ਰਿਕਜਵਿਕ (ਏਜੰਸੀ) : ਜਲਵਾਯੂ ਪਰਿਵਰਤਨ ਕਾਰਨ ਠੰਢੇ ਮੌਸਮ ਵਾਲੇ ਆਈਸਲੈਂਡ ਦੇ ਸਮੁੰਦਰੀ ਖੇਤਰ ਦਾ ਤਾਪਮਾਨ ਵੱਧਦਾ ਜਾ ਰਿਹਾ ਹੈ। ਨਤੀਜੇ ਵਜੋਂ ਮੱਛੀਆਂ ਦੀਆਂ ਕਈ ਕਿਸਮਾਂ ਇਸ ਟਾਪੂਨੁਮਾ ਦੇਸ਼ ਤੋਂ ਦੂਰ ਜਾ ਰਹੀਆਂ ਹਨ। ਇਸ ਨਾਲ ਇਥੋਂ ਦੇ ਮੱਛੀਆਂ ਦੇ ਕਾਰੋਬਾਰ 'ਤੇ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ।

ਖੋਜਕਰਤਾਵਾਂ ਅਨੁਸਾਰ ਆਈਸਲੈਂਡ ਚਾਰਾਂ ਪਾਸਿਆਂ ਤੋਂ ਸਮੁੰਦਰ ਨਾਲ ਘਿਰਿਆ ਹੈ। ਜਲਵਾਯੂ ਪਰਿਵਰਤਨ ਕਾਰਨ ਇਸ ਦੇ ਸਮੁੰਦਰ ਦਾ ਪਾਣੀ ਗਰਮ ਹੁੰਦਾ ਜਾ ਰਿਹਾ ਹੈ। ਪਿਛਲੇ 20 ਸਾਲਾਂ ਦੌਰਾਨ ਇਸ ਖੇਤਰ ਦੇ ਸਮੁੰਦਰ ਦੇ ਤਾਪਮਾਨ ਵਿਚ 1.8 ਤੋਂ 3.6 ਡਿਗਰੀ ਫਾਰਨਹੀਟ ਤਕ ਦਾ ਵਾਧਾ ਹੋਇਆ ਹੈ। ਆਈਸਲੈਂਡ ਯੂਨੀਵਰਸਿਟੀ ਵਿਚ ਐਂਥਰੋਪੋਲੋਜੀ ਦੇ ਪ੍ਰਰੋਫੈਸਰ ਗਿਸਲੀ ਪਲਸਨ ਨੇ ਕਿਹਾ ਕਿ ਮੱਛੀਆਂ ਨੇ ਸਾਨੂੰ ਖ਼ੁਸ਼ਹਾਲ ਬਣਾਇਆ ਪਰ ਜਲਵਾਯੂ ਪਰਿਵਰਤਨ ਕਾਰਨ ਪਾਣੀ ਗਰਮ ਹੋਣ ਨਾਲ ਕੁਝ ਮੱਛੀਆਂ ਠੰਢੇ ਪਾਣੀ ਦੀ ਭਾਲ ਵਿਚ ਦੂਜੇ ਪਾਸੇ ਰੁਖ਼ ਕਰ ਰਹੀਆਂ ਹਨ। ਇਕ ਹੋਰ ਖੋਜਕਰਤਾ ਕੇਰੀ ਥੀਰ ਜੌਨਸਨ ਨੇ ਕਿਹਾ ਕਿ ਮੱਛੀਆਂ ਉੱਤਰ ਵੱਲ ਜਾ ਰਹੀਆਂ ਹਨ ਜਿਥੇ ਸਮੁੰਦਰ ਦਾ ਪਾਣੀ ਠੰਢਾ ਹੈ। ਮੱਛੀਆਂ ਫੜਨ ਦੀ ਇਕ ਕਿਸ਼ਤੀ ਦੇ ਕੈਪਟਨ ਪੀਟਰ ਬਿਰਗਿਸਨ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੋਇਆ ਕਿ ਪਿਛਲੀ ਸਰਦੀ ਵਿਚ ਇਕ ਵੀ ਮੱਛੀ ਨਹੀਂ ਫੜੀ ਗਈ ਕਿਉਂਕਿ ਉਹ ਇਥੋਂ ਜਾ ਚੁੱਕੀਆਂ ਹਨ।

