ਵਾਸ਼ਿੰਗਟਨ (ਪੀਟੀਆਈ) : ਭਾਰਤ ਦੀ ਜਨਤਾ ਅਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ 'ਚ ਚੋਣਾਂ ਦੀ ਨਿਰਪੱਖਤਾ ਅਤੇ ਈਮਾਨਦਾਰੀ ਦੀ ਸ਼ਲਾਘਾ ਕਰਦੇ ਹੋਏ ਅਮਰੀਕਾ ਨੇ ਕਿਹਾ ਹੈ ਕਿ ਚਾਹੇ ਜੋ ਵੀ ਜਿੱਤੇ ਉਹ ਉਸ ਦੇ ਨਾਲ ਮਿਲ ਕੇ ਕੰਮ ਕਰੇਗਾ। ਲੋਕ ਸਭਾ ਚੋਣ ਲਈ 90 ਕਰੋੜ ਯੋਗ ਵੋਟਰਾਂ ਨੇ ਵੋਟਿੰਗ ਵਿਚ ਹਿੱਸਾ ਲਿਆ। 543 ਸੀਟਾਂ ਵਿਚੋਂ 542 ਲਈ ਹੋਈ ਚੋਣ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਜ਼ਾਦ ਸਹਿਤ 8000 ਤੋਂ ਜ਼ਿਆਦਾ ਉਮੀਦਵਾਰ ਚੋਣ ਮੈਦਾਨ ਵਿਚ ਸਨ।

ਵਿਦੇਸ਼ ਮੰਤਰਾਲੇ ਦੀ ਤਰਜਮਾਨ ਮੋਰਗਨ ਓਰਤਾਗਸ ਨੇ ਇਥੇ ਕਿਹਾ ਕਿ ਮੈਂ ਅਮਰੀਕਾ ਦੇ ਨਜ਼ਰੀਏ ਨਾਲ ਕਹਾਂਗੀ ਕਿ ਸਾਨੂੰ ਭਾਰਤੀ ਚੋਣ ਪ੍ਰਕਿਰਿਆ ਦੀ ਈਮਾਨਦਾਰੀ ਅਤੇ ਨਿਰਪੱਖਤਾ 'ਤੇ ਪੂਰਾ ਭਰੋਸਾ ਹੈ ਅਤੇ ਚਾਹੇ ਕੋਈ ਵੀ ਜਿੱਤੇ ਜਾਂ ਜੋ ਵੀ ਨਤੀਜਾ ਆਏ, ਅਸੀਂ ਉਨ੍ਹਾਂ ਨਾਲ ਮਿਲ ਕੇ ਕੰਮ ਕਰਾਂਗੇ। ਇਸ ਵਿਸ਼ਾਲ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਣ ਤਰੀਕੇ ਨਾਲ ਸੰਪੂਰਣ ਕਰਾਉਣ ਲਈ ਉਨ੍ਹਾਂ ਨੇ ਭਾਰਤ ਅਤੇ ਦੇਸ਼ ਦੀ ਜਨਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਨੇ ਮੈਨੂੰ ਅੱਜ ਦੱਸਿਆ ਕਿ ਭਾਰਤ ਦੀ ਚੋਣ ਪ੍ਰਕਿਰਿਆ ਮਨੁੱਖੀ ਇਤਿਹਾਸ ਵਿਚ ਸਭ ਤੋਂ ਵੱਡੀ ਲੋਕਤੰਤ੍ਰਿਕ ਪ੍ਰਕਿਰਿਆ ਹੈ। 'ਵਾਸ਼ਿੰਗਟਨ ਪੋਸਟ' ਨੇ ਬੁੱਧਵਾਰ ਨੂੰ ਕਿਹਾ ਸੀ ਕਿ ਭਾਰਤੀ ਚੋਣ ਦੁਨੀਆ 'ਚ ਸਭ ਤੋਂ ਵੱਡੀ ਲੋਕਤੰਤ੍ਰਿਕ ਪ੍ਰਕਿਰਿਆ ਹੈ।