ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਵਿਚ ਰਾਸ਼ਟਰੀ ਪ੍ਰਾਰਥਨਾ ਦਿਵਸ 'ਤੇ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ 'ਚ ਇਕ ਹਿੰਦੂ ਪੁਰੋਹਿਤ ਨੇ ਪਵਿੱਤਰ ਸ਼ਾਂਤੀ ਪਾਠ ਕਰਵਾਇਆ। ਕੋਰੋਨਾ ਮਹਾਮਾਰੀ ਤੋਂ ਪ੍ਰਭਾਵਿਤ ਹਰੇਕ ਵਿਅਕਤੀ ਦੀ ਸਿਹਤ, ਸੁਰੱਖਿਆ ਅਤੇ ਤੰਦਰੁਸਤੀ ਲਈ ਇਹ ਸ਼ਾਂਤੀ ਪਾਠ ਕੀਤਾ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਦੇ 'ਤੇ ਨਿਊਜਰਸੀ ਦੇ ਰਾਬਿਨਸਵਿਲੇ ਸਥਿਤ ਬੀਏਪੀਐੱਸ ਸਵਾਮੀਨਾਰਾਇਣ ਮੰਦਰ ਦੇ ਪੁਰੋਹਿਤ ਹਰੀਸ਼ ਬ੍ਰਹਮਭੱਟ ਪ੍ਰਾਰਥਨਾ ਕਰਵਾਉਣ ਲਈ ਹੋਰ ਧਰਮਾਂ ਦੇ ਵਿਦਵਾਨਾਂ ਨਾਲ ਵ੍ਹਾਈਟ ਹਾਊਸ ਪੁੱਜੇ ਸਨ। ਰਾਬਿਨਸਵਿਲੇ ਸਥਿਤ ਸਵਾਮੀਨਾਰਾਇਣ ਮੰਦਰ ਭਾਰਤ ਦੇ ਬਾਹਰ ਇਸ ਸੰਪਰਦਾਇ ਦੇ ਸਭ ਤੋਂ ਵੱਡੇ ਮੰਦਰਾਂ 'ਚੋਂ ਇਕ ਹੈ।

ਸੰਸਕ੍ਰਿਤ 'ਚ ਮੰਤਰ ਉਚਾਰਣ ਤੋਂ ਪਹਿਲੇ ਹਰੀਸ਼ ਬ੍ਰਹਮਭੱਟ ਨੇ ਆਪਣੇ ਸੰਖੇਪ ਸੰਬੋਧਨ 'ਚ ਕਿਹਾ ਕਿ ਕੋਰੋਨਾ ਦੇ ਇਸ ਸੰਕਟ ਕਾਲ 'ਚ ਸਰੀਰਕ ਦੂਰੀ ਤੇ ਲਾਕਡਾਊਨ ਤੋਂ ਲੋਕਾਂ ਦਾ ਚਿੰਤਤ ਹੋਣਾ ਸਾਧਾਰਨ ਗੱਲ ਨਹੀਂ ਹੈ। ਸ਼ਾਂਤੀ ਪਾਠ ਅਜਿਹੀ ਪ੍ਰਾਰਥਨਾ ਹੈ ਜੋ ਸੰਸਾਰਕ ਧਨ-ਦੌਲਤ, ਸਫਲਤਾ, ਪ੍ਰਸਿੱਧੀ ਜਾਂ ਸਵਰਗ ਜਾਣ ਵਰਗੀ ਕਿਸੇ ਕਾਮਨਾ ਲਈ ਨਹੀਂ ਕੀਤੀ ਜਾਂਦੀ। ਇਹ ਸ਼ਾਂਤੀ ਲਈ ਕੀਤੀ ਜਾਣ ਵਾਲੀ ਖ਼ੂਬਸੂਰਤ ਹਿੰਦੂ ਪ੍ਰਾਰਥਨਾ ਹੈ। ਇਹ ਵੈਦਿਕ ਪ੍ਰਾਰਥਨਾ ਹੈ ਜਿਸ ਦਾ ਵਰਣਨ ਯਜੁਰਵੈਦ ਵਿਚ ਕੀਤਾ ਗਿਆ ਹੈ। ਉਨ੍ਹਾਂ ਇਸ ਦਾ ਅੰਗਰੇਜ਼ੀ ਵਿਚ ਅਨੁਵਾਦ ਕਰ ਕੇ ਵੀ ਸੁਣਾਇਆ। ਬ੍ਰਹਮਭੱਟ ਨੇ ਕਿਹਾ ਕਿ ਸ਼ਾਂਤੀ ਲਈ ਪ੍ਰਾਰਥਨਾ ਦੀ ਆਵਾਜ਼ ਸਵਰਗ ਤਕ ਜਾਂਦੀ ਹੈ। ਆਕਾਸ਼ ਅਤੇ ਧਰਤੀ ਵਿਚ ਸ਼ਾਂਤੀ ਹੋਵੇ, ਪਾਣੀ ਵਿਚ ਸ਼ਾਂਤੀ ਹੋਵੇ, ਜੜ੍ਹੀ-ਬੂਟੀਆਂ ਅਤੇ ਦਰੱਖਤਾਂ 'ਤੇ ਸ਼ਾਂਤੀ ਹੋਵੇ। ਸਾਰੀਆਂ ਫ਼ਸਲਾਂ ਵਿਚ ਸ਼ਾਂਤੀ ਹੋਵੇ। ਓਮ ਸ਼ਾਂਤੀ, ਸ਼ਾਂਤੀ, ਸ਼ਾਂਤੀ।

