ਵਾਸ਼ਿੰਗਟਨ (ਏਜੰਸੀਆਂ) : ਅਮਰੀਕਾ, ਬਰਤਾਨੀਆ, ਇਜ਼ਰਾਈਲ, ਕੈਨੇਡਾ ਤੇ ਸਿੰਘਾਪੁਰ ਸਮੇਤ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਉਤਰ-ਪੂਰਬੀ ਭਾਰਤ 'ਚ ਯਾਤਰਾ ਸਮੇਂ ਚੌਕਸ ਰਹਿਣ ਲਈ ਕਿਹਾ ਹੈ।

ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਉਤਰ-ਪੂਰਬੀ ਭਾਰਤ 'ਚ ਇਸ ਸਮੇਂ ਚੱਲ ਰਹੇ ਹਿੰਸਕ ਪ੍ਰਦਰਸ਼ਨਾਂ ਨੂੰ ਦੇਖਦਿਆਂ ਇਨ੍ਹਾਂ ਦੇਸ਼ਾਂ ਨੇ ਆਪਣੇ ਨਾਗਰਿਕਾਂ ਲਈ ਯਾਤਰਾ ਐਡਵਾਇਜ਼ਰੀ ਜਾਰੀ ਕੀਤੀ ਹੈ। ਅਮਰੀਕੀ ਸਰਕਾਰ ਨੇ ਪ੍ਰਦਰਸ਼ਨ ਦੇ ਮੁੱਖ ਕੇਂਦਰ ਅਸਾਮ ਲਈ ਅਧਿਕਾਰਤ ਯਾਤਰਾਵਾਂ ਅਸਥਾਈ ਤੌਰ 'ਤੇ ਟਾਲ ਦਿੱਤੀਆਂ ਹਨ।

ਐਡਵਾਇਜ਼ਰੀ 'ਚ ਕਿਹਾ ਹੈ ਕਿ ਅਮਰੀਕੀ ਨਾਗਰਿਕਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਤੋਂ ਬਾਅਦ ਉਤਰ-ਪੁਰਬੀ ਸੂਬਿਆਂ 'ਚ ਹਿੰਸਕ ਪ੍ਰਦਰਸ਼ਨਾਂ ਕਾਰਨ ਚੌਕਸ ਰਹਿਣਾ ਚਾਹੀਦਾ ਹੈ। ਕੁਝ ਇਲਾਕਿਆਂ 'ਚ ਸਰਕਾਰ ਨੇ ਕਰਫਿਊ ਲਾ ਦਿੱਤਾ ਹੈ। ਇੰਟਰਨੈੱਟ ਤੇ ਮੋਬਾਈਲ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਨ੍ਹਾਂ ਇਲਾਕਿਆਂ 'ਚ ਆਵਾਜਾਈ 'ਤੇ ਪ੍ਰਦਰਸ਼ਨਾਂ ਦਾ ਅਸਰ ਪੈ ਸਕਦਾ ਹੈ।

ਅਮਰੀਕੀ ਸਫ਼ਾਰਤਖਾਨਾ ਨੇ ਉਤਰ-ਪੁਰਬੀ ਸੂਬਿਆਂ 'ਚ ਰਹਿ ਰਹੇ ਆਪਣੇ ਨਾਗਰਿਕਾਂ ਲਈ ਸਾਵਧਾਨੀਆਂ ਨੂੰ ਸੂਚੀਬੱਧ ਕੀਤਾ ਹੈ। ਉਨ੍ਹਾਂ ਨੇ ਪ੍ਰਦਰਸ਼ਨਾਂ ਤੇ ਅਸ਼ਾਂਤ ਇਲਾਕਿਆਂ 'ਚ ਜਾਣ ਤੋਂ ਬਚਣ, ਆਪਣੇ ਆਲੇ-ਦੁਆਲੇ ਦੀ ਸਥਿਤੀ ਤੋਂ ਜਾਣੂ ਰਹਿਣ ਤੇ ਹੋਰ ਲੋਕਾਂ ਵਿਚਾਲੇ ਤਾਲਮੇਲ ਬਣਾਈ ਰੱਖਣ ਲਈ ਕਿਹਾ ਹੈ।

ਬਰਤਾਨਵੀ ਸਰਕਾਰ ਨੇ ਭਾਰਤ ਦੀ ਯਾਤਰਾ ਕਰਨ ਵਾਲੇ ਆਪਣੇ ਨਾਗਰਿਕਾਂ ਨੂੰ ਉਤਰ-ਪੁਰਬੀ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਯਾਤਰਾ ਜ਼ਰੂਰੀ ਹੋਣ 'ਤੇ ਬਰਤਾਨਵੀ ਨਾਗਰਿਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਬਰਤਾਨੀਆ ਦੀ ਆਨਲਾਈਨ ਐਡਵਾਇਜ਼ਰੀ ਲਗਾਤਾਰ ਜੰਮੂ-ਕਸ਼ਮੀਰ ਦੀ ਯਾਤਰਾ ਨਾ ਕਰਨ ਦੀ ਸਲਾਹ ਦੇ ਰਹੀ ਹੈ।

ਸਿੰਘਾਪੁਰ ਦੇ ਵਿਦੇਸ਼ ਮੰਤਰਾਲੇ ਨੇ ਉਤਰ-ਪੁਰਬੀ ਭਾਰਤ ਲਈ ਨੋਟਿਸ ਜਾਰੀ ਕੀਤਾ ਹੈ। ਇਸ 'ਚ ਹਾਲਾਤ 'ਤੇ ਨਜ਼ਰ ਰੱਖਣ ਤੇ ਚੌਕਸੀ ਵਰਤਣ ਲਈ ਕਿਹਾ ਗਿਆ ਹੈ। ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਅਰੁਣਾਚਲ ਪ੍ਰਦੇਸ਼ ਅਸਾਮ, ਮਨੀਪੁਰ, ਮੇਘਾਲਿਆ, ਮਿਜ਼ੋਰਮ ਤੇ ਨਾਗਾਲੈਂਡ ਦੀ ਗ਼ੈਰ-ਕਾਨੂੰਨੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਜ਼ਰਾਈਲ ਨੇ ਆਪਣੇ ਨਾਗਰਿਕਾਂ ਨੂੰ ਅਸਾਮ ਤੇ ਇਸ ਇਲਾਕਿਆਂ ਦੇ ਹੋਰ ਸੂਬਿਆਂ 'ਚ ਨਾ ਜਾਣ ਦੀ ਸਲਾਹ ਦਿੱਤੀ ਹੈ।