ਵਾਸ਼ਿੰਗਟਨ (ਏਜੰਸੀ) : ਅਮਰੀਕਾ ਦੀ ਪਹਿਲੀ ਹਿੰਦੂ ਸੰਸਦ ਮੈਂਬਰ ਤੁਲਸੀ ਗਬਾਰਡ ਇੰਡੋਨੇਸ਼ੀਆ 'ਚ ਹੋਣ ਵਾਲੇ ਫ਼ੌਜੀ ਅਭਿਆਸ 'ਚ ਹਿੱਸਾ ਲੈਣ ਲਈ ਆਪਣੀ ਚੋਣ ਮੁਹਿੰਮ ਤੋਂ ਦੋ ਹਫਤੇ ਦੀ ਛੁੱਟੀ ਲੈਣਗੇ। ਵਿਰੋਧੀ ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਉਮੀਦਵਾਰ ਬਣਨ ਦੀ ਦਾਅਵੇਦਾਰ ਸੰਸਦ ਮੈਂਬਰ ਤੁਲਸੀ ਨੇ ਸੋਮਵਾਰ ਨੂੰ ਕਿਹਾ, 'ਇੰਡੋਨੇਸ਼ੀਆ 'ਚ ਹੋਣ ਵਾਲੇ ਫ਼ੌਜੀ ਅਭਿਆਸ 'ਚ ਹਿੱਸਾ ਲੈਣ ਲਈ ਮੈਂ ਉਤਸ਼ਾਹਤ ਹਾਂ। ਇਹ ਅਭਿਆਸ ਅੱਤਵਾਦ ਵਿਰੋਧੀ ਅਤੇ ਆਫਤ ਮੈਨੇਜਮੈਂਟ 'ਤੇ ਕੇਂਦਰਿਤ ਹੈ।'

ਗਬਾਰਡ ਅਮਰੀਕੀ ਫ਼ੌਜ ਦੇ ਰਿਜ਼ਰਵ ਦਸਤੇ ਆਰਮੀ ਨੈਸ਼ਨਲ ਗਾਰਡ ਤਹਿਤ ਦੋ ਵਾਰੀ ਪੱਛਮੀ ਏਸ਼ੀਆ 'ਚ ਤਾਇਨਾਤ ਰਹਿ ਚੁੱਕੇ ਹਨ। 2004 ਤੋਂ 2005 ਤਕ ਉਨ੍ਹਾਂ ਨੇ ਇਰਾਕ 'ਚ ਆਪਣੀ ਸੇਵਾਵਾਂ ਦਿੱਤੀਆਂ ਸਨ। ਇਸ ਤੋਂ ਬਾਅਦ 2008 ਤੋਂ 2009 ਤਕ ਉਨ੍ਹਾਂ ਨੇ ਕੁਵੈਤ 'ਚ ਉੱਥੋਂ ਦੀ ਫ਼ੌਜ ਦੇ ਨਾਲ ਕੰਮ ਕੀਤਾ ਸੀ। ਫ਼ੌਜੀ ਅਭਿਆਸ ਅਭਿਆਸ 'ਚ ਹਿੱਸਾ ਲੈਣ ਲਈ 2017 'ਚ ਵੀ ਉਨ੍ਹਾਂ ਨੇ ਦੋ ਹਫਤੇ ਦੀ ਛੁੱਟੀ ਲਈ ਸੀ। ਪਰ ਇਸ ਵਾਰੀ ਉਹ ਅਜਿਹੇ ਸਮੇਂ 'ਤੇ ਛੁੱਟੀ ਲੈ ਰਹੇ ਹਨ ਜਦੋਂ 2020 ਦੀ ਰਾਸ਼ਟਰਪਤੀ ਚੋਣ ਲਈ ਚੱਲ ਰਹੀ ਮੁਹਿੰਮ ਰਫ਼ਤਾਰ ਫੜ ਰਹੀ ਹੈ। ਇਸ ਚੋਣ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਟੱਕਰ ਦੇਣ ਲਈ 20 ਤੋਂ ਜ਼ਿਆਦਾ ਨੇਤਾ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਬਣਨ ਦੀ ਰੇਸ 'ਚ ਸ਼ਾਮਲ ਹਨ। ਮੁਹਿੰਮ ਛੱਡਣ 'ਤੇ ਗਬਾਰਡ ਨੇ ਕਿਹਾ, 'ਮੈਂ ਆਪਣੇ ਦੇਸ਼ ਨਾਲ ਪਿਆਰ ਕਰਦੀ ਹਾਂ। ਮੈਂ ਕਿਸੇ ਵੀ ਤਰ੍ਹਾਂ ਨਾਲ ਦੇਸ਼ ਦੀ ਸੇਵਾ ਲਈ ਤੱਤਪਰ ਹਾਂ। ਮੈਨੂੰ ਨਹੀਂ ਪਤਾ ਇਸ ਨਾਲ ਮੇਰੀ ਮੁਹਿੰਮ 'ਤੇ ਕੀ ਅਸਰ ਪਵੇਗਾ।' ਜ਼ਿਕਰਯੋਗ ਹੈ ਕਿ ਦੂਜੀ ਪ੍ਰਾਇਮਰੀ ਬਹਿਸ 'ਚ ਚੰਗਾ ਪ੍ਰਦਰਸ਼ਨ ਕਰਨ ਤੋਂ ਬਾਅਦ ਵੀ ਗਬਾਰਡ ਹਾਲੇ ਤੀਜੀ ਬਹਿਸ ਲਈ ਉਚਿਤ ਸਮਰਥਨ ਹਾਸਲ ਨਹੀਂ ਕਰ ਪਾਏ। ਇਕ ਰਿਪੋਰਟ ਮੁਤਾਬਕ, ਉਨ੍ਹਾਂ ਕੋਲ ਸਿਰਫ਼ ਇਕ ਫੀਸਦੀ ਲੋਕਾਂ ਦੀ ਹਮਾਇਤ ਹੈ।