ਸ਼ਾਂਤੀ ਪਾਠ ਖ਼ਤਮ ਹੋਣ ਦੇ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਰੀਸ਼ ਬ੍ਰਹਮਭੱਟ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਸਮੇਂ ਅਮਰੀਕਾ ਬਹੁਤ ਹੀ ਭਿਆਨਕ ਬਿਮਾਰੀ ਨਾਲ ਜੰਗ ਲੜ ਰਿਹਾ ਹੈ। ਜਦੋਂ ਵੀ ਕੋਈ ਸੰਕਟ ਜਾਂ ਚੁਣੌਤੀ ਆਈ ਹੈ ਤਾਂ ਸਾਡੇ ਲੋਕਾਂ ਨੇ ਆਸਥਾ, ਪ੍ਰਾਰਥਨਾ ਦੀ ਸ਼ਕਤੀ ਅਤੇ ਭਗਵਾਨ ਦੀ ਅਨੰਤ ਮਹਿਮਾ ਵਿਚ ਵਿਸ਼ਵਾਸ ਪ੍ਰਗਟ ਕੀਤਾ ਹੈ। ਮੈਂ ਸਾਰੇ ਅਮਰੀਕੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਦਿਲ ਤੋਂ ਪ੍ਰਾਰਥਨਾ ਕਰਨ।

ਪ੍ਰਥਮ ਮਹਿਮਾ ਮੇਲਾਨੀਆ ਨੇ ਪ੍ਰਗਟਾਈ ਹਮਦਰਦੀ

ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਨੇ ਇਸ ਮੌਕੇ ਉਨ੍ਹਾਂ ਲੋਕਾਂ ਪ੍ਰਤੀ ਹਮਦਰਦੀ ਪ੍ਰਗਟਾਈ ਜਿਨ੍ਹਾਂ ਨੇ ਇਸ ਮਹਾਮਾਰੀ ਵਿਚ ਆਪਣੇ ਪਿਆਰਿਆਂ ਨੂੰ ਗੁਆ ਲਿਆ ਹੈ। ਉਨ੍ਹਾਂ ਕਿਹਾ ਕਿ ਆਉ, ਅਸੀਂ ਉਨ੍ਹਾਂ ਲੋਕਾਂ ਲਈ ਪ੍ਰਾਰਥਨਾ ਕਰੀਏ ਜੋ ਪੀੜਤ ਹਨ ਅਤੇ ਜੋ ਅਗਲੇ ਮੋਰਚੇ 'ਤੇ ਸੇਵਾ ਕਰ ਰਹੇ ਹਨ। ਸਭ ਤੋਂ ਪਹਿਲੇ 1863 ਵਿਚ ਰਾਸ਼ਟਰਪਤੀ ਅਬਰਾਹਿਮ ਲਿੰਕਨ ਨੇ ਅਮਰੀਕੀਆਂ ਨੂੰ ਸਮੂਹਿਕ ਪ੍ਰਾਰਥਨਾ ਦਾ ਸੱਦਾ ਦਿੱਤਾ ਸੀ। ਇਸ ਪਿੱਛੋਂ 1952 ਤੋਂ ਹਰ ਰਾਸ਼ਟਰਪਤੀ ਰਾਸ਼ਟਰੀ ਪ੍ਰਾਰਥਨਾ ਦਿਵਸ ਦਾ ਸੱਦਾ ਦਿੰਦਾ ਰਿਹਾ ਹੈ।

Posted By: Rajnish Kaur