ਨਿਊਯਾਰਕ (ਏਜੰਸੀਆਂ) : ਅਮਰੀਕਾ 'ਚ ਸਿਆਹਫਾਮ ਵਿਅਕਤੀ ਜਾਰਜ ਫਲਾਇਡ ਦੀ ਮੌਤ ਅਤੇ ਪੁਲਿਸ ਹੱਥੋਂ ਹੋਰ ਸਿਆਹਫਾਮ ਲੋਕਾਂ ਦੀ ਹੱਤਿਆ ਦੇ ਵਿਰੋਧ ਵਿਚ ਚੱਲ ਰਹੇ ਪ੍ਰਦਰਸ਼ਨਾਂ ਦੀ ਅੱਗ ਸ਼ਨਿਚਰਵਾਰ ਨੂੰ ਨਿਊਯਾਰਕ ਤੋਂ ਲੈ ਕੇ ਟੁਲਸਾ ਅਤੇ ਲਾਸ ਏਂਜਲਸ ਤਕ ਫੈਲ ਗਈ। ਨਿਊਯਾਰਕ 'ਚ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀਆਂ ਕਈ ਗੱਡੀਆਂ ਵਿਚ ਅੱਗ ਲਗਾ ਦਿੱਤੀ। ਕਾਰਵਾਈ ਕਰਦੇ ਹੋਏ ਪੁਲਿਸ ਨੇ ਸੈਂਕੜੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਉਧਰ, ਇੰਡੀਆਪੋਲਿਸ 'ਚ ਲਗਾਤਾਰ ਦੂਜੇ ਦਿਨ ਪ੍ਰਦਰਸ਼ਨਕਾਰੀਆਂ ਵੱਲੋਂ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਕਾਰੋਬਾਰੀ ਅਦਾਰਿਆਂ ਨੂੰ ਅੱਗ ਹਵਾਲੇ ਕਰਨ ਦਾ ਸਿਲਸਿਲਾ ਜਾਰੀ ਰਿਹਾ। ਇੱਥੇ ਪ੍ਰਦਰਸ਼ਨ ਦੌਰਾਨ ਹੋਈ ਫਾਇਰਿੰਗ 'ਚ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਪੁਲਿਸ ਹੁਣ ਇਨ੍ਹਾਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ। ਸੋਸ਼ਲ ਮੀਡੀਆ 'ਤੇ ਪੋਸਟ ਵੀਡੀਓ 'ਚ ਪ੍ਰਦਰਸ਼ਨਕਾਰੀ ਮੈਨਹੱਟਨ, ਟਾਈਮ ਸਕੁਵੇਅਰ ਦੇ ਫਿਫਥ ਐਵੇਨਿਊ ਸਥਿਤ ਟਰੰਪ ਟਾਵਰ, ਕੋਲੰਬਸ ਸਰਕਲ 'ਤੇ ਇਕੱਠੇ ਹੋ ਕੇ ਫਲਾਇਡ ਦੀ ਮੌਤ ਦਾ ਵਿਰੋਧ ਕਰਦੇ ਦਿਖਾਈ ਦੇ ਰਹੇ ਹਨ। ਇਕ ਵੀਡੀਓ 'ਚ ਨਿਊਯਾਰਕ ਸ਼ਹਿਰ 'ਚ ਅਧਿਕਾਰੀ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕਰਦੇ ਅਤੇ ਉਨ੍ਹਾਂ ਨੂੰ ਖਦੇੜਦੇ ਹੋਏ ਦਿਖਾਈ ਦੇ ਰਹੇ ਹਨ, ਜਦਕਿ ਇਕ ਹੋਰ ਵੀਡੀਓ 'ਚ ਨਿਊਯਾਰਕ ਪੁਲਿਸ ਵਿਭਾਗ ਦੀਆਂ ਦੋ ਕਾਰਾਂ ਪ੍ਰਦਰਸ਼ਨਕਾਰੀਆਂ ਵੱਲ ਵਧਦੀਆਂ ਦਿਖਾਈ ਦਿੱਤੀਆਂ, ਜਿਹੜੇ ਇਕ ਰੁਕਾਵਟ ਨੂੰ ਹਟਾ ਰਹੇ ਸਨ ਅਤੇ ਉਸ 'ਤੇ ਸਾਮਾਨ ਸੁੱਟ ਰਹੇ ਸਨ। ਯੂਨੀਅਨ ਸਕੁਵੇਅਰ ਨੇੜੇ ਇਕ ਵੱਡੇ ਵਾਹਨ ਨੂੰ ਵੀ ਅੱਗ ਹਵਾਲੇ ਕਰਨ ਦੀ ਘਟਨਾ ਸਾਹਮਣੇ ਆਈ ਹੈ। ਨਿਊਯਾਰਕ ਦੇ ਮੇਅਰ ਬਿਲ ਡੀ ਬਲਾਸੀਓ ਨੇ ਬ੍ਰੂਕਲਿਨ 'ਚ ਹੋਏ ਪ੍ਰਦਰਸ਼ਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੁਝ ਲੋਕ ਸ਼ਾਂਤੀਪੂਰਨ ਪ੍ਰਦਰਸ਼ਨ ਲਈ ਆਏ ਸਨ, ਪਰ ਦੂਜੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਹਿੰਸਾ ਲਈ ਭੜਕਾਇਆ। ਉਨ੍ਹਾਂ ਕਿਹਾ, 'ਪ੍ਰਦਰਸ਼ਨ ਨਾਲ ਸਬੰਧਤ ਕੁਝ ਵੀਡੀਓ ਦੇਖੇ ਹਨ। ਇਹ ਸ਼ਹਿਰ ਦੀ ਵਿਚਾਰਧਾਰਾ ਅਤੇ ਕਦਰਾਂ-ਕੀਮਤਾਂ ਦੀ ਨੁਮਾਇੰਦਗੀ ਨਹੀਂ ਕਰਦੇ ਹਨ। ਨਿਊਯਾਰਕ ਸੂਬੇ ਦੇ ਗਵਰਨਰ ਐਂਡਰਿਊ ਕੁਓਮੋ ਨੇ ਕਿਹਾ, 'ਅਮਰੀਕਾ ਦਾ ਇਤਿਹਾਸ ਨਸਲਵਾਦ ਅਤੇ ਵਿਤਕਰੇ ਨਾਲ ਭਰਿਆ ਪਿਆ ਹੈ। ਇਹੀ ਸੱਚਾਈ ਹੈ। ਮੈਂ ਪ੍ਰਦਰਸ਼ਨਕਾਰੀਆਂ ਨਾਲ ਖੜ੍ਹਾ ਹਾਂ ਪਰ ਹਿੰਸਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ।' ਕੁਓਮੋ ਨੇ ਕਿਹਾ ਕਿ ਉਨ੍ਹਾਂ ਨਿਊਯਾਰਕ ਦੇ ਅਟਾਰਨੀ ਜਨਰਲ ਨਾਲ ਗੱਲ ਕੀਤੀ ਹੈ ਅਤੇ ਪ੍ਰਦਰਸ਼ਨ ਦੌਰਾਨ ਲੋਕਾਂ ਵੱਲੋਂ ਕੀਤੀ ਗਈ ਹਿੰਸਾ ਅਤੇ ਪੁਲਿਸ ਵੱਲੋਂ ਚੁੱਕੇ ਗਏ ਕਦਮਾਂ ਦੀ ਸੁਤੰਤਰ ਜਾਂਚ ਕਰਨ ਲਈ ਕਿਹਾ ਹੈ। ਉਧਰ, ਲਾਸ ਏਂਜਲਸ 'ਚ ਹੋਏ ਇਕ ਪ੍ਰਦਰਸ਼ਨ ਵਿਚ ਹਿੱਸਾ ਲੈ ਰਹੇ ਹਾਲੀਵੁੱਡ ਅਦਾਕਾਰ ਕੈਂਡ੍ਰਿਕ ਸੈਂਪਸਨ ਨੂੰ ਪੁਲਿਸ ਵੱਲੋਂ ਕੁੱਟੇ ਜਾਣ ਅਤੇ ਰਬੜ ਦੀਆਂ ਗੋਲ਼ੀਆਂ ਮਾਰੇ ਜਾਣ ਦੀ ਗੱਲ ਸਾਹਮਣੇ ਆਈ ਹੈ।


