ਨਿਊਯਾਰਕ (ਪੀਟੀਆਈ) : ਅਮਰੀਕਾ 'ਚ ਭਾਰਤੀ ਮੂਲ ਦੇ ਮਸ਼ਹੂਰ ਲੇਖਕ ਤੇ ਨਾਟਕਕਾਰ ਵੇਦ ਮਹਿਤਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ 86 ਸਾਲਾਂ ਦੀ ਉਮਰ 'ਚ ਨਿਊਯਾਰਕ ਸਥਿਤ ਆਪਣੇ ਨਿਵਾਸ 'ਤੇ ਆਖਰੀ ਸਾਹ ਲਿਆ। ਦਿ੍ਸ਼ਟੀਹੀਣਤਾ ਨੂੰ ਮਾਤ ਦੇਣ ਵਾਲੇ ਮਹਿਤਾ ਨੇ ਆਪਣੀ ਲਿਖਣ ਕਲਾ ਜ਼ਰੀਏ ਅਮਰੀਕੀ ਪਾਠਕਾਂ ਨੂੰ ਭਾਰਤ ਬਾਰੇ ਦੱਸਿਆ ਸੀ।

'ਦ ਨਿਊਯਾਰਕਰ ਮੈਗਜ਼ੀਨ' ਨੇ ਮਹਿਤਾ ਦੇ ਦੇਹਾਂਤ ਦੀ ਸੂਚਨਾ ਦਿੱਤੀ। ਉਨ੍ਹਾਂ ਇਸ ਮੈਗਜ਼ੀਨ 'ਚ 33 ਸਾਲਾਂ ਤਕ ਲਿਖਣ ਦਾ ਕੰਮ ਕੀਤਾ ਸੀ। ਸਾਲ 1934 'ਚ ਲਾਹੌਰ ਦੇ ਇਕ ਪੰਜਾਬੀ ਪਰਿਵਾਰ 'ਚ ਜਨਮੇ ਮਹਿਤਾ ਦੀਆਂ ਅੱਖਾਂ ਦੀ ਰੋਸ਼ਨੀ ਸਿਰਫ਼ ਤਿੰਨ ਸਾਲਾਂ 'ਚ ਮੈਨਿੰਜਾਇਟਸ ਬਿਮਾਰੀ ਦੇ ਕਾਰਨ ਚਲੀ ਗਈ ਸੀ। ਉਨ੍ਹਾਂ ਨੇ 'ਵਰਕਿੰਗ ਦ ਇੰਡੀਅਨ ਸਟਰੀਟ', 'ਪੋਟ੍ਰੇਟ ਆਫ ਇੰਡੀਆ' ਤੇ 'ਮਹਾਤਮਾ ਗਾਂਧੀ ਐਂਡ ਹਿਜ਼ ਐਪੋਸਟਲਸ' ਵਰਗੇ ਮਸ਼ਹੂਰ ਕੰਮਾਂ ਦੀ ਰਚਨਾ ਕੀਤੀ ਸੀ। ਮਹਿਤਾ ਨੇ 24 ਕਿਤਾਬਾਂ ਲਿਖੀਆਂ। ਸਾਲ 1960 'ਚ ਭਾਰਤ ਯਾਤਰਾ 'ਤੇ ਉਨ੍ਹਾਂ ਦਾ ਪਹਿਲਾ ਲੇਖ 'ਦ ਨਿਊਯਾਰਕਰ ਮੈਗਜ਼ੀਨ 'ਚ ਛਪਿਆ ਸੀ। 1961 'ਚ ਇਸ ਮੈਗਜ਼ੀਨ ਦੇ ਸੰਪਾਦਕ ਨੇ ਉਨ੍ਹਾਂ ਨੂੰ ਬਤੌਰ ਲੇਖਕ ਕੰਮ 'ਤੇ ਰੱਖਿਆ ਸੀ।