ਵਾਸ਼ਿੰਗਟਨ (ਏਐੱਨਆਈ) : ਤਾਲਿਬਾਨ ਨਾਲ ਸਮਝੌਤੇ 'ਤੇ ਅਮਲ ਕਰਦੇ ਹੋਏ ਅਮਰੀਕਾ ਨੇ ਅਫ਼ਗਾਨਿਸਤਾਨ ਦੇ ਪੰਜ ਟਿਕਾਣਿਆਂ ਤੋਂ ਆਪਣੇ ਫ਼ੌਜੀਆਂ ਨੂੰ ਵਾਪਸ ਸੱਦ ਲਿਆ ਹੈ। ਇਸ ਜ਼ਰੀਏ ਅਮਰੀਕਾ ਨੇ ਇੱਥੇ ਫ਼ੌਜੀਆਂ ਦੀ ਤਾਇਨਾਤੀ ਘਟਾਈ ਹੈ।

ਪੇਂਟਾਗਨ ਦੇ ਬੁਲਾਰੇ ਜੋਨਾਥਨ ਹਾਫਮੈਨ ਨੇ ਮੰਗਲਵਾਰ (ਸਥਾਨਕ ਸਮੇਂ ਮੁਤਾਬਕ) ਨੂੰ ਦੱਸਿਆ ਕਿ ਬੀਤੀ 29 ਫਰਵਰੀ ਨੂੰ ਤਾਲਿਬਾਨ ਨਾਲ ਹੋਏ ਸਮਝੌਤੇ ਵਿਚ ਅਮਰੀਕਾ ਨੇ ਫ਼ੌਜੀਆਂ ਦੀ ਤਾਦਾਦ 8,600 ਤਕ ਘੱਟ ਕਰਨ ਦਾ ਵਾਅਦਾ ਕੀਤਾ ਸੀ। 135 ਦਿਨ ਬਾਅਦ ਇਹ ਵਾਅਦਾ ਪੂਰਾ ਹੋਇਆ। ਅਮਰੀਕਾ ਨੇ ਆਪਣੇ ਕੰਟਰੋਲ ਵਾਲੇ ਪੰਜ ਫ਼ੌਜੀ ਟਿਕਾਣੇ ਅਫ਼ਗਾਨ ਸਹਿਯੋਗੀਆਂ ਨੂੰ ਸੌਂਪ ਦਿੱਤੇ ਹਨ। ਇਸ ਨਾਲ ਅਫ਼ਗਾਨਿਸਤਾਨ ਵਿਚ ਅਮਰੀਕੀ ਫ਼ੌਜੀਆਂ ਦੀ ਗਿਣਤੀ ਤਕਰੀਬਨ 8000 ਰਹਿ ਜਾਵੇਗੀ।

ਹਾਫਮੈਨ ਨੇ ਕਿਹਾ ਕਿ ਅਫ਼ਗਾਨਿਸਤਾਨ ਵਿਚ ਮੌਜੂਦ ਅਮਰੀਕੀ ਫ਼ੌਜ ਹੁਣ ਗਿਣਤੀ ਦਾ ਨਹੀਂ, ਸਮਰੱਥਾ ਦਾ ਖ਼ਿਆਲ ਰੱਖੇਗੀ। ਅਸੀਂ ਆਪਣੀ ਅਤੇ ਆਪਣੇ ਸਹਿਯੋਗੀਆਂ ਅਤੇ ਅਮਰੀਕੀ ਹਿੱਤਾਂ ਦੀ ਹਿਫ਼ਾਜਤ ਲਈ ਜ਼ਰੂਰੀ ਫ਼ੌਜੀ ਸਮਰੱਥਾ ਬਣਾਏ ਰੱਖਾਂਗੇ। ਇਸ ਬਿਆਨ ਵਿਚ ਅਲਕਾਇਦਾ ਤੋਂ ਤਾਲਿਬਾਨ ਦੇ ਜੁੜਨ 'ਤੇ ਕੁਝ ਨਹੀਂ ਕਿਹਾ ਗਿਆ, ਜਿਵੇਂ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਅਮਰੀਕੀ ਰੱਖਿਆ ਵਿਭਾਗ ਦੀ ਰਿਪੋਰਟ ਵਿਚ ਜ਼ਿਕਰ ਕੀਤਾ ਗਿਆ ਸੀ।