ਵਾਸ਼ਿੰਗਟਨ (ਏਜੰਸੀ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਫਿਰ ਅਫ਼ਗ਼ਾਨਿਸਤਾਨ ਤੋਂ ਆਪਣੇ ਫ਼ੌਜੀਆਂ ਨੂੰ ਵਾਪਸ ਬੁਲਾਉਣ ਦੀ ਗੱਲ ਕਹੀ। ਉਨ੍ਹਾਂ ਨੇ ਹਾਲਾਂਕਿ ਇਸਦੀ ਕੋਈ ਸਮਾਂ ਸੀਮਾ ਨਹੀਂ ਦੱਸੀ। ਟਰੰਪ ਨੇ ਵੀ ਸਾਫ਼ ਕੀਤਾ ਹੈ ਕਿ ਤਾਲਿਬਾਨ ਨਾਲ ਸ਼ਾਂਤੀ ਸਮਝੌਤੇ ਦੇ ਬਾਅਦ ਅਮਰੀਕੀ ਫ਼ੌਜੀ ਅਫ਼ਗ਼ਾਨਿਸਤਾਨ ਦੇ ਅੰਦਰੂਨੀ ਮਾਮਲਿਆਂ 'ਚ ਕਿਸੇ ਤਰ੍ਹਾਂ ਦਾ ਦਖ਼ਲ ਨਹੀਂ ਦੇਣਗੇ। ਤਾਲਿਬਾਨ ਨਾਲ ਨੌਂ ਦੌਰ ਦੀ ਵਾਰਤਾ ਤੋਂ ਬਾਅਦ ਟਰੰਪ ਨੇ ਪਿਛਲੇ ਸਾਲ ਸਤੰਬਰ 'ਚ ਇਕ ਆਤਮਘਾਤੀ ਹਮਲੇ 'ਚ ਅਮਰੀਕੀ ਫ਼ੌਜੀ ਦੀ ਮੌਤ ਦੇ ਬਾਅਦ ਗੱਲਬਾਤ ਰੋਕ ਦਿੱਤੀ ਸੀ। ਪਰ ਨਵੰਬਰ 'ਚ ਉਨ੍ਹਾਂ ਨੇ ਫਿਰ ਗੱਲਬਾਤ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।

ਅਮਰੀਕੀ ਸੰਸਦ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ, ਅਫਗਾਨਿਸਤਾਨ 'ਚ ਸਾਡੇ ਫ਼ੌਜੀਆਂ ਦੀਆਂ ਕੋਸ਼ਿਸ਼ਾਂ ਨਾਲ ਇਲਾਕੇ ਵਿਚ ਸਾਡੀ ਸਥਿਤੀ ਮਜ਼ਬੂਤ ਹੈ। ਤਾਲਿਬਾਨ ਨਾਲ ਸ਼ਾਂਤੀ ਵਾਰਤਾ ਚੱਲ ਰਹੀ ਹੈ। ਸਾਡੇ ਫ਼ੌਜੀ ਸਭ ਤੋਂ ਚੰਗੇ ਹਨ। ਉਹ ਜਾਂ ਤਾਂ ਜਿੱਤਣ ਲਈ ਲੜਦੇ ਹਨ ਜਾਂ ਫਿਰ ਬਿਲਕੁਲ ਨਹੀਂ ਲੜਨਾ ਚਾਹੁੰਦੇ। ਅਸੀਂ ਅਮਰੀਕਾ ਦੀ ਸਭ ਤੋਂ ਲੰਬੀ ਜੰਗ ਖਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਆਪਣੇ ਫ਼ੌਜੀਆਂ ਨੂੰ ਵਾਪਸ ਲਿਆਉਣਾ ਚਾਹੁੰਦੇ ਹਾਂ। ਅਫਗਾਨਿਸਤਾਨ 'ਚ ਹਾਲੇ ਅਮਰੀਕਾ ਦੇ ਕਰੀਬ 14 ਹਜ਼ਾਰ ਫ਼ੌਜੀ ਹਨ।

ਪੱਛਮੀ ਏਸ਼ੀਆ 'ਚ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਦੀ ਗੱਲ ਦੁਹਰਾਈ

ਰਾਸ਼ਟਰਪਤੀ ਟਰੰਪ ਨੇ ਪੱਛਮੀ ਏਸ਼ੀਆ 'ਚ ਚੱਲ ਰਹੀ ਜੰਗ ਖ਼ਤਮ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਤਿੰਨ ਸਾਲ ਪਹਿਲਾਂ ਆਈਐੱਸ ਦਾ ਇਰਾਕ ਤੇ ਸੀਰੀਆ ਦੇ ਕਰੀਬ 52 ਹਜ਼ਾਰ ਵਰਗ ਕਿਲੋਮੀਟਰ ਖੇਤਰ 'ਤੇ ਕਬਜ਼ਾ ਸੀ। ਪਰ ਅੱਜ ਆਈਐੱਸ ਸਰਗਨਾ ਬਗ਼ਦਾਦੀ ਮਾਰਿਆ ਜਾ ਚੁੱਕਿਆ ਹੈ। ਸਾਡੀ ਸਰਕਾਰ ਦੇਸ਼ ਦੀ ਰਾਸ਼ਟਰੀ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ ਹੀ ਕੱਟੜ ਇਸਲਾਮਿਕ ਅੱਤਵਾਦ ਦਾ ਵੀ ਡਟ ਕੇ ਮੁਕਾਬਲਾ ਕਰ ਰਹੀ ਹੈ।