ਕੇਪਲਿਨ ਮੱਛੀ ਜ਼ਿਆਦਾ ਪ੍ਰਭਾਵਿਤ

ਤਾਪਮਾਨ ਵਧਣ ਨਾਲ ਆਈਸਲੈਂਡ ਦੇ ਸਮੁੰਦਰ ਵਿਚ ਵੱਡੀ ਗਿਣਤੀ ਵਿਚ ਪਾਈ ਜਾਣ ਵਾਲੀ ਕੇਪਲਿਨ ਕਿਸਮ ਦੀ ਮੱਛੀ ਪ੍ਰਭਾਵਿਤ ਹੋਈ ਹੈ। ਠੰਢੇ ਪਾਣੀ ਵਿਚ ਪਾਈ ਜਾਣ ਵਾਲੀ ਇਹ ਮੱਛੀ ਇਸ ਖੇਤਰ ਤੋਂ ਇਕ ਤਰ੍ਹਾਂ ਨਾਲ ਗ਼ਾਇਬ ਹੁੰਦੀ ਜਾ ਰਹੀ ਹੈ। ਇਸੇ ਕਾਰਨ ਕਰ ਕੇ ਇਸ ਮੱਛੀ ਦੇ ਫੜਨ 'ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਆਈਸਲੈਂਡ ਤੋਂ ਦੂਜੀ ਸਭ ਤੋਂ ਜ਼ਿਆਦਾ ਬਰਾਮਦ ਹੋਣ ਵਾਲੀ ਮੱਛੀ ਹੈ। ਬਲੂ ਹ੍ਹਾਈਟਿੰਗ ਮੱਛੀ ਵੀ ਗ੍ਰੀਨਲੈਂਡ ਦੇ ਨੇੜਲੇ ਸਮੁੰਦਰ ਵੱਲ ਜਾ ਰਹੀ ਹੈ।

2017 'ਚ ਰਿਹਾ ਇਕ ਹਜ਼ਾਰ ਕਰੋੜ ਦਾ ਕਾਰੋਬਾਰ

ਯੂਰਪੀ ਦੇਸ਼ ਆਈਸਲੈਂਡ ਉੱਤਰੀ ਐਟਲਾਂਟਿਕ ਵਿਚ ਸਥਿਤ ਹੈ। ਇਸ ਨੂੰ 1944 ਵਿਚ ਡੈਨਮਾਰਕ ਤੋਂ ਆਜ਼ਾਦੀ ਮਿਲੀ ਸੀ। ਸਾਢੇ ਤਿੰਨ ਲੱਖ ਤੋਂ ਜ਼ਿਆਦਾ ਆਬਾਦੀ ਵਾਲੇ ਇਸ ਟਾਪੂਨੁਮਾ ਦੇਸ਼ ਦੀ ਉੱਨਤੀ ਵਿਚ ਮੱਛੀਆਂ ਦੇ ਕਾਰੋਬਾਰ ਦਾ ਵੱਡਾ ਯੋਗਦਾਨ ਹੈ ਪ੍ਰੰਤੂ ਇਸ ਠੰਢੇ ਖੇਤਰ 'ਤੇ ਜਲਵਾਯੂ ਪਰਿਵਰਤਨ ਦਾ ਅਸਰ ਪੈ ਰਿਹਾ ਹੈ। 2017 ਵਿਚ ਆਈਸਲੈਂਡ ਦੇ ਸਭ ਤੋਂ ਵੱਡੇ ਤੱਟੀ ਇਲਾਕੇ ਲੈਂਡਸਬੈਂਕਇਨ ਤੋਂ 14.3 ਕਰੋੜ ਡਾਲਰ (ਕਰੀਬ ਇਕ ਹਜ਼ਾਰ ਕਰੋੜ ਰੁਪਏ) ਦੀ ਕੇਪਲਿਨ ਮੱਛੀ ਵੇਚੀ ਗਈ ਸੀ।