ਨਿਊਯਾਰਕ (ਏਜੰਸੀਆਂ) : ਅਮਰੀਕਾ ਦੇ ਨਿਊਯਾਰਕ 'ਚ ਹਸਪਤਾਲਾਂ ਵਿਚ ਦਾਖ਼ਲ ਕੋਰੋਨਾ ਮਰੀਜ਼ਾਂ ਨੂੰ ਡਾਕਟਰ ਵਿਟਾਮਿਨ ਸੀ ਦੀ ਵੱਡੀ ਡੋਜ਼ ਦੇ ਰਹੇ ਹਨ। ਸਰੀਰ ਦਾ ਇਮਿਊਨ ਸਿਸਟਮ ਮਜ਼ਬੂਤ ਕਰਨ ਵਾਲੀ ਵਿਟਾਮਿਨ ਸੀ ਦਾ ਚੀਨ ਦੇ ਡਾਕਟਰਾਂ ਨੇ ਵੀ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਨ ਵਿਚ ਧੜੱਲੇ ਨਾਲ ਇਲਾਜ ਕੀਤਾ ਸੀ। ਇਸ ਦੇ ਨਤੀਜੇ ਵੀ ਚੰਗੇ ਆਏ ਸਨ।

ਨਿਊਯਾਰਕ ਦੇ ਨਾਰਥਵੈੱਲ ਹੈਲਥ ਹਸਪਤਾਲ ਦੇ ਡਾ. ਐਂਡਰਿਊ ਵੇੈਬਰ ਨੇ ਦੱਸਿਆ ਕਿ ਉਹ ਕੋਰੋਨਾ ਦੇ ਗੰਭੀਰ ਮਰੀਜ਼ਾਂ ਦਾ ਇਲਾਜ ਸ਼ੁਰੂ ਹੁੰਦੇ ਹੀ 1,500 ਐੱਮਜੀ ਵਿਟਾਮਿਨ ਸੀ ਦੀ ਡੋਜ਼ ਦਿੰਦੇ ਹਨ। ਇਸ ਪਿੱਛੋਂ ਦਿਨ ਵਿਚ ਤਿੰਨ ਤੋਂ ਚਾਰ ਵਾਰ ਹੋਰ ਵਿਟਾਮਿਨ ਸੀ ਦੀ ਖੁਰਾਕ ਸਰੀਰ ਵਿਚ ਪਹੁੰਚਾਈ ਜਾਂਦੀ ਹੈ। ਦਰਅਸਲ ਵਿਟਾਮਿਨ ਸੀ ਦੀ ਜ਼ਿਆਦਾ ਖੁਰਾਕ ਦੇਣ ਦਾ ਕੰਮ ਵੁਹਾਨ ਦੇ ਝੋਂਗਨਨ ਹਸਪਤਾਲ ਦੇ ਡਾਕਟਰਾਂ ਨੇ ਸ਼ੁਰੂ ਕੀਤਾ ਸੀ। ਡਾਕਟਰਾਂ ਨੇ ਦੇਖਿਆ ਕਿ ਜਿਨ੍ਹਾਂ ਮਰੀਜ਼ਾਂ ਨੂੰ ਹੋਰ ਦਵਾਈਆਂ ਨਾਲ ਵਿਟਾਮਿਨ ਸੀ ਦੀ ਮਾਤਰਾ ਦਿੱਤੀ ਗਈ ਉਨ੍ਹਾਂ ਦੀ ਰਿਕਵਰੀ ਵਿਟਾਮਿਨ ਸੀ ਨਾ ਲੈਣ ਵਾਲਿਆਂ ਤੋਂ ਬਿਹਤਰ ਰਹੀ।

ਚੀਨੀ ਡਾਕਟਰਾਂ ਦੇ ਇਸ ਅਨੁਭਵ 'ਤੇ ਅਮਰੀਕੀ ਡਾਕਟਰ ਵੀ ਅਮਲ ਕਰ ਰਹੇ ਹਨ। ਡਾਕਟਰ ਵੈਬਰ ਨੇ ਆਪਣੇ ਅਨੁਭਵਾਂ ਨੂੰ ਸਾਂਝਾ ਕਰਦੇ ਹੋਏ ਦੱਸਿਆ ਕਿ ਅਮਰੀਕਾ ਵਿਚ ਇਕ ਬਾਲਗ ਮਰਦ ਨੂੰ 90 ਅਤੇ ਔਰਤ ਨੂੰ 75 ਮਿਲੀਗ੍ਰਾਮ ਰੋਜ਼ਾਨਾ ਵਿਟਾਮਿਨ ਸੀ ਦੀ ਲੋੜ ਹੁੰਦੀ ਹੈ ਪ੍ਰੰਤੂ ਇਕ ਕੋਰੋਨਾ ਮਰੀਜ਼ ਨੂੰ ਇਸ ਮਾਤਰਾ ਦੀ 16 ਗੁਣਾ ਖੁਰਾਕ ਇਕ ਵਾਰ ਵਿਚ ਦਿੱਤੀ ਜਾ ਰਹੀ ਹੈ।

ਡਾ. ਵੈਬਰ ਨੇ ਦੱਸਿਆ ਕਿ ਕੋਰੋਨਾ ਦੇ ਮਰੀਜ਼ਾਂ ਨੂੰ ਵਿਟਾਮਿਨ ਸੀ ਦੇ ਨਾਲ ਮਲੇਰੀਆ ਦੀ ਦਵਾਈ ਹਾਈਡ੍ਰਾਕਸੀਕਲੋਰੋਕਵੀਨ ਅਤੇ ਐਂਟੀਬਾਇਓਟਿਕ ਏਜੀਥ੍ਰੋਮਾਈਸੀਨ ਦਿੱਤੀ ਜਾ ਰਹੀ ਹੈ। ਇਸ ਦੇ ਇਲਾਵਾ ਖ਼ੂਨ ਨੂੰ ਪਤਲਾ ਕਰਨ ਦੀ ਵੀ ਦਵਾਈ ਦਿੱਤੀ ਜਾ ਰਹੀ ਹੈ। ਡਾ. ਵੈਬਰ ਅਨੁਸਾਰ ਕੋਰੋਨਾ ਇਨਫੈਕਸ਼ਨ ਦਾ ਜਦੋਂ ਜ਼ਿਆਦਾ ਕਹਿਰ ਹੁੰਦਾ ਹੈ ਤਾਂ ਸਰੀਰ ਵਿਚ ਸੈਪਸਿਸ ਬਣ ਜਾਂਦਾ ਹੈ। ਇਹ ਸਰੀਰ 'ਚ ਵਿਟਾਮਿਨ ਸੀ ਦੀ ਇਕਦਮ ਕਮੀ ਕਰ ਦਿੰਦਾ ਹੈ। ਇਸ ਨੂੰ ਦਰੁਸਤ ਕਰਨ ਲਈ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਮਰੀਜ਼ ਨੂੰ ਦਿੱਤੀ ਜਾਂਦੀ ਹੈ। ਨਾਰਥਵੈੱਲ ਹੈਲਥ ਸਮੂਹ ਦੇ ਬੁਲਾਰੇ ਜੈਸਨ ਮੋਲੀਨੇਟ ਨੇ ਦੱਸਿਆ ਕਿ ਕੋਰੋਨਾ ਮਰੀਜ਼ਾਂ ਦੇ ਇਲਾਜ 'ਚ ਵਿਟਾਮਿਨ ਸੀ ਦੀ ਧੜੱਲੇ ਨਾਲ ਵਰਤੋਂ ਹੋ ਰਹੀ ਹੈ। ਇਸ ਸਮੂਹ ਦੇ ਰਾਜ ਭਰ 'ਚ 23 ਵੱਡੇ ਹਸਪਤਾਲ ਸੰਚਾਲਿਤ ਹਨ। ਇਨ੍ਹਾਂ ਵਿਚ 700 ਤੋਂ ਜ਼ਿਆਦਾ ਕੋਰੋਨਾ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕਿੰਨਿਆਂ ਨੂੰ ਹੋਰ ਦਵਾਈਆਂ ਨਾਲ ਵਿਟਾਮਿਨ ਸੀ ਵੀ ਦਿੱਤੀ ਜਾ ਰਹੀ ਹੈ। ਇਸ ਸਮੇਂ ਨਿਊਯਾਰਕ ਵਿਚ ਕੋਰੋਨਾ ਦੇ 25,665 ਜਿਨ੍ਹਾਂ 'ਚ ਨਿਊਯਾਰਕ ਸ਼ਹਿਰ 'ਚ ਇਕੱਲੇ 14,904 ਮਾਮਲੇ ਹਨ।

ਅਮਰੀਕਾ ਦੀ ਯੂਐੱਸ ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਨ ਅਨੁਸਾਰ ਵੁਹਾਨ ਦੇ ਝੋਂਗਨਨ ਹਸਪਤਾਲ ਵਿਚ 14 ਫਰਵਰੀ ਤੋਂ ਵਿਟਾਮਿਨ ਸੀ ਦੇ ਟ੍ਰਾਇਲ ਚੱਲ ਰਹੇ ਹਨ। ਇਸ ਬਾਰੇ ਵਿਚ ਸਤੰਬਰ ਤਕ ਹੀ ਟ੍ਰਾਇਲ ਬਾਰੇ ਪੂਰੀ ਰਿਪੋਰਟ ਮਿਲ ਸਕੇਗੀ।