ਵਾਸ਼ਿੰਗਟਨ (ਏਐੱਨਆਈ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਰੂਸ ਤੋਂ ਸੁਰੱਖਿਆ ਦੀ ਚਿੰਤਾ ਨੂੰ ਵੇਖਦੇ ਹੋਏ ਪੋਲੈਂਡ ਵਿਚ 1,000 ਹੋਰ ਅਮਰੀਕੀ ਫ਼ੌਜੀ ਤਾਇਨਾਤ ਕੀਤੇ ਜਾਣਗੇ। ਯੂਰਪੀ ਦੇਸ਼ ਪੋਲੈਂਡ ਵਿਚ ਫਿਲਹਾਲ 4,500 ਅਮਰੀਕੀ ਫ਼ੌਜੀ ਤਾਇਨਾਤ ਹਨ।

ਟਰੰਪ ਦੇ ਇਸ ਐਲਾਨ 'ਤੇ ਸਖ਼ਤ ਇਤਰਾਜ਼ ਪ੍ਰਗਟ ਕਰਦੇ ਹੋਏ ਰੂਸ ਦੇ ਐੱਮਪੀ ਵਲਾਦੀਮੀਰ ਦਹਾਬਰੋਵ ਨੇ ਖੁੱਲੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਰੂਸ 'ਤੇ ਹਮਲਾ ਹੋਇਆ ਤਾਂ ਜਵਾਬੀ ਹਮਲੇ ਵਿਚ ਪੋਲੈਂਡ ਨੂੰ ਬਰਬਾਦ ਕਰ ਦਿੱਤਾ ਜਾਏਗਾ। ਦਹਾਬਰੋਵ ਨੇ ਮਾਸਕੋ ਵਿਚ ਕਿਹਾ ਕਿ ਪੋਲੈਂਡ ਵਿਚ ਫ਼ੌਜੀਆਂ ਦੀ ਗਿਣਤੀ ਵਧਾਉਣ ਦੇ ਨਾਲ ਅਮਰੀਕਾ ਉੱਥੇ ਜਾਸੂਸੀ ਡਰੋਨ ਵੀ ਤਾਇਨਾਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ।

ਟਰੰਪ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਵਿਚ ਪੋਲੈਂਡ ਦੇ ਰਾਸ਼ਟਰਪਤੀ ਐਂਡ੍ਜੇਜ ਡੂਡਾ ਨਾਲ ਰਣਨੀਤਕ ਸਹਿਯੋਗ ਨਾਲ ਜੁੜੇ ਸਾਂਝੇ ਐਲਾਨਨਾਮੇ 'ਤੇ ਦਸਤਖ਼ਤ ਕੀਤੇ। ਇਸ ਪਿੱਛੋਂ ਪ੍ਰੈੱਸ ਕਾਨਫਰੰਸ ਵਿਚ ਟਰੰਪ ਨੇ ਦੱਸਿਆ ਕਿ ਪੋਲੈਂਡ, ਅਮਰੀਕਾ ਤੋਂ 32 ਉੱਨਤ ਐੱਫ-35 ਲੜਾਕੂ ਜਹਾਜ਼ ਖ਼ਰੀਦੇਗਾ। ਨਾਟੋ (ਉੱਤਰੀ ਐਟਲਾਂਟਿਕ ਸੰਧੀ ਸੰਗਠਨ) ਦੇ ਜਨਰਲ ਸਕੱਤਰ ਜੇਨਸ ਸਟੋਲੇਨਬਰਗ ਨੇ ਪੋਲੈਂਡ ਵਿਚ ਹੋਰ ਫ਼ੌਜੀਆਂ ਦੀ ਤਾਇਨਾਤੀ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਨਾਟੋ ਸਮਝੌਤੇ ਤਹਿਤ ਇਹ ਉਚਿਤ ਫ਼ੈਸਲਾ ਹੈ। ਪੋਲੈਂਡ 1999 ਵਿਚ ਨਾਟੋ ਨਾਲ ਜੁੜਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਪੋਲੈਂਡ ਆਪਣੀ ਜ਼ਮੀਨ 'ਤੇ ਅਮਰੀਕੀ ਫ਼ੌਜੀਆਂ ਦੀ ਸਥਾਈ ਤਾਇਨਾਤੀ ਚਾਹੁੰਦਾ ਹੈ ਅਤੇ ਇਸ ਲਈ ਉਹ ਦੋ ਅਰਬ ਡਾਲਰ (ਕਰੀਬ 14 ਹਜ਼ਾਰ ਕਰੋੜ ਰੁਪਏ) ਤਕ ਖ਼ਰਚ ਕਰਨ ਨੂੰ ਤਿਆਰ ਹੈ।