ਕੇਪ ਕੈਨੇਵਰਲ (ਏਪੀ) : ਅਮਰੀਕਾ ਦੇ ਦੋ ਪੁਲਾੜ ਯਾਤਰੀ ਹੁਣ ਵਾਪਸੀ ਦੀ ਤਿਆਰੀ ਕਰ ਰਹੇ ਹਨ। 45 ਸਾਲਾਂ ਪਿੱਛੋਂ ਕਿਸੇ ਪੁਲਾੜ ਵਾਹਨ ਦੀ ਸਮੁੰਦਰ 'ਚ ਲੈਂਡਿੰਗ ਹੋਵੇਗੀ। ਪੁਲਾੜ ਯਾਤਰੀਆਂ ਨੇ ਉਹ ਜੀਵਨ ਰੱਖਿਅਕ ਬੈਗ ਵੀ ਤਿਆਰ ਕਰ ਕੇ ਰੱਖਿਆ ਹੈ ਜੋ ਲੈਂਡਿੰਗ ਦੌਰਾਨ ਘਬਰਾਹਟ ਜਾਂ ਬੇਚੈਨੀ ਤੋਂ ਬਚਾਉਂਦਾ ਹੈ।

ਅਮਰੀਕੀ ਪੁਲਾੜ ਏਜੰਸੀ ਨਾਸਾ ਅਤੇ ਨਿੱਜੀ ਕੰਪਨੀ ਸਪੇਸ-ਐਕਸ ਨੇ ਡਗ ਹਰਲੇ ਅਤੇ ਬਾਬ ਬੇਨਕੇਨ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਵਾਪਸ ਬੁਲਾਉਣ ਦੀ ਤਿਆਰੀ ਪੂਰੀ ਕਰ ਲਈ ਹੈ। ਐਤਵਾਰ ਨੂੰ ਦੁਪਹਿਰ ਬਾਅਦ ਨਿੱਜੀ ਕੰਪਨੀ ਦੇ ਡ੍ਰੈਗਨ ਕੈਪਸੂਲ ਰਾਹੀਂ ਇਨ੍ਹਾਂ ਨੂੰ ਫਲੋਰੀਡਾ ਕੋਲ ਮੈਕਸੀਕੋ ਦੀ ਖਾੜੀ 'ਚ ਉਤਾਰਣ ਦੀ ਯੋਜਨਾ ਹੈ। ਇਸ ਦੇ ਮੱਦੇਨਜ਼ਰ ਉਸ ਤੂਫ਼ਾਨ 'ਤੇ ਨਜ਼ਰ ਰੱਖੀ ਜਾ ਰਹੀ ਹੈ ਜਿਸ ਦੇ ਫਲੋਰੀਡਾ ਦੇ ਪੂਰਬੀ ਤੱਟ ਨਾਲ ਟਕਰਾਉਣ ਦਾ ਖ਼ਦਸ਼ਾ ਹੈ।

ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਆਖਰੀ ਪ੍ਰਰੈੱਸ ਕਾਨਫਰੰਸ ਦੌਰਾਨ ਹਰਲੇ ਨੇ ਕਿਹਾ ਕਿ ਸਮੁੰਦਰ ਵਿਚ ਲੈਂਡਿੰਗ ਦੌਰਾਨ ਜੇਕਰ ਤਬੀਅਤ ਵਿਗੜਦੀ ਹੈ ਤਾਂ ਇਹ ਕੋਈ ਪਹਿਲੀ ਵਾਰ ਨਹੀਂ ਹੋਵੇਗਾ। 1970 ਦੇ ਦਹਾਕੇ ਵਿਚ ਨਾਸਾ ਦੇ ਪਹਿਲੇ ਸਪੇਸ ਸਟੇਸ਼ਨ ਸਕਾਈਲੈਬ ਤੋਂ ਜਦੋਂ ਪੁਲਾੜ ਯਾਤਰੀ ਪਰਤ ਰਹੇ ਸਨ, ਉਨ੍ਹਾਂ ਨੇ ਵੀ ਸਮੁੰਦਰ 'ਚ ਲੈਂਡਿੰਗ ਸਮੇਂ ਚੰਗਾ ਮਹਿਸੂਸ ਨਹੀਂ ਕੀਤਾ ਸੀ। ਹਰਲੇ ਨੇ ਕਿਹਾ ਕਿ ਡ੍ਰੈਗਨ ਕੈਪਸੂਲ 'ਚ ਮੌਜੂਦ ਸਾਰੇ ਹੰਗਾਮੀ ਤੇ ਹੋਰ ਯੰਤਰਾਂ ਦੀ ਠੀਕ ਤਰ੍ਹਾਂ ਜਾਂਚ ਕਰ ਲਈ ਗਈ ਹੈ। ਇੱਥੇ ਹਰ ਚੀਜ਼ ਠੀਕਠਾਕ ਹੈ ਇਸ ਲਈ ਸਾਨੂੰ ਉਮੀਦ ਹੈ ਕਿ ਸਮੁੰਦਰ ਵਿਚ ਲੈਂਡਿੰਗ ਦੌਰਾਨ ਕੁਝ ਅਲੱਗ ਨਹੀਂ ਹੋਵੇਗਾ।

2011 ਪਿੱਛੋਂ ਪਹਿਲੀ ਵਾਰ ਅਮਰੀਕਾ ਦਾ ਕੋਈ ਮਨੁੱਖੀ ਮਿਸ਼ਨ ਪੁਲਾੜ 'ਚ ਗਿਆ ਹੈ। ਨਾਸਾ ਨੇ ਕੈਨੇਡੀ ਸਪੇਸ ਸੈਂਟਰ ਤੋਂ 30 ਮਈ ਨੂੰ ਇਹ ਮਿਸ਼ਨ ਰਵਾਨਾ ਕੀਤਾ ਸੀ। ਪੁਲਾੜ ਯਾਤਰੀ 31 ਮਈ ਤੋਂ ਹੀ ਕੌਮਾਂਤਰੀ ਪੁਲਾੜ ਸਟੇਸ਼ਨ 'ਤੇ ਹਨ। ਇਸ ਦੌਰਾਨ ਪੁਲਾੜ ਵਿਚ ਸੈਰ ਕਰਨ ਦੇ ਇਲਾਵਾ ਇਨ੍ਹਾਂ ਨੇ ਕਈ ਤਜਰਬੇ ਵੀ ਕੀਤੇ ਹਨ।