ਨਿਊਯਾਰਕ (ਪੀਟੀਆਈ) : ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਭਾਰਤ ਦੀ ਪਿਛਲੇ ਸਾਲ ਸ਼ਾਂਤੀ ਸੈਨਿਕਾਂ ਲਈ ਮੁਫ਼ਤ ਦਿੱਤੀ ਗਈ ਦੋ ਲੱਖ ਵੈਕਸੀਨ ਦੀ ਖ਼ੁਰਾਕ ਸਾਰੇ ਸ਼ਾਂਤੀ ਸੈਨਿਕਾਂ ਨੂੰ ਲੱਗ ਚੁੱਕੀ ਹੈ। ਹੁਣ ਵੈਕਸੀਨ ਦੀ ਨਵੀਂ ਮੰਗ ਆਉਣ ਤੋਂ ਬਾਅਦ ਤਿੰਨ ਲੱਖ ਵੈਕਸੀਨ ਦੀ ਖ਼ੁਰਾਕ ਚੀਨ ਤੋਂ ਮੰਗਵਾਈ ਗਈ ਹੈ।

ਸੰਯੁਕਤ ਰਾਸ਼ਟਰ ਸਕੱਤਰ ਜਨਰਲ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਤੋਂ ਪਿਛਲੇ ਸਾਲ ਦੀ ਸ਼ੁਰੂਆਤ 'ਚ ਹੀ ਦੋ ਲੱਖ ਵੈਕਸੀਨ ਡੋਜ਼ ਸ਼ਾਂਤੀ ਸੈਨਿਕਾਂ ਲਈ ਮਿਲੇ ਸਨ। ਭਾਰਤ ਨੇ ਦਾਨ 'ਚ ਉਸ ਵੇਲੇ ਵੈਕਸੀਨ ਦਿੱਤੀ ਸੀ, ਜਦੋਂ ਇਸ ਦੀ ਜ਼ਰੂਰਤ ਸਭ ਤੋਂ ਜ਼ਿਆਦਾ ਸੀ। ਸੰਯੁਕਤ ਰਾਸ਼ਟਰ 'ਚ ਵੈਕਸੀਨ ਦੇਣ ਦਾ ਐਲਾਨ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪਿਛਲੇ ਸਾਲ ਫਰਵਰੀ 'ਚ ਕੀਤਾ ਸੀ। ਉਸ ਤੋਂ ਬਾਅਦ ਮਾਰਚ 'ਚ ਹੀ ਵੈਕਸੀਨ ਦੀ ਸਪਲਾਈ ਕਰ ਦਿੱਤੀ ਗਈ।

ਭਾਰਤ ਤੋਂ ਮਿਲੀ ਵੈਕਸੀਨ ਸਾਰੇ ਸ਼ਾਂਤੀ ਸੈਨਿਕਾਂ ਨੂੰ ਲਗਾ ਦਿੱਤੀ ਗਈ ਹੈ। ਹੁਣ ਚੀਨ ਤੋਂ ਵੈਕਸੀਨ ਮੰਗਵਾਈ ਗਈ ਹੈ। ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ 'ਚ ਸਭ ਤੋਂ ਵੱਧ ਭਾਰਤ ਦਾ ਯੋਗਦਾਨ ਰਹਿੰਦਾ ਹੈ। ਦੁਜਾਰਿਕ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਦੇ ਸਾਰੇ ਮੁਲਾਜ਼ਮਾਂ, ਸ਼ਾਂਤੀ ਸੈਨਿਕਾਂ ਤੇ ਯੋਜਨਾਵਾਂ ਨੂੰ ਲਾਗੂ ਕਰਨ ਵਾਲੇ ਸਹਿਯੋਗੀਆਂ ਲਈ ਵੈਕਸੀਨ ਉਪਲਬਧ ਕਰਵਾਉਣ ਦੀ ਮੁਹਿੰਮ ਜਾਰੀ ਰੱਖੀ ਜਾਵੇਗੀ।

Posted By: Jatinder Singh