ਸਾਨ ਫਰਾਂਸਿਸਕੋ : ਫੇਸਬੁੱਕ ਇੰਕ, ਇੰਸਟਾਗ੍ਰਾਮ, ਵ੍ਹਟਸਐਪ ਅਤੇ ਮੈਸੰਜਰ ਦੀ ਵਰਤੋਂ 'ਚ ਬੁੱਧਵਾਰ ਤੋਂ ਆ ਰਹੀ ਪਰੇਸ਼ਾਨੀ ਵੀਰਵਾਰ ਨੂੰ ਦੁਨੀਆ ਭਰ ਵਿਚ ਫੈਲ ਗਈ। ਵੱਡੀ ਗਿਣਤੀ 'ਚ ਪਰੇਸ਼ਾਨ ਫੇਸਬੁੱਕ ਯੂਜ਼ਰਸ ਨੇ ਇਸ ਨੂੰ ਲੈ ਕੇ ਟਵਿੱਟਰ 'ਤੇ ਜੰਮ ਕੇ ਭੜਾਸ ਕੱਢੀ। ਹਾਲਾਂਕਿ ਵੀਰਵਾਰ ਸਵੇਰੇ ਟਵਿੱਟਰ 'ਤੇ ਇੰਸਟਾਗ੍ਰਾਮ ਨੇ ਪਰੇਸ਼ਾਨੀ ਖ਼ਤਮ ਹੋਣ ਦੀ ਜਾਣਕਾਰੀ ਦਿੱਤੀ ਪ੍ਰੰਤੂ ਬਾਕੀ ਐਪ ਦੀ ਸਮੱਸਿਆ ਬਰਕਰਾਰ ਸੀ। ਉਧਰ ਫੇਸਬੁੱਕ ਨੇ ਕਿਸੇ ਵੀ ਪ੍ਰਕਾਰ ਦੇ ਸਾਈਬਰ ਹਮਲੇ ਤੋਂ ਇਨਕਾਰ ਕੀਤਾ ਹੈ। ਹਾਲ ਹੀ ਦੇ ਦਿਨਾਂ ਵਿਚ ਫੇਸਬੁੱਕ ਅਤੇ ਇਸ ਦੀ ਸੋਸ਼ਲ ਨੈੱਟਵਰਕ ਐਪ 'ਚ ਆਈ ਇਹ ਸਭ ਤੋਂ ਲੰਬੀ ਤਕਨੀਕੀ ਦਿੱਕਤ ਮੰਨੀ ਜਾ ਰਹੀ ਹੈ।

ਵੈੱਬਸਾਈਟ ਡਾਊਨਡਿਟੈਕਟਰ ਅਨੁਸਾਰ ਅਮਰੀਕਾ, ਜਾਪਾਨ ਅਤੇ ਯੂਰਪ ਦੇ ਕੁੱਝ ਹਿੱਸਿਆਂ ਦੇ ਯੂਜ਼ਰਸ ਨੂੰ ਜ਼ਿਆਦਾ ਦਿੱਕਤਾਂ ਆਈਆਂ। ਸਭ ਤੋਂ ਜ਼ਿਆਦਾ ਵਰਤੋਂ ਹੋਣ ਵਾਲੇ ਸਮੇਂ 'ਚ ਕਰੀਬ 12 ਹਜ਼ਾਰ ਯੂਜ਼ਰਸ ਨੂੰ ਇਹ ਦਿੱਕਤਾਂ ਆਈਆਂ ਜਿਨ੍ਹਾਂ ਦੀ ਗਿਣਤੀ ਬਾਅਦ 'ਚ ਸੈਂਕੜਿਆਂ 'ਚ ਰਹਿ ਗਈ। ਇੰਸਟਾਗ੍ਰਾਮ ਨੂੰ ਛੱਡ ਕੇ ਹੋਰ ਐਪ 'ਤੇ ਇਹ ਦਿੱਕਤ ਕਰੀਬ 17 ਘੰਟੇ ਤੋਂ ਜ਼ਿਆਦਾ ਸਮੇਂ ਤੋਂ ਬਰਕਰਾਰ ਹੈ। ਇਸ ਤੋਂ ਨਾਰਾਜ਼ ਦੁਨੀਆ ਭਰ ਦੇ ਹਜ਼ਾਰਾਂ ਲੋਕਾਂ ਨੇ ਟਵਿੱਟਰ 'ਤੇ ਭੜਾਸ ਕੱਢੀ। ਕੁਝ ਲੋਕਾਂ ਨੇ ਤਾਂ ਚੁਟਕਲਿਆਂ ਅਤੇ ਮੀਮ (ਕਿਸੇ ਦੀ ਨਕਲ ਕਰਨ ਵਾਲਾ ਵੀਡੀਓ) ਰਾਹੀਂ ਹੀ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ।

ਜਲਦੀ ਹੀ ਫੇਸਬੁੱਕ ਨੇ ਆਪਣੇ ਟਵਿੱਟਰ ਹੈਡਲ ਰਾਹੀਂ ਸਾਫ਼ ਕੀਤਾ ਕਿ ਇਹ ਰੁਕਾਵਟ ਉਨ੍ਹਾਂ ਦੇ ਨੈੱਟਵਰਕ 'ਤੇ ਹਮਲਾ ਨਹੀਂ ਹੈ। ਇਹ ਡਿਸਟ੍ਰੀਬਿਊਟਿਡ ਡਿਨਾਇਲ ਆਫ ਸਰਵਿਸ (ਡੀਡੀਓਐੱਸ) ਹਮਲਾ ਨਹੀਂ ਹੈ। ਡੀਡੀਓਐੱਸ ਵਿਚ ਹੈਕਰ ਨੈੱਟਵਰਕ 'ਤੇ ਕਬਜ਼ਾ ਕਰ ਕੇ ਉਸ ਦੀ ਗਤੀ ਹੌਲੀ ਕਰ ਦਿੰਦੇ ਹਨ। ਉਸ ਨੇ ਕਿਹਾ ਕਿ ਅਸੀਂ ਇਸ ਸਮੱਸਿਆ ਨੂੰ ਸੁਲਝਾਉਣ ਵਿਚ ਲੱਗੇ ਹਾਂ। ਸਾਨੂੰ ਉਮੀਦ ਹੈ ਕਿ ਇਸ ਨੂੰ ਜਲਦੀ ਤੋਂ ਜਲਦੀ ਸੁਲਝਾ ਲਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਅਮਰੀਕਾ ਦੀ ਦਿੱਗਜ ਸੋਸ਼ਲ ਨੈੱਟਵਰਕ ਕੰਪਨੀ ਫੇਸਬੁੱਕ ਕੋਲ ਦੁਨੀਆ ਭਰ ਵਿਚ ਦੋ ਅਰਬ ਤੋਂ ਜ਼ਿਆਦਾ ਯੂਜ਼ਰਸ ਹਨ। ਪਿਛਲੇ ਸਾਲ ਨਵੰਬਰ ਵਿਚ ਵੀ ਫੇਸਬੁੱਕ ਦੀ ਵਰਤੋਂ ਵਿਚ ਦਿੱਕਤਾਂ ਆਈਆਂ ਸਨ। ਤਦ ਇਸ ਨੂੰ 'ਨੈੱਟਵਰਕ ਇਸ਼ੂ' ਦੱਸਿਆ ਗਿਆ ਸੀ।