ਵਾਰ ਤੈਅ ਕੀਤੀ ਗਈ ਸੀ ਸਮਾਂ ਹੱਦ

ਖ਼ਬਰ ਏਜੰਸੀ ਰਾਇਟਰ ਅਨੁਸਾਰ ਨਿਆਇਕ ਕਮੇਟੀ ਨੇ ਟਰੰਪ ਨੂੰ ਇਹ ਦੱਸਣ ਲਈ ਐਤਵਾਰ ਸ਼ਾਮ ਛੇ ਵਜੇ ਤਕ ਦਾ ਵਕਤ ਦਿੱਤਾ ਸੀ ਕਿ ਉਹ ਜਾਂ ਉਨ੍ਹਾਂ ਦੇ ਵਕੀਲ ਬੁੱਧਵਾਰ ਦੀ ਸੁਣਵਾਈ ਵਿਚ ਸ਼ਾਮਲ ਹੋਣਗੇ ਜਾਂ ਨਹੀਂ। ਇਸ ਤੋਂ ਪਹਿਲੇ ਕਮੇਟੀ ਨੇ ਇਸ ਬਾਰੇ ਵਿਚ ਟਰੰਪ ਦਾ ਰੁਖ਼ ਜਾਣਨ ਲਈ ਸ਼ੁੱਕਰਵਾਰ ਸ਼ਾਮ ਪੰਜ ਵਜੇ ਤਕ ਦੀ ਸਮਾਂ ਹੱਦ ਤੈਅ ਕੀਤੀ ਸੀ।