ਪ੍ਰਦਰਸ਼ਨਕਾਰੀਆਂ ਦੇ ਨਿਸ਼ਾਨੇ 'ਤੇ ਮੀਡੀਆ ਦੇ ਲੋਕ

ਪੂਰੇ ਅਮਰੀਕਾ 'ਚ ਹੋ ਰਹੇ ਪ੍ਰਦਰਸ਼ਨਾਂ ਦੌਰਾਨ ਹਿੰਸਾ 'ਤੇ ਉਤਾਰੂ ਭੀੜ ਦੇ ਨਿਸ਼ਾਨੇ 'ਤੇ ਮੁੱਖ ਰੂਪ ਨਾਲ ਮੀਡੀਆ ਦੇ ਲੋਕ ਹਨ। ਸ਼ਨਿਚਰਵਾਰ ਨੂੰ ਵ੍ਹਾਈਟ ਹਾਊਸ ਬਾਹਰ ਪ੍ਰਦਰਸ਼ਨਕਾਰੀਆਂ ਨੇ ਫਾਕਸ ਨਿਊਜ਼ ਦੇ ਇਕ ਰਿਪੋਰਟਰ ਲੇਲੈਂਡ ਵਿਟਰੇਟ ਦੀ ਕੁੱਟਮਾਰ ਕਰ ਦਿੱਤੀ। ਹਮਲੇ ਤੋਂ ਪਰੇਸ਼ਾਨ ਵਿਟਰੇਟ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਮੀਡੀਆ ਆਰਗੇਨਾਈਜੇਸ਼ਨ ਦੀ ਵਜ੍ਹਾ ਨਾਲ ਨਿਸ਼ਾਨਾ ਬਣਾਇਆ ਗਿਆ ਹੈ। ਸ਼ਨਿਚਰਵਾਰ ਨੂੰ ਹੀ ਕੋਲੰਬੀਆ ਵਿਚ ਟੀਵੀ ਰਿਪੋਰਟਰ 'ਤੇ ਇੱਟਾਂ ਨਾਲ ਹਮਲਾ ਕੀਤਾ ਗਿਆ ਸੀ, ਜਦਕਿ ਮਿਨੀਪੋਲਿਸ ਵਿਚ ਤਾਂ ਇਕ ਪੱਤਰਕਾਰ ਦੀ ਲੱਤ 'ਚ ਰਬੜ ਦੀ ਇਕ ਗੋਲ਼ੀ ਆ ਕੇ ਲੱਗੀ ਸੀ।


ਫਲੋਰੀਡਾ 'ਚ ਪ੍ਰਦਰਸ਼ਨਕਾਰੀਆਂ ਦੀ ਭੀੜ 'ਚ ਪਿਕਅਪ ਟਰੱਕ ਵੜਿਆ

ਫਲੋਰੀਡਾ ਦੇ ਟਾਲਹਾਸੀ ਵਿਚ ਸ਼ਨਿਚਰਵਾਰ ਨੂੰ ਪ੍ਰਦਰਸ਼ਨਕਾਰੀਆਂ ਦੀ ਭੀੜ 'ਚ ਇਕ ਪਿਕਅਪ ਟਰੱਕ ਵੜ ਗਿਆ ਜਿਸ ਨਾਲ ਲੋਕਾਂ ਵਿਚ ਭਾਜੜ ਮਚ ਗਈ। ਹਾਲਾਂਕਿ ਇਕ ਵੱਡਾ ਹਾਦਸਾ ਟਲ਼ ਗਿਆ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਟਰੱਕ ਆਵਾਜਾਈ ਬੱਤੀ 'ਤੇ ਰੁਕਿਆ ਤਾਂ ਪ੍ਰਦਰਸ਼ਨਕਾਰੀ ਉਸ ਦੇ ਆਲੇ-ਦੁਆਲੇ ਇਕੱਠੇ ਹੋ ਗਏ, ਕੁਝ ਲੋਕ ਤਾਂ ਵਾਹਨ ਚਾਲਕ ਨਾਲ ਗੱਲ ਕਰਨ ਲੱਗੇ। ਇਸ ਤੋਂ ਬਾਅਦ ਇਕ ਹੋਰ ਵੀਡੀਓ 'ਚ ਦਿਸਿਆ ਕਿ ਟਰੱਕ ਦੀ ਖਿੜਕੀ 'ਤੇ ਇਕ ਬੋਤਲ ਮਾਰੀ ਗਈ ਅਤੇ ਟਰੱਕ ਦੀ ਰਫ਼ਤਾਰ ਅਚਾਨਕ ਨਾਲ ਵਧ ਗਈ ਅਤੇ ਹਫੜਾ-ਦਫੜੀ 'ਚ ਲੋਕ ਇਕ ਪਾਸੇ ਹੋ ਗਏ। ਇਸ ਘਟਨਾ ਵਿਚ ਕੋਈ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਨਹੀਂ ਹੋਇਆ ਹੈ।

Posted By: Susheel Khanna